ਪੰਜਾਬ ਦੀਆਂ ਸਿਰਫ਼ 2 ਸੀਟਾਂ ‘ਤੇ ਹੀ ਕੀਤਾ ਸੀ ਪ੍ਰਚਾਰ, ਨਹੀਂ ਮਿਲਿਆ ਕੋਈ ਫਾਇਦਾ
ਚੰਡੀਗੜ੍ਹ, (ਅਸ਼ਵਨੀ ਚਾਵਲਾ) | ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਬਣ ਕੇ ਲਗਾਤਾਰ 30 ਦਿਨ ਤੱਕ ਪ੍ਰਚਾਰ ਕਰਨ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਵਿੱਚ ਜਿਹੜੀ ਜਿਹੜੀ ਸੀਟ ‘ਤੇ ਪ੍ਰਚਾਰ ਕੀਤਾ, ਉਹ ਸੀਟ ਹੀ ਕਾਂਗਰਸ ਹਾਰ ਗਈ। ਕਾਂਗਰਸ ਪਾਰਟੀ ਨੇ ਜਿਹੜੀ ਸੀਟ ‘ਤੇ ਸਿੱਧੂ ਤੋਂ ਪ੍ਰਚਾਰ ਨਹੀਂ ਕਰਵਾਇਆ ਹੈ, ਉਹ ਸਾਰੀਆਂ ਸੀਟਾਂ ਕਾਂਗਰਸ ਨੇ ਵੱਡੀ ਲੀਡ ਨਾਲ ਜਿੱਤ ਕੇ ਵਿਰੋਧੀਆਂ ਨੂੰ ਮਾਤ ਦਿੱਤੀ ਹੈ। ਸਿੱਧੂ ਦਾ ਜਾਦੂ ਪੰਜਾਬ ਵਿੱਚ ਨਾ ਚੱਲਣ ਕਾਰਨ ਉਨ੍ਹਾਂ ਦੇ ਸਿਆਸੀ ਕੱਦ ‘ਤੇ ਵੀ ਕਾਫ਼ੀ ਜਿਆਦਾ ਅਸਰ ਪਾਏਗਾ।
ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਨਵਜੋਤ ਸਿੱਧੂ ਦੀ ਪ੍ਰਚਾਰ ਕਰਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਕੱਤਰ ਪ੍ਰਿਅੰਕਾ ਗਾਂਧੀ ਖ਼ਾਸ ਤੌਰ ‘ਤੇ ਡਿਊਟੀ ਲਗਾਈ ਹੋਈ ਸੀ ਅਤੇ ਬਕਾਇਦਾ ਪ੍ਰਾਈਵੇਟ ਜੈੱਟ ਵੀ ਦਿੱਤਾ ਹੋਇਆ ਸੀ ਤਾਂ ਕਿ ਪ੍ਰਚਾਰ ਵਿੱਚ ਕੋਈ ਦਿੱਕਤ ਨਾ ਆਏ।
ਪੰਜਾਬ ਵਿੱਚ ਕਾਂਗਰਸ ਪਾਰਟੀ ਨਵਜੋਤ ਸਿੱਧੂ ਤੋਂ ਪ੍ਰਚਾਰ ਨਹੀਂ ਕਰਵਾਉਣਾ ਚਾਹੁੰਦੀ ਸੀ, ਜਿਸ ਕਾਰਨ ਦੇਸ਼ ਭਰ ਵਿੱਚ ਪ੍ਰਚਾਰ ਕਰ ਰਹੇ ਸਿੱਧੂ ਨੇ ਪੰਜਾਬ ਵਿੱਚ ਪ੍ਰਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਬਾਵਜੂਦ ਇਸ ਦੇ ਪੰਜਾਬ ਵਿੱਚ 2 ਸੀਟਾਂ ‘ਤੇ ਪ੍ਰਚਾਰ ਕਰਵਾਉਣ ਲਈ ਖ਼ੁਦ ਉਮੀਦਵਾਰਾਂ ਨੇ ਖ਼ਾਸ ਜੋਰ ਪਾਇਆ ਤੇ ਨਵਜੋਤ ਸਿੱਧੂ ਨੇ ਉਨ੍ਹਾਂ ਦੋਵਾਂ ਲੋਕ ਸਭਾ ਸੀਟਾਂ ਬਠਿੰਡਾ ਤੇ ਗੁਰਦਾਸਪੁਰ ਵਿਖੇ ਪ੍ਰਚਾਰ ਵੀ ਕੀਤਾ।
ਨਵਜੋਤ ਸਿੱਧੂ ਨੇ ਇਨ੍ਹਾਂ ਦੋਵਾਂ ਸੀਟਾਂ ‘ਤੇ ਪ੍ਰਚਾਰ ਕਰਦੇ ਹੋਏ ਪੂਰਾ ਜੋਰ ਲਗਾਇਆ ਪਰ ਇਨ੍ਹਾਂ ਦੋਵਂੇ ਸੀਟਾਂ ‘ਤੇ ਹੀ ਕਾਂਗਰਸ ਪਾਰਟੀ ਨੂੰ ਸਫ਼ਲਤਾ ਹਾਸਲ ਨਹੀਂ ਹੋਈ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ 22 ਹਜ਼ਾਰ ਵੋਟਾਂ ਨਾਲ ਮਾਤ ਦਿੰਦੇ ਹੋਏ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ ਗੁਰਦਾਸਪੁਰ ਵਿਖੇ ਸੰਨੀ ਦਿਓਲ ਨੇ ਆਪਣੇ ਵਿਰੋਧੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ 77 ਹਜ਼ਾਰ ਵੋਟਾਂ ਨਾਲ ਮਾਤ ਦਿੰਦੇ ਹੋਏ ਜਿੱਤ ਹਾਸਲ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।