ਔਲਖ ਦੇ ਜੱਦੀ ਪਿੰਡ ਕਿਸ਼ਨਗੜ੍ਹ ਫਰਮਾਹੀ ਦੇ ਸਕੂਲ ‘ਚ ਖੁੱਲ੍ਹੇਗੀ ਪਹਿਲੀ ਲਾਇਬ੍ਰੇਰੀ
ਮਾਨਸਾ (ਸੁਖਜੀਤ ਮਾਨ)। ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਮਾਤ-ਭਾਸ਼ਾ ਪੰਜਾਬੀ ਦੀ ਪ੍ਰਫੁੱਲਤਾ ਅਤੇ ਬੱਚਿਆਂ ਵਿੱਚ ਸਾਹਿਤਕ ਚੇਟਕ ਲਾਉਣ ਲਈ ਜਿਲ੍ਹੇ ਭਰ ਵਿੱਚ ਨਵੇਂ ਸੈਸ਼ਨ ਤੋਂ ਖੋਲ੍ਹੀਆਂ ਜਾ ਰਹੀਆਂ 100 ਸਕੂਲ ਬਾਲ ਲਾਇਬ੍ਰੇਰੀਆਂ ਨੂੰ ਉੱਘੇ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਨੂੰ ਸਮਰਪਿਤ ਕਰਨ ਦਾ ਫੈਸਲਾ ਲਿਆ ਹੈ ਸਿੱਖਿਆ ਵਿਕਾਸ ਮੰਚ ਵੱਲੋਂ ਸਕੂਲ ਲਾਇਬ੍ਰੇਰੀ ਖੋਲ੍ਹਣ ਦੀ ਇਸ ਮੁਹਿੰਮ ਦਾ ਆਗਾਜ਼ ਉੱਘੇ ਸ਼ਾਇਰ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਅਤੇ ਸ਼ਾਇਰਾ ਸੁਖਵਿੰਦਰ ਅੰਮ੍ਰਿਤ 7 ਮਾਰਚ ਨੂੰ ਕਰਨਗੇ ਮੰਚ ਵੱਲੋਂ ਇਹ ਲਾਇਬ੍ਰੇਰੀਆਂ ਖੋਲ੍ਹਣ ਦੀ ਸ਼ੁਰੂਆਤ ਪ੍ਰੋ. ਔਲਖ ਦੇ ਪਿੰਡ ਕਿਸ਼ਨਗੜ੍ਹ ਫਰਮਾਹੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਹੀ ਕੀਤੀ ਜਾਵੇਗੀ।
ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ, ਜਨਰਲ ਸਕੱਤਰ ਰਾਜੇਸ਼ ਬੁਢਲਾਡਾ, ਸਲਾਹਕਾਰ ਡਾ. ਬੂਟਾ ਸਿੰਘ ਸੇਖੋਂ, ਸੀਨੀਅਰ ਉਪ ਪ੍ਰਧਾਨ ਸੁਦਰਸ਼ਨ ਰਾਜੂ, ਮੈਡਮ ਯੋਗਤਾ ਜੋਸ਼ੀ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਮੰਚ ਵੱਲੋਂ ਸਕੂਲ-ਸਕੂਲ ਲਾਇਬ੍ਰੇਰੀ ਖੋਲ੍ਹਣ ਦੀ ਮੁਹਿੰਮ ਦੇ ਪਹਿਲੇ ਪੜਾਅ ਦੌਰਾਨ 100 ਸਕੂਲਾਂ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਨੂੰ ਨਵੇਂ ਸੈਸ਼ਨ ਦੇ ਪਹਿਲੇ 6 ਮਹੀਨਿਆਂ ਦੌਰਾਨ ਪੂਰਾ ਕੀਤਾ ਜਾਵੇਗਾ ਅਤੇ ਇਹਨਾਂ ਲਾਇਬ੍ਰੇਰੀਆਂ ਤੇ ਲਗਭਗ 10 ਲੱਖ ਰੁਪਏ ਖਰਚ ਕਰਨ ਦਾ ਬਜਟ ਰੱਖਿਆ ਗਿਆ ਹੈ ਆਗੂਆਂ ਨੇ ਦੱਸਿਆ ਕਿ ਇਸ ਮੁਹਿੰਮ ਲਈ ਜਿਲ੍ਹੇ ਦੇ ਸਮੂਹ ਅਧਿਆਪਕਾਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ ਇਹਨਾਂ ਸਕੂਲ ਲਾਇਬ੍ਰੇਰੀਆਂ ਨੂੰ ਪ੍ਰੋ. ਅਜਮੇਰ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ ਕਰਨ ਦੇ ਫੈਸਲੇ ਦਾ ਔਲਖ ਪਰਿਵਾਰ ਅਤੇ ਜਿਲ੍ਹੇ ਭਰ ਦੇ ਸਾਹਿਤਕਾਰਾਂ ਨੇ ਸਵਾਗਤ ਕਰਦਿਆਂ ਸਿੱਖਿਆ ਵਿਕਾਸ ਮੰਚ ਮਾਨਸਾ ਦੀ ਇਸ ਸਾਰਥਕ ਪਹਿਲ ਕਦਮੀ ਲਈ ਹਰ ਸਹਿਯੋਗ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਮੈਡਮ ਗੁਰਪ੍ਰੀਤ ਕੌਰ, ਮੈਡਮ ਆਰਤੀ, ਈਸ਼ਾ ਮੌਂਗਾ, ਰਣਧੀਰ ਸਿੰਘ ਆਦਮਕੇ, ਭੁਪਿੰਦਰ ਸਿੰਘ ਤੱਗੜ, ਤਰਸੇਮ ਸਿੰਘ ਬੋੜਾਵਾਲ, ਅਕਬਰ ਸਿੰਘ ਬੱਪੀਆਣਾ, ਗੁਰਮੀਤ ਸਿੰਘ ਦਲੇਲ ਸਿੰਘ ਵਾਲਾ, ਵਿਜੇ ਕੁਮਾਰ, ਰਾਜਵਿੰਦਰ ਸਿੰਘ ਖੱਤਰੀਵਾਲਾ, ਗੁਰਵਿੰਦਰ ਸਿੰਘ ਮਠਾੜੂ, ਜਸਵਿੰਦਰ ਚੰਨੀ, ਸਤੀ੍ਹ ਕੁਮਾਰ ਗਰਗ, ਅਮਰਜੀਤ ਸਿੰਘ ਰੱਲੀ, ਚਰਨਜੀਤ ਸਿੰਘ ਰਾਠੀ, ਬਲਵਿੰਦਰ ੍ਹਰਮਾ, ਜਸਵਿੰਦਰ ਸਿੰਘ ਕਾਹਨ, ਬਲਵਿੰਦਰ ਸਿੰਘ ਬੁਢਲਾਡਾ ਆਦਿ ਹਾਜ਼ਰ ਸਨ।
ਮੰਚ ਦਾ ਉਪਰਾਲਾ ਸਵਾਗਤਯੋਗ : ਮਨਜੀਤ ਔਲਖ
ਪ੍ਰੋ. ਅਜਮੇਰ ਸਿੰਘ ਔਲਖ ਦੀ ਰੰਗ-ਮੰਚ ਨੂੰ ਸਮਰਪਿਤ ਪਤਨੀ ਮਨਜੀਤ ਕੌਰ ਔਲਖ ਨੇ ਕਿਹਾ ਕਿ ਪੰਜਾਬੀ ਭਾਸ਼ ਦੀ ਪ੍ਰਫੁੱਲਤਾ ਲਈ ਅਤੇ ਬੱਚਿਆਂ ਵਿੱਚ ਸਾਹਿਤਕ ਚੇਟਕ ਲਾਉਣ ਲਈ ਮਹੱਤਵਪੂਰਨ ਪਲੇਟਫਾਰਮ ਸਾਡੇ ਸਕੂਲ ਹਨ, ਜਿਨ੍ਹਾਂ ਵਿੱਚ ਲਾਇਬ੍ਰੇਰੀਆਂ ਦਾ ਹੋਣਾ ਅਤਿ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਸਿੱਖਿਆ ਮੰਚ ਦੇ ਇਸ ਵੱਡੇ ਉਪਰਾਲੇ ਦਾ ਸਭਨਾਂ ਨੂੰ ਸਵਾਗਤ ਕਰਨਾ ਬਣਦਾ ਹੈ ਪ੍ਰੋ. ਔਲਖ ਦੇ ਭਤੀਜੇ ਅਤੇ ਨੌਜਵਾਨ ਅਧਿਆਪਕ ਅਦਾਕਾਰ ਜਗਤਾਰ ਔਲਖ ਨੇ ਕਿਹਾ ਕਿ ਸਿੱਖਿਆ ਵਿਕਾਸ ਮੰਚ ਦੇ ਇਸ ਉੱਦਮ ਦਾ ਜਿਲ੍ਹੇ ਭਰ ਦੇ ਅਧਿਆਪਕਾਂ ਅਤੇ ਹੋਰਨਾਂ ਧਿਰਾਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾਵੇਗਾ।