ਹਜ਼ਾਰਾਂ ਕੈਦੀਆਂ ਤੇ ਹਾਵਾਲਾਤੀਆਂ ਨੇ ਇਕੱਠਿਆਂ ਕੀਤਾ ਯੋਗ
- ਪਟਿਆਲਾ ਵਿਖੇ ਆਈਜੀ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਕੀਤਾ 1500 ਕੈਦੀਆਂ ਨੇ ਯੋਗਾ
- ਮਹਿਲਾਂ ਕੈਦੀਆਂ ਵੀ ਰਹੀਆਂ ਯੋਗ ਵਿੱਚ ਮੋਹਰੀ
ਪਟਿਆਲਾ (ਸੱਚ ਕਹੂੰ ਨਿਊਜ਼)। ਅੰਤਰਰਾਸਟਰੀ ਯੋਗਾ ਦਿਵਸ ਮੌਕੇ ਅੱਜ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਤੇ ਵੀ ਯੋਗਾ ਦਿਵਸ ਛਾਇਆ ਰਿਹਾ। ਜੇਲ੍ਹਾਂ ਅੰਦਰ ਬੰਦ ਹਜਾਰਾਂ ਕੈਦੀਆਂ ਅਤੇ ਹਵਾਲਾਤੀਆਂ ਵੱਲੋਂ ਯੋਗ ਕਿਰਿਆਵਾਂ ਵਿੱਚ ਹਿੱਸਾ ਲੈ ਕੇ ਯੋਗਮਈ ਮਹੌਲ ਸਿਰਜ ਦਿੱਤਾ ਗਿਆ। ਕੇਂਦਰੀ ਜੇਲ੍ਹ ਪਟਿਆਲਾ ਸਮੇਤ ਹੋਰਨਾਂ ਜੇਲ੍ਹਾਂ ਅੰਦਰ ਹਜਾਰਾਂ ਦੀ ਗਿਣਤੀ ਵਿੱਚ ਕੈਦੀਆਂ ਤੇ ਹਵਾਲਾਤੀਆਂ ਵੱਲੋਂ ਇਕੱਠਿਆ ਯੋਗਾ ਕੀਤਾ ਗਿਆ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਸੂਬੇ ਦੀਆਂ ਜੇਲ੍ਹਾਂ ਅੰਦਰ ਵੀ ਵੱਡੀ ਗਿਣਤੀ ਕੈਂਦੀਆਂ ਅਤੇ ਹਾਵਾਲਾਤੀਆਂ ਵੱਲੋਂ ਯੋਗ ਦਿਵਸ ਮੌਕੇ ਯੋਗ ਕ੍ਰਿਰਿਆਵਾਂ ਕੀਤੀਆਂ ਗਈਆਂ। ਕੇਂਦਰੀ ਜੇਲ੍ਹ ਪਟਿਆਲਾ ਵਿਖੇ ਸੂਬਾ ਪੱਧਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਇੱਥੇ ਮੁੱਖ ਮਹਿਮਾਨ ਤੇ ਤੌਰ ਤੇ ਪਟਿਆਲਾ ਰੇਂਜ ਦੇ ਆਈਜੀ ਏਐਸ ਰਾਏ ਵੱਲੋਂ ਪੁੱਜ ਕੇ ਕੈਦੀਆਂ ਅਤੇ ਹਵਾਲਾਤੀਆਂ ਨਾਲ ਯੋਗਾ ਕੀਤਾ ਗਿਆ। ਕੇਂਦਰੀ ਜੇਲ੍ਹ ਪਟਿਆਲਾ ਵਿਖੇ 1500 ਕੈਦੀਆਂ ਅਤੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਦੇ 60 ਟ੍ਰੇਨੀਆਂ ਵੱਲੋਂ ਸਵੇਰ ਵੇਲੇ ਵੱਖ-ਵੱਖ ਯੋਗ ਆਸਣ ਕੀਤੇ ਗਏ। ਜੇਲ੍ਹ ਅੰਦਰ ਬੰਦ ਮਹਿਲਾ ਕੈਦੀਆਂ ਵੱਲੋਂ ਵੀ ਯੋਗ ਦਿਵਸ ਵਿੱਚ ਭਾਗ ਲਿਆ ਗਿਆ। ਇਸ ਤੋਂ ਇਲਾਵਾ ਕਈ ਕੈਂਦੀਆਂ ਵੱਲੋਂ ਆਪਣੀਆਂ ਬੈਰਕਾਂ ਵਿੱਚ ਵੀ ਯੋਗ ਕ੍ਰਿਰਿਆਵਾਂ ਕੀਤੀਆਂ ਗਈਆਂ।
ਇਸ ਮੌਕੇ ਆਈ.ਜੀ. ਏ.ਐਸ.ਰਾਏ. ਨੇ ਸੰਬਧਨ ਕਰਦਿਆ ਕਿਹਾ ਕਿ ਯੋਗ ਸਰੀਰ ਨੂੰ ਹਲਕਾ ਫੁਲਕਾ ਅਤੇ ਤਰੋਤਾਜਾ ਰੱਖਦਾ ਹੈ ਅਤੇ ਨਾਲ ਹੀ ਕਈ ਬਿਮਾਰੀਆਂ ਤੋਂ ਵੀ ਰਾਹਤ ਦਿੰਦਾ ਹੈ। ਉਨ੍ਹਾਂ ਕੈਦੀਆਂ ਤੇ ਹਾਵਾਲਾਤੀਆਂ ਨੂੰ ਰੋਜਾਨਾਂ ਯੋਗ ਆਸਣ ਕਰਨ ਲਈ ਵੀ ਪ੍ਰੇਰਿਤ ਕੀਤਾ। ਇੱਧਰ ਜੇਲ੍ਹ ਸੁਪਰਡੈਂਟ ਸ੍ਰੀ ਰਾਜਨ ਕਪੂਰ ਨੇ ਦੱਸਿਆ ਕਿ ਅੱਜ ਯੋਗ ਦਿਵਸ ਮੌਕੇ ਅੱਜ ਕੈਦੀਆਂ ਅਤੇ ਹਵਾਲਾਤੀਆਂ ਵਿੱਚ ਕਾਫੀ ਉਤਸਾਹ ਪਾਇਆ ਗਿਆ ਅਤੇ ਵੱਡੀ ਗਿਣਤੀ ਕੈਦੀ ਸਵੇਰ ਵੇਲੇ ਹੀ ਯੋਗ ਆਸਣ ਵਾਲੀ ਥਾਂ ਪੁੱਜ ਗਏ। ਉਨ੍ਹਾਂ ਦੱਸਿਆ ਕਿ ਯੋਗ ਕਿਰਿਆਵਾਂ ਨਾਲ ਕ੍ਰਿਮਿਨਲ ਬਿਰਤੀ ਨੂੰ ਵੀ ਬਦਲਿਆ ਜਾ ਸਕਦਾ ਹੈ ਅਤੇ ਸਮਾਜ ਅੰਦਰ ਚੰਗਾ ਅਕਸ ਬਣਾਇਆ ਜਾ ਸਕਦਾ ਹੈ।