ਖੇਤੀਬਾੜੀ ਕਾਨੂੰਨ ਮਨਸੂਖ ਕਰਵਾਉਣ ਲਈ ਲੋਕ ਸਭਾ ’ਚ ਪ੍ਰਾਈਵੇਟ ਮੈਂਬਰਜ਼ ਬਿੱਲ ਲਿਆਂਦਾ ਜਾਵੇਗਾ : ਪ੍ਰਨੀਤ ਕੌਰ

ਸੰਸਦ ਮੈਂਬਰਾਂ ਨੇ ਇਸ ਬਿੱਲ ’ਤੇ ਚਰਚਾ ਲਈ ਲੋਕ ਸਭਾ ਸਪੀਕਰ ਨੂੰ ਪਹਿਲ ਦੇ ਅਧਾਰ ’ਤੇ ਆਗਿਆ ਦੇਣ ਦੀ ਕੀਤੀ ਅਪੀਲ

ਪਟਿਆਲਾ, (ਖੁਸ਼ਵੀਰ ਸਿੰਘ ਤੂਰ (ਸੱਚ ਕਹੂੰ))। ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਅੱਜ ਕਿਹਾ ਕਿ ਤਿੰਨ ਕਾਲੇ ਖੇਤੀਬਾੜੀ ਕਾਨੂੰਨ ਮਨਸੂਖ ਕਰਵਾਉਣ ਲਈ ਲੋਕ ਸਭਾ ’ਚ ਪ੍ਰਾਈਵੇਟ ਮੈਂਬਰਜ਼ ਬਿੱਲ ਲਿਆਂਦਾ ਜਾਵੇਗਾ। ਕਾਂਗਰਸ ਪਾਰਟੀ ਦੇ ਪੰਜਾਬ ਤੋਂ ਸੰਸਦ ਮੈਂਬਰ ਲੋਕ ਸਭਾ ਦੇ ਸਪੀਕਰ ਨੂੰ ਵੀ ਮਿਲਕੇ ਇਸ ਸਬੰਧੀ ਬੇਨਤੀ ਕਰਨਗੇ ਕਿ ਉਨ੍ਹਾਂ ਨੂੰ ਇਸ ਬਿੱਲ ‘ਰਿਪਲੀÇਲੰਗ ਐਂਡ ਅਮੈਂਡਿੰਗ ਐਕਟ 2021’ ਲਿਆਉਣ ਅਤੇ ਇਸ ਉਪਰ ਚਰਚਾ ਕਰਨ ਦੀ ਪਹਿਲ ਦੇ ਅਧਾਰ ’ਤੇ ਆਗਿਆ ਦਿੱਤੀ ਜਾਵੇ। ਸ੍ਰੀਮਤੀ ਪ੍ਰਨੀਤ ਕੌਰ ਵੱਲੋਂ ਅੱਜ ਇਹ ਪ੍ਰਗਟਾਵਾ ਦਿੱਲੀ ਵਿਖੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਐਕਟ ਪਾਸ ਕੀਤਾ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਇਸ ਬਿਲ ਨੂੰ ਸਹਿਯੋਗ ਮਿਲੇਗਾ ਅਤੇ ਇਹ ਸੰਸਦ ’ਚ ਪਾਸ ਹੋ ਜਾਵੇਗਾ।

ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸੰਵਿਧਾਨਿਕ ਕਦਰਾਂ ਕੀਮਤਾਂ ਤੇ ਮਾਨਤਾਵਾਂ ਨੂੰ ਖ਼ਤਮ ਕਰਨ ਲਈ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਸਾਡਾ ਸੰਵਿਧਾਨ ਆਪਣੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਬਣਾਇਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਉਹ ਇਹ ਬਿੱਲ ਇਸ ਲਈ ਲੈ ਕੇ ਆ ਰਹੇ ਹਨ ਤਾਂ ਕਿ ਸਾਡੇ ਸੰਵਿਧਾਨ ਨੂੰ ਕੁਚਲਿਆ ਨਾ ਜਾ ਸਕੇ ਅਤੇ ਅੰਦੋਲਨ ਕਰ ਰਹੇ ਸਾਡੇ ਕਿਸਾਨਾਂ ਨੂੰ ਆਪਣੀ ਹਮਾਇਤ ਦਿੱਤੀ ਜਾ ਸਕੇ, ਜਿਹੜੇ ਕਿ ਆਪਣੇ ਹੀ ਚੁਣੀ ਹੋਈ ਸਰਕਾਰ ਤੋਂ ਆਪਣੇ ਹੱਕ ਲੈਣ ਲਈ ਆਪਣੀ ਆਵਾਜ ਬੁਲੰਦ ਕਰਨ ਲਈ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋਏ ਹਨ।

ਪ੍ਰਨੀਤ ਕੌਰ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਹਮਾਇਤ ਦੇਣ ਅਤੇ ਉਨ੍ਹਾਂ ਦੇ ਹੱਕ ’ਚ ਆਪਣੀ ਆਵਾਜ ਉਠਾਉਣ ਲਈ ਸਾਡੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਵੀ ਦਿੱਲੀ ਵਿਖੇ ਕਰੀਬ ਮਹੀਨੇ ਤੋਂ ਜਿਆਦਾ ਸਮੇਂ ਤੋਂ ਧਰਨਾ ਲਗਾਇਆ ਹੋਇਆ ਹੈ ਪਰੰਤੂ ਕੇਂਦਰ ਸਰਕਾਰ ਕਿਸਾਨਾਂ ਨੂੰ ਅਣਦੇਖਿਆ ਕਰਨ ਦੀ ਤਰਜ ’ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਵੀ ਅੰਨ੍ਹੀ ਤੇ ਬੋਲੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਆਪਣੇ ਕਿਸਾਨਾਂ ਅਤੇ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਬਚਾਉਣ ਲਈ ਇਹ ਨਿੱਜੀ ਮੈਂਬਰਜ਼ ਬਿੱਲ ਲਿਆ ਰਹੇ ਹਨ। ਇਸ ਮੌਕੇ ਕਾਂਗਰਸ ਦੇ ਹੋਰ ਵੀ ਸੰਸਦ ਮੈਂਬਰ ਅਤੇ ਆਗੂ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.