ਪ੍ਰਾਈਵੇਟ ਹੱਥਾਂ ‘ਚ ਇਨਵੈਸਟਮੈਂਟ ਸਮਿਟ, ਓਵਾਈਓ ਕਰੇਗੀ ਮਹਿਮਾਨਾਂ ਲਈ ਸਾਰਾ ਇੰਤਜ਼ਾਮ

Private Summit, Investment, OYO, Arrange Arrangements, Guests

ਇਨਫੋਟੈਕ ਨੇ ਦਿੱਤਾ ਓਵਾਈਓ ਨੂੰ ਠੇਕਾ, ਕਰੋੜਾਂ ਰੁਪਏ ਆਏਗਾ ਮਹਿਮਾਨਨਿਵਾਜ਼ੀ ‘ਤੇ ਖ਼ਰਚ

ਮਹਿਮਾਨਾਂ ਦੇ ਆਉਣ-ਜਾਣ ਲਈ ਫਲਾਈਟ ਅਤੇ ਰਹਿਣ ਲਈ ਹੋਟਲ ਦੇ ਨਾਲ ਗੱਡੀ ਦਾ ਵੀ ਕਰੇਗੀ ਇੰਤਜ਼ਾਮ ਓਵਾਈਓ

ਕਿੰਨੇ ਵਿੱਚ ਹੋਇਆ ਠੇਕਾ ਨਹੀਂ ਦੇ ਰਿਹਾ ਕੋਈ ਅਧਿਕਾਰੀ ਜੁਆਬ ਤੇ ਕੋਈ ਨਹੀਂ ਚੁੱਕ ਰਿਹਾ ਫੋਨ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਸਰਕਾਰ ਵੱਲੋਂ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਕਰਵਾਏ ਜਾ ਰਹੇ ਇਨਵੈਸਟਮੈਂਟ ਸਮਿਟ 2019 ਵਿੱਚ ਆਉਣ ਵਾਲੇ ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਖ਼ੁਦ ਕਰਨ ਦੀ ਥਾਂ ‘ਤੇ ਪੰਜਾਬ ਸਰਕਾਰ ਨੇ ਇੱਕ ਮਲਟੀਨੈਸ਼ਨਲ ਕੰਪਨੀ ਓਵਾਈਓ ਨੂੰ ਸਾਰਾ ਠੇਕਾ ਦੇ ਦਿੱਤਾ ਹੈ। ਹੁਣ ਇਸ ਇਨਵੈਸਟਮੈਂਟ ਸਮਿਟ ਵਿੱਚ ਆਉਣ ਵਾਲੇ ਹਰ ਛੋਟੇ-ਵੱਡੇ ਕਾਰੋਬਾਰੀ ਅਤੇ ਉਨ੍ਹਾਂ ਦੇ ਅਧਿਕਾਰੀਆਂ ਲਈ ਹਵਾਈ ਜਹਾਜ਼ ਦੀਆਂ ਟਿਕਟਾਂ ਤੋਂ ਲੈ ਕੇ ਹੋਟਲ ਦੀ ਬੁਕਿੰਗ ਅਤੇ ਲਗਜਰੀ ਕਾਰਾਂ ਦਾ ਇੰਤਜ਼ਾਮ ਵੀ  ਓਵਾਈਓ ਕੰਪਨੀ ਹੀ ਕਰਵਾਏਗੀ। ਇਸ ਇੰਤਜ਼ਾਮ ਲਈ ਪੰਜਾਬ ਸਰਕਾਰ ਕਰੋੜਾਂ ਰੁਪਏ ਦਾ ਖ਼ਰਚ ਕਰਨ ਜਾ ਰਹੀ ਹੈ। ਇਸ ਇਨਵੈਸਟਮੈਂਟ ਸਮਿਟ ਨੂੰ ਦੇਖ ਰਹੀ ਇਨਫੋਟੈਕ ਪੰਜਾਬ ਵੱਲੋਂ ਬਕਾਇਦਾ ਟੈਂਡਰ ਕਾਲ ਕਰਦੇ ਹੋਏ ਓਵਾਈਓ ਕੰਪਨੀ ਨੂੰ ਇਸ ਦਾ ਠੇਕਾ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਅਮਰਿੰਦਰ ਸਰਕਾਰ ਵੱਲੋਂ ਇਸ ਸਾਲ 5 ਅਤੇ 6 ਦਸੰਬਰ ਨੂੰ ਇਨਵੈਸਟਮੈਂਟ ਸਮਿਟ ਕਰਵਾਇਆ ਜਾ ਰਿਹਾ ਹੈ, ਜਿਸ ਲਈ ਹੁਣ ਤੋਂ ਹੀ ਵਿਭਾਗੀ ਅਧਿਕਾਰੀਆਂ ਵੱਲੋਂ ਤਿਆਰੀਆਂ ਉਲੀਕਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਤਿਆਰੀਆਂ ਲਈ ਇਨਫੋਟੈਕ ਪੰਜਾਬ ਨੇ ਕਮਰ ਕੱਸੀ ਹੋਈ ਹੈ ਤਾਂ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਇਸ ਦੀ ਦੇਖ-ਰੇਖ ਵਿੱਚ ਲੱਗੇ ਹੋਏ ਹਨ। ਇਸ ਇਨਵੈਸਟਮੈਂਟ ਸਮਿਟ 2019 ਲਈ ਅਮਰਿੰਦਰ ਸਿੰਘ ਵੀ ਜਲਦ ਹੀ ਦੇਸ਼ ਅਤੇ ਵਿਦੇਸ਼ ਦੇ ਵੱਡੇ ਘਰਾਣਿਆਂ ਨੂੰ ਮਿਲ ਕੇ ਸੱਦਾ ਪੱਤਰ ਵੀ ਦੇਣਗੇ ਤਾਂ ਕਿ ਉਹ ਇਸ ਸਮਿਟ ਵਿੱਚ ਭਾਗ ਲੈ ਕੇ ਪੰਜਾਬ ਵਿੱਚ ਇੰਡਸਟਰੀਜ਼ ਲਗਾਉਣ। ਜਿਹੜੇ ਵੀ ਵੱਡੇ ਉਦਯੋਗਪਤੀ ਜਾਂ ਫਿਰ ਅਧਿਕਾਰੀ ਇਸ ਇਨਵੈਸਟਮੈਂਟ ਸਮਿਟ 2019 ਵਿੱਚ ਭਾਗ ਲੈਣ ਲਈ ਆਉਣਗੇ ਉਨ੍ਹਾਂ ਲਈ ਸਾਰਾ ਇੰਤਜ਼ਾਮ ਕਰਨ ਲਈ ਓਵਾਈਓ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ।

ਓਵਾਈਓ ਕੰਪਨੀ ਆਉਣ ਵਾਲੇ ਹਰ ਮਹਿਮਾਨ ਨੂੰ ਹਵਾਈ ਜਹਾਜ਼ ਰਾਹੀਂ ਲੈ ਕੇ ਆਉਣ ਅਤੇ ਵਾਪਸ ਭੇਜਣ ਦਾ ਇੰਤਜ਼ਾਮ ਕਰੇਗੀ ਤੇ ਚੰਡੀਗੜ੍ਹ ਵਿਖੇ ਰਹਿਣ ਲਈ ਹੋਟਲ ਵੀ ਬੁਕਿੰਗ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਹੀ ਲਗਜ਼ਰੀ ਕਾਰਾਂ ਰਾਹੀਂ ਇਨ੍ਹਾਂ ਇਨਵੈਸਟਰਾਂ ਨੂੰ ਹਵਾਈ ਅੱਡੇ ਤੋਂ ਹੋਟਲ ਅਤੇ ਹੋਟਲ ਤੋਂ ਇਨਵੈਸਟਮੈਟ ਸਮਿਟ ਤੱਕ ਲੈ ਕੇ ਆਉਣ ਦਾ ਕੰਮ ਵੀ ਓਵਾਈਓ ਕੰਪਨੀ ਹੀ ਕਰੇਗੀ। ਇਸ ਲਈ ਬਕਾਇਦਾ ਟੈਂਡਰ ਰਾਹੀਂ ਓਵਾਈਓ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਇਹ ਠੇਕਾ ਕਿੰਨੇ ਰੁਪਏ ਵਿੱਚ ਦਿੱਤਾ ਗਿਆ ਹੈ, ਇਸ ਸਬੰਧੀ ਕੋਈ ਵੀ ਅਧਿਕਾਰੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਰਿਹਾ ਹੈ ਪਰ ਇਹ ਖ਼ਰਚ ਕਰੋੜਾਂ ਰੁਪਏ ਤੱਕ ਪਹੁੰਚਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।