ਬਿਜਲੀ ਚੋਰੀ ਦੇ ਮਾਮਲੇ ’ਚ ਪਾਵਰਕੌਮ ਨੇ ਆਪਣੇ ਹੀ ਸਹਾਇਕ ਲਾਇਨਮੈਨ ਨੂੰ ਕੀਤਾ ਮੁਅੱਤਲ

meeter theif, Power Theft Case

ਹਰਦੇਵ ਸਿੰਘ ਨੂੰ ਆਪਣੇ ਘਰ ਬਿਜਲੀ ਚੋਰੀ ਕਰਨ ਦੇ ਦੋਸ ’ਚ ਕੀਤਾ ਮੁਅੱਤਲ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਬਿਜਲੀ ਚੋਰਾਂ ਖਿਲਾਫ ਪਾਵਰਕੌਮ ਨੇ ਸਖਤ ਰੁੱਖ ਅਪਣਾਇਆ ਹੋਇਆ ਹੈ ਅਤੇ ਪਾਵਰਕੌਮ ਕਿਸੇ ਨੂੰ ਵੀ ਚੋਰੀ ਕਰਨ ਦੇ ਮਾਮਲੇ ’ਚ ਬਖਸਣ ਦੇ ਮੂਡ ’ਚ ਨਹੀਂ ਹੈ। ਜਿੱਥੇ ਪਾਵਰਕੌਮ ਵੱਲੋਂ ਵੱਖ-ਵੱਖ ਅਦਾਰਿਆਂ ’ਚ ਬਿਜਲੀ ਚੋਰੀ ਦੇ ਮਾਮਲੇ ’ਚ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ, ਉਥੇਂ ਹੀ ਅੱਜ ਪਾਵਰਕੌਮ ਨੇ ਆਪਣੇ ਮਹਿਕਮੇ ਦੇ ਇੱਕ ਸਹਾਇਕ ਲਾਇਨਮੈਨ ਨੂੰ ਆਪਣੇ ਘਰ ਬਿਜਲੀ ਚੋਰੀ ਕਰਨ ਦੇ ਮਾਮਲੇ ’ਚ ਟੰਗਿਆ ਹੈ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਇੱਕ ਸਿਕਾਇਤ ਦੇ ਆਧਾਰ ’ਤੇ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਨੇ ਅੱਜ ਅਬੋਹਰ ਵਿਖੇ ਤਾਇਨਾਤ ਹਰਦੇਵ ਸਿੰਘ ਸਹਾਇਕ ਲਾਈਨਮੈਨ ਨੂੰ ਉਸਦੇ ਘਰ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ। ਪਾਵਰਕੌਮ ਨੇ ਸਿਕਾਇਤ ਦਾ ਗੰਭੀਰ ਨੋਟਿਸ ਲਿਆ ਹੈ। ਸਿਕਾਇਤ ਦੀ ਜਾਂਚ ਇਨਫੋਰਸਮੈਂਟ ਸੰਸਥਾ ਦੁਆਰਾ ਕੀਤੀ ਗਈ ਸੀ ਤਾਂ ਸਾਹਮਣੇ ਆਇਆ ਸੀ ਕਿ ਐੱਮਸੀਬੀ/ਐਮਟੀਸੀ ਸੀਲਾਂ ਟੁੱਟੀਆਂ ਹੋਈਆਂ ਸਨ ਅਤੇ ਮੀਟਰ ਨੂੰ ਬਾਈਪਾਸ ਕਰਨ ਅਤੇ ਸਿੱਧੀ ਸਪਲਾਈ ਦੇਣ ਲਈ 2 ਕੋਰ ਕੇਬਲ ਦੀ ਵਰਤੋਂ ਕੀਤੀ ਜਾ ਰਹੀ ਸੀ ਜੋ ਸਪੱਸਟ ਤੌਰ ’ਤੇ ਬਿਜਲੀ ਦੀ ਚੋਰੀ ਨੂੰ ਸਾਬਤ ਕਰਦੀ ਹੈ ।

ਮੁਅੱਤਲੀ ਦੌਰਾਨ ਹਰਦੇਵ ਸਿੰਘ ਦਾ ਹੈੱਡਕੁਆਰਟਰ ਦਫਤਰ ਐਸ.ਈ ਵੰਡ ਸਰਕਲ ਪੀ.ਐਸ.ਪੀ.ਸੀ.ਐਲ ਫਰੀਦਕੋਟ ਦੇ ਦਫਤਰ ਵਿੱਚ ਨਿਸ਼ਚਿਤ ਕੀਤਾ ਗਿਆ ਹੈ। ਏਐਲਐਮ ਹਰਦੇਵ ਸਿੰਘ ਨੂੰ ਚਾਰਜਸੀਟ ਕੀਤਾ ਗਿਆ ਹੈ ਅਤੇ ਜੇਕਰ ਇਹ ਦੋਸ਼ ਵਿਭਾਗੀ ਜਾਂਚ ਵਿੱਚ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ ਹਨ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਕਿਸੇ ਵੀ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਗਲਤੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ