ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਯੂਪੀ ਦੇ ਮੈਡੀਕਲ ਕਾਲਜ ਨੂੰ ਕੀਤੀ ਦਾਨ (Body Donation)
- ਬਲਾਕ ਨਦਾਮਪੁਰ ਦਾ ਦੂਸਰਾ ਤੇ ਪਿੰਡ ਨਦਾਮਪੁਰ ਦਾ ਪਹਿਲਾ ਸਰੀਰਦਾਨ
(ਵਿਜੈ ਸਿੰਗਲਾ) ਭਵਾਨੀਗੜ੍ਹ। ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਨਦਾਮਪੁਰ ਦੇ ਵਸਨੀਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਬਲਦੇਵ ਸਿੰਘ ਇੰਸਾਂ, ਉਮਰ 70 ਸਾਲ ਜੋ ਕਿ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਹਨ, ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ (Body Donation) ਲਈ ਸੰਤੋਸ਼ ਡੈਂਟਲ ਕਾਲਜ ਪ੍ਰਤਾਪ ਵਿਹਾਰ ਗਾਜ਼ੀਆਬਾਦ (ਯੂ.ਪੀ.) ਨੂੰ ਦਾਨ ਕੀਤੀ ਗਈ।
ਮ੍ਰਿਤਕ ਦੇਹ ਨੂੰ ਬਲਾਕ ਨਦਾਮਪੁਰ ਦੇ ਜ਼ਿੰਮੇਵਾਰਾਂ ਵੱਲੋਂ ਝੰਡੀ ਦੇ ਕੇ ਕੀਤਾ ਰਵਾਨਾ
ਸਰੀਰਦਾਨ ਕਰਨ ਤੋਂ ਪਹਿਲਾਂ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ਵਿੱਚ ਰੱਖਿਆ ਗਿਆ ਜਿਸ ਨੂੰ ਬਲਾਕ ਨਦਾਮਪੁਰ ਦੇ ਜ਼ਿੰਮੇਵਾਰਾਂ ਵੱਲੋਂ ਝੰਡੀ ਦੇ ਕੇ ਤੇ ਪਵਿੱਤਰ ਨਾਅਰਾ ਲਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਭੰਗੀਦਾਸ ਦੇਵੀਦਿਆਲ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 142 ਮਾਨਵਤਾ ਭਲਾਈ ਕਾਰਜਾਂ ਤਹਿਤ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਮੁੱਖ ਕਾਰਜ ਹੈ ਜਿਸ ਨਾਲ ਮੈਡੀਕਲ ਦੀ ਪੜ੍ਹਾਈ ਕਰਦੇ ਬੱਚਿਆਂ ਨੂੰ ਨਵੀਆਂ-ਨਵੀਆਂ ਖੋਜਾਂ ਤੇ ਭਿਆਨਕ ਬਿਮਾਰੀਆਂ ਬਾਰੇ ਖੋਜ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇੱਕ ਮ੍ਰਿਤਕ ਸਰੀਰ ਤੋਂ 22 ਡਾਕਟਰ ਤਿਆਰ ਹੁੰਦੇ ਹਨ।
ਉਨ੍ਹਾਂ ਇਸ ਕਾਰਜ ਲਈ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਾਨਵਤਾ ਭਲਾਈ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਇਸ ਮੌਕੇ ਬਲਾਕ ਕਮੇਟੀ ਦੇ ਜਿੰਮੇਵਾਰ ਬਘੇਲ ਸਿੰਘ ਇੰਸਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ ਜੋ ਕਿ ਕਿਸੇ ਕਰਮਾਂ ਵਾਲੇ ਪਰਿਵਾਰ ਦੇ ਹਿੱਸੇ ਆਉਂਦੀ ਹੈ।
ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਹੋਵੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਂਅ
ਉਨ੍ਹਾਂ ਕਿਹਾ ਕਿ ਬਲਦੇਵ ਸਿੰਘ ਇੰਸਾਂ ਬਲਾਕ ਨਦਾਮਪੁਰ ਦਾ ਅਣਥੱਕ ਸੇਵਾਦਾਰ ਸੀ ਜੋ ਕਿ ਪੂਰੀ ਲਗਨ ਨਾਲ ਲੋੜਵੰਦਾਂ ਦੀ ਮੱਦਦ ਕਰਦਾ ਸੀ ਤੇ ਬਲਾਕ ਦੀ ਸਾਧ-ਸੰਗਤ ਨਾਲ ਮਿਲ-ਜੁਲ ਕੇ ਸੇਵਾ ਕਰਦਾ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ, ਸਾਧ-ਸੰਗਤ ਤੇ ਪਿੰਡ ਦੇ ਪਤਵੰਤਿਆਂ ਨੇ ਬਲਦੇਵ ਸਿੰਘ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਬਲਾਕ ਦੇ 15 ਮੈਂਬਰ, ਪਿੰਡਾਂ ਸ਼ਹਿਰਾਂ ਦੇ ਭੰਗੀਦਾਸ, ਸਾਧ-ਸੰਗਤ, ਰਿਸ਼ਤੇਦਾਰ ਤੇ ਪਿੰਡ ਦੇ ਪਤਵੰਤੇ ਵੱਡੀ ਗਿਣਤੀ ’ਚ ਹਾਜਰ ਸਨ। ਜ਼ਿਕਰਯੋਗ ਹੈ ਕਿ ਇਹ ਸਰੀਰਦਾਨ ਬਲਾਕ ਨਦਾਮਪੁਰ ਦਾ ਦੂਸਰਾ ਤੇ ਪਿੰਡ ਨਦਾਮਪੁਰ ਦਾ ਪਹਿਲਾ ਸਰੀਰਦਾਨ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ