ਜੇਈ ਨੇ ਖੁਦ ਹੀ ਤਾਰ ਜੋੜਨ ਦਾ ਕਹਿਕੇ ਬਾਅਦ ‘ਚ ਮਾਰਿਆ ਛਾਪਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਵਿਜੀਲੈਂਸ ਬਿਊਰੋ, ਪਟਿਆਲਾ ਨੇ ਪਾਵਰਕੌਮ ਦੇ ਇੱਕ ਜੇ.ਈ. ਨੂੰ 8 ਹਜ਼ਾਰ ਰੁਪਏ ਦੀ ਵੱਢੀ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਹਰਵਿੰਦਰ ਸਿੰਘ ਪੁੱਤਰ ਸਵ: ਗੁਰਦੇਵ ਸਿੰਘ ਵਾਸੀ ਹੀਰਾ ਕਲੋਨੀ ਬਹਾਦਰਗੜ੍ਹ, ਜੋ ਕਿ ਖੇਤੀਬਾੜੀ ਕਰਦਾ ਹੈ ਕੋਲ ਤਿੰਨ ਕਿੱਲੇ ਜ਼ਮੀਨ ਹੀਰਾ ਕਲੋਨੀ ਬਹਾਦਰਗੜ੍ਹ ਵਿਖੇ ਹੈ, ਜਿਸ ‘ਚ ਉਸ ਨੇ ਆਪਣੀ ਰਿਹਾਇਸ਼ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਰਿਹਾਇਸ਼ ਵਿਚਲੇ ਬਿਜਲੀ ਮੀਟਰ ਵਿੱਚ ਲੱਗੀ ਤਾਰ ਪਿਛਲੇ ਦਿਨੀਂ ਸੜ ਗਈ ਸੀ, ਜਿਸ ਸਬੰਧੀ ਉਸ ਨੇ ਆਪਣੇ ਏਰੀਏ ਦੇ ਜੇ.ਈ. ਕਰਮਜੀਤ ਸਿੰਘ ਨਾਲ ਰਾਬਤਾ ਕਾਇਮ ਕੀਤਾ। ਉਸ ਨੇ ਹਰਵਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਖੁਦ ਹੀ ਤਾਰ ਜੋੜ ਲਵੋ।
ਜੇ.ਈ. ਦੇ ਕਹਿਣ ‘ਤੇ ਉਨ੍ਹਾਂ ਆਪਣੀ ਤਾਰ ਜੋੜ ਕੇ ਬਿਜਲੀ ਚਾਲੂ ਕਰ ਲਈ। ਤਾਰ ਜੋੜਨ ਦੇ ਕੁਝ ਸਮੇਂ ਬਾਅਦ ਹੀ ਜੇ.ਈ. ਕਰਮਜੀਤ ਸਿੰਘ ਆਪਣੇ ਕਰਮਚਾਰੀਆਂ ਨਾਲ ਉਨ੍ਹਾਂ ਦੇ ਘਰ ਆਇਆ ਤੇ ਕਿਹਾ ਲੱਗਾ ਕਿ ‘ਤੂੰ ਬਿਜਲੀ ਚੋਰੀ ਕਰ ਰਿਹਾ ਹੈਂ ਤੇ ਤੇਰੇ ‘ਤੇ ਬਿਜਲੀ ਚੋਰੀ ਦਾ ਕੇਸ ਬਣੇਗਾ’। ਬਿਜਲੀ ਚੋਰੀ ਦਾ ਕੇਸ ਨਾ ਬਣਾਉਣ ਬਦਲੇ ਉਕਤ ਜੇ.ਈ.ਨੇ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਸੌਦਾ 8 ਹਜ਼ਾਰ ਰੁਪਏ ‘ਚ ਤੈਅ ਹੋ ਗਿਆ। ਅੱਜ ਜੇ.ਈ. ਕਰਮਜੀਤ ਸਿੰਘ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਸਬ ਡਿਬੀਜਨ ਬਹਾਦਰਗੜ੍ਹ ਵਿਖੇ 8 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਇੰਸਪੈਕਟਰ ਰਾਮਫਲ ਨੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ । ਉਕਤ ਵੱਢੀ ਵਾਲੇ ਪੈਸੇ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਬਰਾਮਦ ਕੀਤੇ ਗਏ। ਵਿਜੀਲੈਂਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਜੇ.ਈ. ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਦੀ ਟੀਮ ‘ਚ ਇੰਸਪੈਕਟਰ ਪਰਮਜੀਤ ਕੁਮਾਰ, ਸਬ ਇੰਸਪੈਕਟਰ ਹਰਮਿੰਦਰ ਸਿੰਘ, ਏ.ਐਸ.ਆਈ. ਕੁਲਵਿੰਦਰ ਸਿੰਘ, ਵਿਜੈ ਸ਼ਾਰਦਾ, ਸ਼ਾਮ ਸੁੰਦਰ ਮਨਦੀਪ ਸਿੰਘ ਸ਼ਾਮਲ ਸਨ।