ਨਾਟਕ ਤੇ ਰੰਗਮੰਚ ਦਾ ਧਰੂ ਤਾਰਾ ਸੀ ਪ੍ਰੋ. ਅਜਮੇਰ ਸਿੰਘ ਔਲਖ

ਪੰਜਾਬੀ ਨਾਟਕ ਤੇ ਰੰਗਮੰਚ ਦੇ ਖੇਤਰ ਦਾ ਜ਼ਿਕਰ ਕਰੀਏ ਤਾਂ ਪ੍ਰੋ. ਅਜਮੇਰ ਸਿੰਘ ਔਲਖ ਦਾ ਨਾਂਅ ਮੂਹਰਲੀਆਂ ਸਫਾਂ ਵਿੱਚ ੁਸ਼ੁਮਾਰ ਹੈ ਪੰਜਾਬੀ ਰੰਗਮੰਚ ਦੇ ਅੰਬਰ ਦੇ ਇਸ ਧਰੂ ਤਾਰੇ ਨੂੰ ਨਾਟਕ ਦੇ ਖੇਤਰ ਦਾ ਵੱਡਾ ਥੰਮ੍ਹ ਅਤੇ ਗੁਰਸ਼ਰਨ ਸਿੰਘ ਦੇ ਨਾਟਕਾਂ ਅਤੇ ਰੰਗਮੰਚ ਦਾ ਵਾਰਿਸ ਕਿਹਾ ਜਾ ਸਕਦਾ ਹੈ।

ਪ੍ਰੋ. ਔਲਖ ਦਾ ਜਨਮ 19 ਅਗਸਤ, 1942 ਨੂੰ ਜਿਲ੍ਹਾ ਸੰਗਰੂਰ ਦੇ ਪਿੰਡ ਕੁੰਭੜਵਾਲ ਵਿਖੇ ਹੋਇਆ। ਇਹ ਪਿੰਡ ਰਿਆਸਤੀ ਪਿੰਡ ਸੀ ਉਸ ਵਕਤ ਦੂਜੀ ਵਿਸ਼ਵ ਜੰਗ ਲੱਗੀ ਹੋਈ ਸੀ। ਉਨ੍ਹਾਂ ਦੇ ਪਿਤਾ 1944-45 ਵਿੱਚ ਪਰਿਵਾਰ ਸਮੇਤ ਕੁੰਭੜਵਾਲ ਤੋਂ ਉੱਠ ਕੇ ਮਾਨਸਾ ਜਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਵਿਖੇ ਆ ਵੱਸੇ। ਪ੍ਰੋ. ਸਾਹਿਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਕਰਕੇ 1965 ਤੋਂ 2000 ਤੱਕ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਬਤੌਰ ਪੰਜਾਬੀ ਲੈਕਚਰਾਰ ਸੇਵਾਵਾਂ ਨਿਭਾਈਆਂ ਤੇ ਮਾਨਸਾ ਵਿਖੇ ਹੀ ਆਪਣਾ ਘਰ ਬਣਾ ਲਿਆ।  ਉਨ੍ਹਾਂ ਦੀ ਪਤਨੀ ਮਨਜੀਤ ਕੌਰ ਔਲਖ ਉਨ੍ਹਾਂ ਦਾ ਹਰ ਖੇਤਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਨਿਭਾਉਂਦੀ ਰਹੀ।

ਅੱਜ 15 ਜੂਨ ਨੂੰ ਉਨ੍ਹਾਂ ਦੀ ਪਹਿਲੀ ਬਰਸੀ ‘ਤੇ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੁਆਰਾ ਪੇਂਡੂ ਮਿਹਨਤਕਸ਼ ਗਰੀਬ ਕਿਸਾਨੀ ਦੇ ਜੀਵਨ ਦੀਆਂ ਅਣਦਿਸਦੀਆਂ ਪਰਤਾਂ ਨੂੰ ਫਰੋਲਦਿਆਂ ਤੇ ਮੰਚ ‘ਤੇ ਪੇਸ਼ ਕਰਨ ਦੇ ਦ੍ਰਿੜ ਜ਼ਜ਼ਬੇ ਨੂੰ ਸਲਾਮ ਕਰ ਰਹੇ ਹਾਂ। ਦੱਬੇ ਕੁਚਲੇ ਲੋਕਾਂ ਦੇ ਜੀਵਨ ਦੀਆਂ ਗੁੰਝਲਾਂ ਦੀ ਤੰਦ ਫੜਨ ਦੀ ਮੁਹਾਰਤ ਉਨ੍ਹਾਂ ਦੇ ਹਿੱਸੇ ਆਈ ਹੈ। ਬੇਗਾਨੇ ਬੋਹੜ ਦੀ ਛਾਂ (1981), ਅੰਨ੍ਹੇ ਨਿਸ਼ਾਨਚੀ (1983), ਸੱਤ ਬੇਗਾਨੇ (1987), ਝਨਾਂ ਦੇ ਪਾਣੀ(1977), ਇਸ਼ਕ ਬਾਝ ਨਮਾਜ ਦਾ ਹੱਜ ਨਾਹੀ (2004), (ਸਾਹਿਤ ਅਕਾਦਮੀ ਪੁਰਸਕ੍ਰਿਤ) ਆਦਿ ਉਨ੍ਹਾਂ ਦੇ ਸ਼ਾਹਕਾਰ ਨਾਟਕ ਹਨ।

ਇਨ੍ਹਾਂ ਵਿੱਚ ਮਾਲਵੇ ਦੀ ਦੱਬੀ ਕੁਚਲੀ ਕਿਸਾਨੀ ਦਾ ਚਿਤਰਨ, ਔਰਤ ਨਾਇਕਾ ਦਾ ਮਰਦਾਵੇਂ ਜ਼ੁਲਮ ਵਿਰੁੱਧ ਅਵਾਜ਼ ਉਠਾਉਣਾ, ਧਾਰਮਿਕ ਸੰਕੀਰਣਤਾ ਤੇ ਕੱਟੜਪੰਥੀ ਦੇ ਪ੍ਰਭਾਵ ਦੇ ਅਤਿ ਨੂੰ ਉਜਾਗਰ ਕਰਨਾ ਪ੍ਰਮੁੱਖ ਸਰੋਕਾਰ ਰਹੇ ਹਨ।  ਇੱਥੇ ਇਹ ਕਹਿਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਔਲਖ ਨੂੰ ਨਿਰੋਲ ਮਾਲਵਾ ਕੇਂਦਰਤ ਨਾਟਕਾਕਾਰ ਮੰਨ ਲੈਣਾ, ਸਦੀ ਨਾਟ ਚੇਤਨਾ ਨੂੰ ਘਟਾ ਕੇ ਵੇਖਣ ਦੀ ਗੁਸਤਾਖੀ ਹੋਵੇਗੀ, ਕਿਉਂਕਿ ਨਿਮਨ ਕਿਰਸਾਨੀ ਨੂੰ ਦਰਪੇਸ਼ ਮੁਸ਼ਕਲਾਂ, ਔਰਤਾਂ ‘ਤੇ ਜ਼ੁਲਮ, ਧਾਰਮਿਕ ਅਤਿਵਾਦ ਆਦਿ ਇਹ ਵਿਸ਼ਵ-ਵਿਆਪੀ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਔਲਖ ਨੇ ਆਪਣੇ ਨਾਟਕਾਂ ਵਿੱਚ ਨਾ ਸਿਰਫ ਸ਼ਿੱਦਤ ਨਾਲ ਉਭਾਰਿਆ ਸਗੋਂ ਮੰਚ ‘ਤੇ ਯਥਾਰਥਕ ਪੇਸ਼ਕਾਰੀ ਵੀ ਕੀਤੀ। ਅਜਮੇਰ ਸਿੰਘ ਔਲਖ ਨੇ ਲਘੂ ਨਾਟਕ ਵੀ ਲਿਖੇ, ਇਕਾਂਗੀ ਵੀ ਤੇ ਪੂਰੇ ਨਾਟਕ ਵੀ। ਉਸਨੇ 1997 ਵਿੱਚ ਲਿਖੇ ਆਪਣੇ ਲਘੂ ਨਾਟਕ ‘ਢਾਂਡਾ’ ਵਿੱਚ ਇੱਕ ਬਿਪਤਾ ਮਾਰੇ ਕਿਸਾਨ ਅਤੇ ਇੱਕ ਬੇਸਹਾਰਾ ਨਿਆਣੀ ਕੁੜੀ, ਜੋ ਕਿਸਾਨ ਨਾਲ ਮੰਗੀ ਹੋਈ ਹੈ, ਦੀ ਮਾਨਸਿਕ ਪੀੜਾ ਦਾ ਚਿਤਰਨ ਕਰਕੇ ਆਪਣੀ ਸਿਰਜਣਾਤਮਿਕਤਾ ਦੀ ਸਿਖਰ ਨੂੰ ਛੋਹ ਲਿਆ। ਉਨ੍ਹਾਂ ਦੀ ਪੇਂਡੂ ਮਲਵਈ ਮੁਹਾਵਰਿਆਂ ‘ਤੇ ਡੂੰਘੀ ਪਕੜ ਸੀ। ਉਨ੍ਹਾਂ ਦੇ ਲਿਖੇ ਨਾਟਕਾਂ ਦੀ ਗਿਣਤੀ 50 ਦੇ ਕਰੀਬ ਹੈ ਤੇ ਨਾਟਕਾਂ ਦੀ ਪੇਸ਼ਕਾਰੀ ਦੀ ਗਿਣਤੀ ਤਾਂ ਹਜ਼ਾਰਾਂ ਵਿੱਚ ਹੈ।

ਪ੍ਰੋ. ਔਲਖ ਨੂੰ ਅਨੇਕਾਂ ਮਾਣ-ਸਨਮਾਨ ਮਿਲੇ। ਉਨ੍ਹਾਂ ਨੂੰ ਸ਼੍ਰੋਮਣੀ ਨਾਟਕਕਾਰ ਦਾ ਐਵਾਰਡ ਭਾਸ਼ਾ ਵਿਭਾਗ ਪੰਜਾਬ ਵੱਲੋਂ ਤੇ ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ ਵੱਲੋਂ ਨੈਸ਼ਨਲ ਐਵਾਰਡ ਮਿਲਿਆ।  ਪਰ ਸਭ ਤੋਂ ਵੱਡਾ ਸਨਮਾਨ ਬਰਨਾਲਾ ਵਿਖੇ ਵਿਸ਼ਾਲ ਇਕੱਠ, ਜੋ ‘ਇਨਕਲਾਬੀ ਜਨਤਕ ਸਲਾਮ ਸਮਾਰੋਹ’ ਵਿੱਚ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾ ਵੱਲੋਂ ‘ਭਾਈ ਲਾਲੋ ਕਲਾ ਸਨਮਾਨ’ ਨਾਲ ਨਿਵਾਜਿਆ ਗਿਆ।

2008 ਵਿੱਚ ਉਨ੍ਹਾਂ ਨੂੰ ਨਾਮੁਰਾਦ ਬਿਮਾਰੀ ਕੈਂਸਰ ਨੇ ਘੇਰਾ ਪਾ ਲਿਆ ਲਗਭਗ ਇੱਕ ਦਹਾਕਾ ਇਸ ਬਿਮਾਰੀ ਨਾਲ ਜੂਝਦਿਆਂ ਉਨ੍ਹਾਂ ਨੇ ਕਦੇ ਵੀ ਬਿਮਾਰੀ ਅੱਗੇ ਗੋਡੇ ਨਹੀਂ ਟੇਕੇ, ਸਗੋਂ ਮੰਜੇ ‘ਤੇ ਪਏ-ਪਏ ਵੀ ਨਾਟਕਾਂ ਦੀਆਂ ਰਿਹਰਸਲਾਂ ਕਰਵਾਉਂਦੇ ਰਹਿੰਦੇ ਤੇ ਅਦਾਕਾਰਾਂ ਨੂੰ ਅਭਿਨੈ ਦੇ ਗੁੱਝੇ ਦਾਅ-ਪੇਚ ਦੱਸਦੇ। ਉਨ੍ਹਾਂ ਦੀ ਵਿਲੱਖਣਤਾ ਇਸ ਗੱਲ ਵਿੱਚ ਵੀ ਸੀ ਕਿ ਉਨ੍ਹਾਂ ਨੇ ਆਪਣੀ ਅੰਤਿਮ ਇੱਛਾ ਮੌਤ ਤੋਂ ਪਹਿਲਾਂ ਹੀ ਜ਼ਾਹਰ ਕਰ ਦਿੱਤੀ ਸੀ ਕਿ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੀਆਂ ਧੀਆਂ ਹੀ ਵਿਖਾਉਣ, ਭੋਗ ਆਦਿ ਦੀ ਧਾਰਮਿਕ ਰਸਮ ਨਾ ਕੀਤੀ ਜਾਵੇ, ਕੋਈ ਰਾਜਨੀਤਕ ਬੁਲਾਰਾ ਨਾ ਬੋਲੇ। ਲੇਖਕਾਂ, ਸੱਭਿਆਚਾਰਕ ਕਾਮਿਆਂ, ਕਿਰਤੀ ਤੇ ਮਜ਼ਦੂਰ ਜਥੇਬੰਦੀਆਂ ਦੇ ਪ੍ਰਤੀਨਿਧੀ ਹੀ ਤਕਰੀਰਾਂ ਕਰਨ।  ਸ਼ਰਧਾਂਜਲੀ ਸਮਾਗਮ ਬਹੁਤਾ ਲੰਬਾ ਨਾ ਹੋਵੇ। ਪ੍ਰੋ. ਔਲਖ ਭਾਵੇਂ ਅੱਜ ਸਾਡੇ ਦਰਮਿਆਨ ਨਹੀਂ ਹਨ ਪਰ ਉਹ ਆਪਣੇ ਨਾਟਕਾਂ ਰਾਹੀਂ ਸਦਾ ਜਿਉਂਦੇ ਹਨ। ਉਹ ਅੱਜ ਵੀ ਕੰਮੀਆਂ ਦੇ ਵਿਹੜੇ ਵਿੱਚ ਸੂਰਜ ਬਣ ਕੇ ਮਘ ਰਿਹਾ ਹੈ। ਉਹ ਆਪਣੇ ਨਾਟਕਾਂ ਦੇ ਪਾਤਰਾਂ- ਕਰਮਾ, ਨਿਹਾਲਾ, ਧਰਮੇ ਵਿੱਚ ਸਾਕਾਰ ਹੈ।  ਉਹ ਜਨਤਾ ਵਿੱਚ ਸਾਕਾਰ ਹੈ ਤੇ ਹਮੇਸ਼ਾ ਅਮਰ ਹੈ।