ਕੌਮਾਂਤਰੀ ਯੋਗ ਦਿਵਸ ‘ਤੇ ਵਿਸ਼ੇਸ਼
ਯੋਗ ਦਾ ਇਤਿਹਾਸ ਭਾਰਤ ਦੇ ਗੌਰਵਸ਼ਾਲੀ ਅਤੇ ਸੁਨਹਿਰੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਯੋਗ ਆਧੁਨਿਕ ਭਾਰਤ ਨੂੰ ਪ੍ਰਾਚੀਨ ਭਾਰਤ ਦੀ ਬਹੁਮੁੱਲੀ ਭੇਂਟ ਹੈ। ਯੋਗ ਇੱਕ ਤਰ੍ਹਾਂ ਦੀ ਅਧਿਆਤਮਕ ਪ੍ਰਕਿਰਿਆ ਹੈ ਜੋ ਸਾਡੇ ਮਨ, ਸਰੀਰ ਅਤੇ ਆਤਮਾ ਨੂੰ ਇਕੱਠੇ ਲਿਆ ਕੇ ਜੀਵਨ ਨੂੰ ਖ਼ੁਸ਼ਨੁਮਾ ਬਣਾ ਦੇਂਦਾ ਹੈ। ਭਾਰਤ ਦੀ ਦੇਣ ਯੋਗ ਨੂੰ ਹੌਲੀ-ਹੌਲੀ ਸਾਰੀ ਦੁਨੀਆਂ ਨੇ ਅਪਣਾ ਲਿਆ ਹੈ। ਵਿਸ਼ਵਭਰ ਵਿੱਚ ਕੌਮਾਂਤਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ।
ਇਹ ਸਾਲ ਦਾ ਸਭ ਤੋਂ ਲੰਮਾ ਅਤੇ ਗਰਮ ਦਿਨ ਹੁੰਦਾ ਹੈ ਪਰ ਯੋਗ ਸਾਧਕਾਂ ਲਈ ਅਤਿ ਊਰਜਾ ਵਾਲਾ ਦਿਨ। 2014 ਵਿਚ ਯੋਗ ਦਿਵਸ ਬਾਰੇ ਯੂਨਾਇਟੇਡ ਨੈਸ਼ਨਲ ਜਨਰਲ ਅਸੈਂਬਲੀ ਵਿੱਚ ਰੱਖੇ ਪ੍ਰਸਤਾਵ ਦਾ 177 ਦੇਸ਼ਾਂ ਦੁਆਰਾ ਸਮੱਰਥਨ ਕੀਤਾ ਗਿਆ ਅਤੇ 21 ਜੂਨ ਦਾ ਦਿਨ ਐਲਾਨਿਆ ਗਿਆ ‘ਕੌਮਾਂਤਰੀ ਯੋਗ ਦਿਵਸ’। ਹਰ ਸਾਲ ਇਸ ਦਿਨ ਨੂੰ 200 ਤੋਂ ਵੀ ਵੱਧ ਮੁਲਕਾਂ ਦੁਆਰਾ ਮਨਾ ਕੇ ਲੋਕਾਂ ਨੂੰ ਯੋਗ ਦੀ ਅਧਿਆਤਮਕ ਪ੍ਰਕਿਰਿਆ ਬਾਰੇ ਸੁਚੇਤ ਕੀਤਾ ਜਾਂਦਾ ਹੈ। 21 ਜੂਨ 2015 ਨੂੰ ਐਨ ਸੀ ਸੀ ਕੈਡੇਟਸ ਦੁਆਰਾ ਇੱਕ ਹੀ ਸਮੇਂ ‘ਤੇ ਵੱਖ-ਵੱਖ ਥਾਵਾਂ ‘ਤੇ ਇਕੱਠੇ ਯੋਗ ਕਰ ਕੇ ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਨਾਂਅ ਦਰਜ਼ ਕਰਵਾਇਆ ਗਿਆ।
ਯੋਗ ਸ਼ਬਦ ਉਪਜਿਆ ਹੈ ਸੰਸਕ੍ਰਿਤ ਦੇ ਸ਼ਬਦ ਯੁਜ ਤੋਂ ਜਿਸਦਾ ਅਰਥ ਹੈ ਜੁੜਨਾ। ਯੋਗ ਦੇ ਚਾਰ ਪ੍ਰਮੁੱਖ ਰਸਤੇ ਮੰਨੇ ਜਾਂਦੇ ਹਨ- ਰਾਜ ਯੋਗ, ਕਰਮ ਯੋਗ, ਭਗਤੀ ਯੋਗ ਅਤੇ ਗਿਆਨ ਯੋਗ। ਰਾਜ ਯੋਗ ਜਾਂ ਅਸ਼ਟਾਂਗ ਯੋਗ ਵਿੱਚ ਧਿਆਨ ‘ਤੇ ਕੰਮ ਕੀਤਾ ਜਾਂਦਾ ਹੈ। ਕਰਮ ਯੋਗ ਦੁਆਰਾ ਸਰੀਰ ਦੇ ਪ੍ਰਯੋਗ ਨਾਲ ਵਰਤਮਾਨ ਨੂੰ ਚੰਗਾ ਬਣਾ ਕੇ ਭਵਿੱਖ ਨੂੰ ਉੱਜਵਲ ਬਣਾਇਆ ਜਾਂਦਾ ਹੈ। ਭਗਤੀ ਯੋਗ ਕਣ-ਕਣ ਵਿੱਚ ਵੱਸੇ ਪਰਮਾਤਮਾ ਨੂੰ ਮਹਿਸੂਸ ਕਰ ਕੇ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਨਾ ਸਿਖਾਉਂਦਾ ਹੈ। ਗਿਆਨ ਯੋਗ ਜਾਂ ਬੁੱਧੀ ਯੋਗ ਬੌਧਿਕ ਵਿਕਾਸ ਵਿੱਚ ਸਹਾਈ ਬਣ ਕੇ ਅਧਿਐਨ ਵਿੱਚ ਮੱਦਦ ਕਰਦਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਹੁਣ ਸਤਾਵੇਗਾ ਗਰਮ, ਇੱਕ ਹਫ਼ਤੇ ’ਚ 35 ਤੋਂ ਸਿੱਧਾ 45 ਡਿਗਰ ਪਾਰ ਹੋਵੇਗਾ ਤਾਪਮਾਨ
ਯੋਗ ਦੇ ਕਈ ਬਹੁਮੁੱਲੇ ਲਾਭ ਹਨ। ਯੋਗ ਨਾਲ ਮਨੁੱਖ ਕੁਦਰਤ ਦੇ ਨਾਲ ਮਿੱਠਾ ਸਬੰਧ ਬਣਾ ਕੇ ਬਦਲਦੇ ਵਾਤਾਵਰਨ ਅਨੁਸਾਰ ਖੁਦ ਨੂੰ ਢਾਲ ਸਕਦਾ ਹੈ। ਯੋਗ ਦੇ ਵੱਖ-ਵੱਖ ਆਸਣਾਂ ਨਾਲ ਸਰੀਰ ਦੇ ਸਾਰੇ ਅੰਗਾਂ ਦੀ ਕਸਰਤ ਹੁੰਦੀ ਹੈ। ਯੋਗ ਅਭਿਆਸ ਨਾਲ ਮਾਸਪੇਸ਼ੀਆਂ ਮਜ਼ਬੂਤ, ਚੰਗੀ ਨੀਂਦ, ਭੁੱਖ ਲੱਗਣਾ, ਫੇਫੜਿਆਂ ਵਿੱਚ ਆਕਸੀਜ਼ਨ ਗ੍ਰਹਿਣ ਕਰਨ ਦੀ ਸਮਰੱਥਾ ਵਧਣਾ, ਮਨ ਦੀ ਇਕਾਗਰਤਾ ਵਧਣਾ ਅਤੇ ਬਲੱਡ ਸ਼ੂਗਰ ਕੰਟਰੋਲ ਵਿੱਚ ਰੱਖਣ ਵਰਗੇ ਲਾਭ ਲਏ ਜਾ ਸਕਦੇ ਹਨ।
ਯੋਗ ਕਰਨ ਨਾਲ ਸਰੀਰ ਨਿਰੋਗ ਰਹਿੰਦਾ ਹੈ, ਸਿਹਤ ਸੁਧਰਦੀ ਹੈ ਅਤੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਦਾ ਵਿਕਾਸ ਹੁੰਦਾ ਹੈ। ਯੋਗ ਆਸਣਾਂ ਦੇ ਸੰਜਮ, ਲਗਨ ਅਤੇ ਲਗਾਤਾਰ ਅਭਿਆਸ ਨਾਲ ਅਸਥਮਾ, ਸ਼ੂਗਰ, ਬਲੱਡ ਪ੍ਰੈਸ਼ਰ, ਗਠੀਆ, ਪਾਚਨ ਵਿਕਾਰ, ਗਲਾ, ਅੱਖਾਂ, ਨੀਂਦ ਘੱਟ ਆਉਣਾ, ਮਾਨਸਿਕ ਅਸ਼ਾਂਤੀ, ਫੇਫੜੇ, ਰੀੜ੍ਹ ਦੀ ਹੱਡੀ, ਭੁੱਖ ਘੱਟ ਲੱਗਣਾ, ਧੁੰਨੀ, ਜ਼ੁਕਾਮ, ਕਮਰ ਦਰਦ ਆਦਿ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਵਿੱਚ ਸਕਾਰਾਤਮਕ ਨਤੀਜ਼ੇ ਮਿਲਦੇ ਹਨ। ਇੰਨੇ ਲਾਭਦਾਇਕ ਯੋਗ ਆਸਣਾਂ ਨੂੰ ਬਿਮਾਰੀਆਂ ਦੇ ਉਪਚਾਰ ਲਈ ਕਰਨ ਤੋਂ ਪਹਿਲਾਂ ਯੋਗ ਗੁਰੂ ਦੀ ਸਲਾਹ ਅਤੇ ਦੇਖ-ਰੇਖ ਬੜੀ ਲਾਭਦਾਇਕ ਹੁੰਦੀ ਹੈ। ਯੋਗ ਹਮੇਸ਼ਾ ਸ਼ਾਂਤ ਵਾਤਾਵਰਨ ਵਿੱਚ ਸੂਰਜ ਚੜ੍ਹਨ ਤੋਂ 1-2 ਘੰਟੇ ਪਹਿਲਾਂ ਖਾਲੀ ਪੇਟ ਕਰਨਾ ਚਾਹੀਦਾ ਹੈ। ਜ਼ਰੂਰਤ ਮਹਿਸੂਸ ਹੋਵੇ ਤਾਂ ਕੋਸੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਸੇਵਨ ਕੀਤਾ ਜਾ ਸਕਦਾ ਹੈ।
ਯੋਗ ਹਮੇਸ਼ਾ ਸ਼ਾਂਤ ਦਿਮਾਗ ਨਾਲ ਬਿਨਾਂ ਕਿਸੇ ਤਣਾਅ ਦੇ ਕਰਨਾ ਚਾਹੀਦਾ ਹੈ। ਯੋਗ ਅਭਿਆਸ ਹਲਕੇ ਸੂਤੀ ਕੱਪੜੇ ਪਹਿਨੇ ਕੇ, ਮੈਟ ਜਾਂ ਦਰੀ ਉੱਪਰ ਕਰੋ। ਘੱਟ ਉੱਮਰ ਦੇ ਬੱਚੇ ਮੁਸ਼ਕਿਲ ਆਸਣ ਨਾਂ ਕਰਨ ਜਾਂ ਯੋਗ ਗੁਰੂ ਦੀ ਸਲਾਹ ਨਾਲ ਕਰਨ। ਯੋਗ ਗੁਰੂ ਦੀ ਸਲਾਹ ਬਿਮਾਰੀ ਦੌਰਾਨ ਯੋਗ ਕਰਨ ਵੇਲੇ ਵੀ ਬਹੁਤ ਜਰੂਰੀ ਹੈ। ਯੋਗ ਦੌਰਾਨ ਆਪਣੀ ਸਮਰੱਥਾ ਤੋਂ ਵੱਧ ਜ਼ੋਰ ਸਰੀਰ ‘ਤੇ ਨਾ ਪਾਓ। ਯੋਗ ਦੇ 30 ਮਿੰਟ ਬਾਅਦ ਹੀ ਖਾਣਾ ਜਾਂ ਇਸ਼ਨਾਨ ਕਰਨਾ ਚਾਹੀਦਾ ਹੈ।
ਯੋਗ ਅਭਿਆਸ ਦੇ ਚੰਗੇ ਨਤੀਜ਼ਿਆਂ ਲਈ ਆਪਣੇ ਖਾਨ-ਪਾਣ ‘ਤੇ ਕੰਟਰੋਲ ਰੱਖਦੇ ਹੋਏ ਭਰਪੂਰ ਨੀਂਦ ਲਓ। ਸਰੀਰ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਯੋਗ ਵਿੱਚ ਕਈ ਪ੍ਰਕਾਰ ਦੇ ਆਸਣ ਹਨ ਜਿਨ੍ਹਾਂ ਵਿੱਚ ਮੁੱਖ ਹਨ- ਪ੍ਰਾਣਾਯਾਮ, ਅਨੁਲੋਮ ਵਿਲੋਮ, ਕਪਾਲਭਾਤੀ, ਭ੍ਰਮਰੀ, ਸੂਰਯ ਨਮਸਕਾਰ, ਨਾਵਾਸਨ, ਸ਼ਿਰਸਾਸਨ, ਹਲਾਸਨ, ਸਰਵਾਂਗਸਮ, ਪਾਦਹਸਤਾਸਨ, ਗੋਮੁਖ਼ਾਸਨ, ਸ਼ੰਖਾਸਨ, ਤਾੜਾਸਨ, ਬ੍ਰਿਖਾਸਨ, ਤ੍ਰਿਕੋਨ ਆਸਨ, ਭੁਜੰਗਾਸਨ, ਮਕਰਾਸਨ, ਸੇਤੂਬੰਧਾਸਨ, ਪਵਨਮੁਕਤਾਸਨ ਆਦਿ। ਯੋਗ ਦੇ ਅੰਤ ਵਿੱਚ ਸ਼ਵਾਸਨ ਕੀਤਾ ਜਾਂਦਾ ਹੈ। ਅੱਜ-ਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਹਰ ਮਨੁੱਖ ਭੌਤਿਕ ਸੁੱਖਾਂ ਦੀ ਤਲਾਸ਼ ਵਿੱਚ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਗ਼ਲਤ ਖਾਣ-ਪਾਣ ਤੇ ਝਟਪਟ ਬਿਮਾਰੀ ਠੀਕ ਕਰਨ ਲਈ ਦਵਾਈਆਂ ਦੇ ਮੱਕੜਜਾਲ ਵਿੱਚ ਫਸਦਾ ਜਾ ਰਿਹਾ ਹੈ। ਐਸੇ ਸਮੇਂ ਵਿੱਚ ਯੋਗ ਮਨੁੱਖ ਅਤੇ ਕੁਦਰਤ ਦਾ ਮਧੁਰ ਮਿਲਨ ਕਰਵਾ ਕੇ ਉਸਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਰੰਗ ਭਰ ਸਕਦਾ ਹੈ। ਤਾਂ ਆਓ! ਅਸੀਂ ਯੋਗ ਅਪਣਾ ਕੇ ਜ਼ਿੰਦਗੀ ਨੂੰ ਨਿਰੋਗ ਬਣਾਈਏ।