Success Story: ਪ੍ਰਿਥਵੀ ਵਰਮਾ ਨੇ ਤਿੰਨ ਮੁੱਖ ਮੰਤਰੀਆਂ ਦੇ ਦਰਾਂ ’ਤੇ ਲਾਏ ਧਰਨੇ, ਲਾਠੀਚਾਰਜ਼ ਅਤੇ ਖਿੱਚ-ਧੂਹ ਦਾ ਵੀ ਹੋਇਆ ਸ਼ਿਕਾਰ
- ਫਾਜ਼ਿਲਕਾ ਜ਼ਿਲ੍ਹੇ ਦੇ ਪ੍ਰਿਥਵੀ ਵਰਮਾ ਨੇ ਪਟਿਆਲਾ ਜ਼ਿਲ੍ਹੇ ’ਚ ਸੰਭਾਲੀ ਅਧਿਆਪਕ ਦੀ ਨੌਕਰੀ
Success Story: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਪਣੇ ਰੁਜ਼ਗਾਰ ਖਾਤਰ ਲੰਮੇ ਸੰਘਰਸ਼ ਅਤੇ ਧਰਨਿਆਂ ਤੋਂ ਬਾਅਦ ਅਪੰਗਤਾ ਅਤੇ ਗਰੀਬੀ ਨੂੰ ਹਰਾਉਣ ਵਾਲਾ ਪ੍ਰਿਥਵੀ ਵਰਮਾ ਸਰਕਾਰੀ ਅਧਿਆਪਕ ਬਣ ਗਿਆ ਹੈ ਪ੍ਰਿਥਵੀ ਵਰਮਾ ਨੇ ਤਿੰਨ ਮੁੱਖ ਮੰਤਰੀਆਂ ਦੇ ਦਰਾਂ ’ਤੇ ਨਾਅਰੇ ਲਾਏ ਅਤੇ ਉਸ ਨੂੰ ਪੁਲਿਸ ਦੀ ਧੱਕੇਸ਼ਾਹੀ ਸਮੇਤ ਲਾਠੀਚਾਰਜ ਦਾ ਵੀ ਸੇਕ ਝੱਲਣਾ ਪਿਆ। ਆਖਰ ਹੁਣ ਪ੍ਰਿਥਵੀ ਵਰਮਾ ਨੇ ਪਟਿਆਲਾ ਜ਼ਿਲ੍ਹੇ ਵਿੱਚ ਬਤੌਰ ਈਟੀਟੀ ਅਧਿਆਪਕ ਵਜੋਂ ਆਪਣੀ ਨੌਕਰੀ ਸੰਭਾਲੀ ਹੈ।
ਦੱਸਣਯੋਗ ਹੈ ਕਿ ਫਜ਼ਿਲਕਾ ਜ਼ਿਲ੍ਹੇ ਦੇ ਪਿੰਡ ਡੰਗਰ ਖੇੜਾ ਦਾ ਈਟੀਟੀ ਟੈੱਟ ਪਾਸ ਪ੍ਰਿਥਵੀ ਵਰਮਾ ਆਪਣੇ ਰੁਜ਼ਗਾਰ ਲਈ ਸਾਲ 2019 ਤੋਂ ਧਰਨਿਆਂ ਦੇ ਰਾਹ ਪਿਆ ਸੀ। ਉਸ ਵੱਲੋਂ ਪਹਿਲਾਂ ਇੱਥੇ ਪਟਿਆਲਾ ਵਿਖੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਅੱਗੇ ਤਿੰਨ ਸਾਲਾਂ ਤੋਂ ਜ਼ਿਆਦਾ ਧਰਨੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੁੰਦਾ ਰਿਹਾ। ਇੱਥੇ ਉਸ ਨੇ ਪੁਲਿਸ ਦੇ ਲਾਠੀਚਾਰਜ ਦਾ ਕਹਿਰ ਵੀ ਝੱਲਿਆ ਅਤੇ ਪੁਲਿਸ ਦੀ ਖਿੱਚ-ਧੂਹ ਵੀ। ਇੱਥੇ ਹੀ ਬਸ ਨਹੀਂ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਨੇੜੇ ਵੀ ਆਪਣੀ ਨੌਕਰੀ ਲਈ ਫਾਜ਼ਿਲਕਾ ਤੋਂ ਪੁੱਜ ਕੇ ਧਰਨੇ ਲਾਉਂਦਾ ਰਿਹਾ।
Read Also : ਸਾਂਸਦ ਮੀਤ ਹੇਅਰ ਘਰ ਗੂੰਜੀਆਂ ਕਿਲਕਾਰੀਆਂ, ਪੁੱਤਰ ਨੇ ਲਿਆ ਜਨਮ
ਉਸ ਵੱਲੋਂ ਰਿਕਸ਼ੇ ਜਾਂ ਹੋਰ ਸਾਧਨ ’ਤੇ ਬੈਠੇ ਕੇ ਆਪਣੇ ਦੂਸਰੇ ਸਾਥੀਆਂ ਨਾਲ ਹਰ ਪ੍ਰਦਰਸ਼ਨ ਵਿੱਚ ਅੱਗੇ ਹੋ ਕੇ ਸਰਕਾਰਾਂ ਦੇ ਕੰਨਾਂ ਵਿੱਚ ਆਪਣੀ ਅਵਾਜ਼ ਪਹੁੰਚਾਉਂਦਾ ਰਿਹਾ। ਉਹ ਦੱਸਦਾ ਹੈ ਕਿ ਉਸ ਤੋਂ ਬਾਅਦ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਆਪਣੇ ਰੁਜ਼ਗਾਰ ਲਈ ਉਸ ਨੂੰ ਡੱਟਣਾ ਪਿਆ ਅਤੇ ਇੱਥੇ ਵੀ ਪੁਲਿਸ ਦੀ ਘੂਰੀ ਦਾ ਸ਼ਿਕਾਰ ਹੋਣਾ ਪਿਆ। ਉਹ ਸੰਘਰਸ਼ ਨੂੰ ਯਾਦ ਕਰਦਾ ਦੱਸਦਾ ਹੈ ਕਿ ਇੱਥੋਂ ਤੱਕ ਕਿ ਉਸ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਵਿਖੇ ਸਰਕਾਰੀ ਰਿਹਾਇਸ ਦੇ ਅੱਗੇ ਵੀ ਧਰਨਾ ਲਾ ਕੇ ਆਪਣੇ ਹੱਕ ਲਈ ਜੂਝਣਾ ਪਿਆ। ਪੁਲਿਸ ਵੱਲੋਂ ਉਸ ਨੂੰ ਕਈ ਵਾਰ ਚੁੱਕ ਕੇ ਧਰਨਿਆਂ ਤੋਂ ਹਟਾਇਆ ਗਿਆ ਹੈ।
Success Story
ਪ੍ਰਿਥਵੀ ਵਰਮਾ ਨੇ ਦੱਸਿਆ ਕਿ ਉਸ ਦੀ ਜਿੱਥੇ ਅਪੰਗਤਾ ਨਾਲ ਲੜਾਈ ਸੀ ਉੱਥੇ ਹੀ ਗਰੀਬੀ ਵੀ ਇੱਕ ਵੱਡਾ ਇਮਤਿਹਾਨ ਸੀ, ਪਰ ਉਸ ਵੱਲੋਂ ਆਪਣੇ ਰੁਜ਼ਗਾਰ ਲਈ ਅਪੰਗਤਾ, ਗਰੀਬੀ ਅਤੇ ਤਿੰਨ-ਤਿੰਨ ਮੁੱਖ ਮੰਤਰੀਆਂ ਦੇ ਪ੍ਰਸ਼ਾਸਨ ਨਾਲ ਆਢਾ ਲਾਉਣਾ ਸੌਖਾ ਨਹੀਂ ਸੀ। ਉਸ ਨੇ ਦੱਸਿਆ ਕਿ 6 ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਆਖਰ ਦਿਵਿਆਂਗ ਕੋਟੇ ਦੀਆਂ ਖਾਲੀ ਰਹਿੰਦੀਆਂ ਅਸਾਮੀਆਂ ਨੂੰ ਪੂਰਿਆ ਗਿਆ।
ਉਸ ਨੇ ਦੱਸਿਆ ਕਿ ਪਿਛਲੇ ਦਿਨੀਂ ਹੀ ਉਸ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਦੇ ਪਿੰਡ ਝਾੜਵਾ ਵਿਖੇ ਉਸ ਵੱਲੋਂ ਈਟੀਟੀ ਪ੍ਰਾਇਮਰੀ ਅਧਿਆਪਕ ਵਜੋਂ ਜੁਆਇਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸਾਲ 2020 ਵਿੱਚ ‘ਸੱਚ ਕਹੂੰ’ ਵੱਲੋਂ ਵੀ ਪ੍ਰਿਥਵੀ ਵਰਮਾ ਦੇ ਸੰਘਰਸ਼ ਅਤੇ ਉਸ ਦੇ ਹਾਲਾਤਾਂ ਸਬੰਧੀ ਪ੍ਰਮੁੱਖਤਾ ਨਾਲ ਵਿਸੇਸ਼ ਸਟੋਰੀ ਛਾਪੀ ਗਈ ਸੀ। ਅਧਿਆਪਕ ਬਣਨ ਤੋਂ ਬਾਅਦ ਪ੍ਰਿਥਵੀ ਵਰਮਾ ਵੱਲੋਂ ਉਸ ਦੀ ਅਵਾਜ਼ ਚੁੱਕਣ ਲਈ ‘ਸੱਚ ਕਹੂੰ’ ਦਾ ਧੰਨਵਾਦ ਵੀ ਕੀਤਾ ਗਿਆ ਹੈ।















