ਆਸਟਰੇਲੀਆ ਜਾਣ ਦੀ ਸੀ ਤਿਆਰੀ, ਨੌਜਵਾਨ ਦਾ ਹੋਇਆ ਕਤਲ

Nabha News

19 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਲਾਸ਼ ਬਰਾਮਦ

  • ਆਇਲੈਟਸ ਪਾਸ ਕਰ ਆਸਟਰੇਲੀਆ ਜਾਣ ਦੀਆਂ ਤਿਆਰੀਆਂ ‘ਚ ਸੀ ਮਾਪਿਆਂ ਦਾ ਇਕਲੌਤਾ ਪੁੱਤਰ

(ਤਰੁਣ ਕੁਮਾਰ ਸ਼ਰਮਾ) ਨਾਭਾ। ਰਿਆਸਤੀ ਸ਼ਹਿਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨਾਭਾ ਲਾਗਲੇ ਪਿੰਡ ਲੁਹਾਰਮਾਜਰਾ ਵਿਖੇ 19 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਲਾਸ਼ ਬਰਾਮਦ ਹੋਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨਾਭਾ ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ ‘ਤੇ ਪੁੱਜੀਆ ਅਤੇ ਪੜਤਾਲ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਲਾਸ਼ ਅਰਧ ਨਗਨ ਹਾਲਾਤਾਂ ‘ਚ ਮਿਲੀ ਹੈ ਜਿਸ ਦੇ ਸਰੀਰ ‘ਤੇ ਪਾਏ ਗਏ ਨਿਸ਼ਾਨਾ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਨੌਜਵਾਨ ਦਾ ਕਤਲ ਕਿਸੇ ਦੁਸ਼ਮਣੀ ਕਾਰਨ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਕਮਲਪ੍ਰੀਤ ਦੇ ਰੂਪ ‘ਚ ਹੋਈ ਜੋ ਕਿ ਕਥਿਤ ਰੂਪ ‘ਚ ਬੀਤੇ ਦਿਨ ਕਿਸੇ ਦੋਸਤ ਦੀ ਜਨਮ ਦਿਨ ਪਾਰਟੀ ‘ਚ ਗਿਆ ਸੀ।

ਇਹ ਵੀ ਪੜ੍ਹੋ : ਪੁਲਿਸ ਨੇ ਹਥਿਆਰਬੰਦ ਲੁੱਟ ਦੀ ਸੁਲਝਾਈ ਗੁੱਥੀ, 48 ਘੰਟਿਆਂ ਦੇ ਅੰਦਰ ਦੋ ਮੁਲਜ਼ਮ ਗ੍ਰਿਫ਼ਤਾਰ

ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਨੇ 10+2 ਕਰਨ ਤੋਂ ਬਾਅਦ ਆਇਲੈਟਸ ਪਾਸ ਕਰ ਲਈ ਸੀ ਅਤੇ ਜੁਲਾਈ ਤੱਕ ਆਸਟਰੇਲੀਆ ਚਲੇ ਜਾਣਾ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਕਮਲਪ੍ਰੀਤ ਕੱਲ੍ਹ ਦੁਪਹਿਰ ਦਾ ਗਿਆ ਹੋਇਆ ਸੀ ਜਿਸ ਨੇ ਆਪਣੀ ਸਕੂਟਰੀ ਪੈਂਚਰ ਹੋਣ ਦੇ ਹਵਾਲੇ ਨਾਲ 200 ਰੁਪਏ ਮੋਬਾਇਲ ਰਾਹੀਂ ਮੰਗਵਾਏ। ਸ਼ਾਮ ਨੂੰ ਪੰਜ ਕੁ ਵਜੇ ਕਰੀਬ ਮ੍ਰਿਤਕ ਨੇ ਦੱਸਿਆ ਕਿ ਉਹ ਪਿੰਡ ਕੈਦੂਪੁਰ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਮਨਾ ਰਿਹਾ ਹੈ।

ਮਾਮਲੇ ਦੀ ਪੜਤਾਲ ‘ਚ ਪੁਲਿਸ ਅਤੇ ਫੋਰੈਂਸਿਕ ਟੀਮਾਂ ਜੁਟੀਆਂ

ਮ੍ਰਿਤਕ ਦੇ ਚਾਚੇ ਦੇ ਲੜਕੇ ਨੇ ਰੋਂਦੇ ਹੋਏ ਦੱਸਿਆ ਕਿ ਉਹ ਬੀਤੇ ਦਿਨ ਕਿਸੇ ਦੋਸਤ ਦੀ ਜਨਮ ਦਿਨ ਪਾਰਟੀ ‘ਚ ਗਿਆ ਸੀ ਜਿਸ ਨੂੰ ਦੇਰ ਸ਼ਾਮ ਬਦਲੇ ਮੌਸਮ ਕਾਰਨ ਘਰਦਿਆਂ ਨੇ ਦੋਸਤ ਕੋਲ ਹੀ ਰੁਕਣ ਦੀ ਤਾਕੀਦ ਕੀਤੀ ਸੀ ਪ੍ਰੰਤੂ ਅੱਜ ਉਸ ਦੀ ਲਾਸ਼ ਪਿੰਡ ਲੁਹਾਰਮਾਜਰਾ ਦੇ ਸੂਏ ਨੇੜੇ ਬਰਾਮਦ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਮੰਗ ਕੀਤੀ ਕਿ ਸੰਬੰਧਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇ ਅਤੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਜਿਨਾਂ ਕਾਰਨ ਉਨ੍ਹਾਂ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ।

ਮਾਮਲੇ ਦੀ ਪੁਸ਼ਟੀ ਕਰਦਿਆਂ ਨਾਭਾ ਸਦਰ ਥਾਣਾ ਇੰਚਾਰਜ ਇੰਸ. ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਦੇ ਸੂਏ ਨੇੜੇ  ਮ੍ਰਿਤਕ ਦੀ ਲਾਸ਼ ਸੰਬੰਧੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਅਤੇ ਫੋਰੈਸਿਂਕ ਟੀਮਾਂ ਨੇ ਮੌਕੇ ‘ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨਗਨ ਹਾਲਾਤ ‘ਚ ਮਿਲੀ ਹੈ ਜਿਸ ਦੇ ਕੱਪੜੇ ਲਾਸ਼ ਤੋਂ ਕਾਫੀ ਦੂਰੋ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤੇਜੀ ਅਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।