ਪਾਵਰਕੌਮ ਦੇ ਠੇਕਾ ਕਾਮਿਆਂ ਨੇ ਬੱਸ ਸਟੈਂਡ ਵਾਲਾ ਚੌਂਕ ਕੀਤਾ ਜਾਮ

ਦੋ ਕਾਮੇ ਫਲੈਕਸ ਲਾਉਣ ਵਾਲੇ ਕਈ ਫੁੱਟ ਉੱਚੇ ਫਰੇਮ ‘ਤੇ ਚੜ੍ਹੇ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਵਰਕੋਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮਾਂ ਵੱਲੋਂ ਪਰਿਵਾਰਾਂ ਸਮੇਤ ਪਟਿਆਲਾ ਦੇ ਬੱਸ ਸਟੈਂਡ ਚੌਂਕ ਵਿਖੇ ਜਾਮ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਦੌਰਾਨ ਯੂਨੀਅਨ ਦੇ ਦੋਂ ਕਾਰਕੁੰਨ ਬੱਸ ਸਟੈਂਡ ਵਿਖੇ ਕਈ ਫੁੱਟ ਉੱਚੇ ਲੱਗੇ ਵੱਡੇ ਫਲੈਕਸ ਲਾਉਣ ਵਾਲੇ ਲੋਹੇ ਦੇ ਫਰੇਮਾਂ ਉੱਪਰ ਚੜ੍ਹ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਲੱਗੇ। ਜਦਕਿ ਬਾਕੀਆਂ ਵੱਲੋਂ ਚਾਰੇ ਪਾਸੇ ਜਾਮ ਲਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ ਜਾਣ ਲੱਗਾ।

ਇਸ ਪ੍ਰਦਰਸ਼ਨ ਵਿੱਚ  ਸਰਕਲ ਬਰਨਾਲਾ, ਸੰਗਰੂਰ, ਪਟਿਆਲਾ ਅਤੇ ਖੰਨਾ ਨਾਲ ਸਬੰਧਿਤ ਠੇਕਾ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਹੋਏ ਸਨ। ਇਸ ਮੌਕੇ ਸਰਕਲ ਪ੍ਰਧਾਨ ਚਮਕੌਰ ਸਿੰਘ, ਹਰਮੀਤ ਸਿੰਘ, ਅਵਤਾਰ ਸਿੰਘ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਨੇ ਚਾਰੋਂ ਸਰਕਲਾਂ ਅੰਦਰ ਇੱਕ ਨਵੰਬਰ ਤੋਂ ਵਰਕ ਆਰਡਰ ਜਾਰੀ ਨਹੀਂ ਕੀਤੇ ਗਏ, ਜਿੱਥੇ ਕਿ ਸੀ ਐੱਚ ਬੀ ਠੇਕਾ ਕਾਮਿਆਂ ਦੇ ਰੁਜ਼ਗਾਰ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ।  ਉਨ੍ਹਾਂ ਦੱਸਿਆ ਕਿ ਪਾਵਰਕੌਮ ਸੀਐਚ ਵੀ ਠੇਕਾ ਕਾਮਿਆਂ ਨੂੰ ਨਿੱਜੀਕਰਨ ਦੇ ਹੱਲੇ ਤਹਿਤ ਭਰਤੀ ਕੀਤਾ ਗਿਆ ਪਰ ਉਨ੍ਹਾਂ ਕੋਲੋਂ ਅੱਠ ਘੰਟੇ ਦੀ ਬਜਾਏ ਬਾਰਾਂ ਬਾਰਾਂ ਘੰਟੇ ਕੰਮ ਲਿਆ ਗਿਆ ।

ਕੰਮ ਦੇ ਦੌਰਾਨ ਬਿਜਲੀ ਦਾ ਕੰਮ ਖ਼ਤਰਨਾਕ ਹੋਣ ਕਰਕੇ ਕਈ ਕਾਮੇ ਮੌਤ ਦੇ ਮੂੰਹ ਪਏ ਤੇ ਕਈ ਅਪੰਗ ਹੋ ਗਏ, ਜਿਨ੍ਹਾਂ ਦੇ ਪਰਿਵਾਰਾਂ ਨੂੰ ਨਾ ਤਾਂ ਕੋਈ ਮੁਆਵਜ਼ਾ ਨਾ ਹੀ ਕੋਈ ਨੌਕਰੀ ਦਾ ਪ੍ਰਬੰਧ ਕੀਤਾ ਗਿਆ। ਸਗੋਂ ਅੱਜ ਪੰਜਾਬ ਸਰਕਾਰ  ਅਤੇ ਪਾਵਰਕੌਮ ਦੀ ਮੈਨੇਜਮੈਂਟ ਨੇ ਵਰਕ ਆਰਡਰ ਜਾਰੀ ਨਾ ਕਰ ਸੀਐਚਵੀ ਠੇਕਾ ਕਾਮਿਆਂ ਦੇ ਰੁਜ਼ਗਾਰ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਕਿਹਾ ਕਿ ਸੀ ਐੱਚ ਬੀ ਠੇਕਾ ਕਾਮਿਆਂ ਨੂੰ ਠੇਕੇਦਾਰਾਂ ਨੂੰ ਬਾਹਰ ਕੱਢ ਕੇ ਵਿਭਾਗ ‘ਚ ਸਿੱਧਾ ਰੈਗੂਲਰ ਕੀਤਾ ਜਾਵੇ। ਇਸ ਮੌਕੇ ਜਗਸੀਰ ਸਿੰਘ, ਟੇਕ ਚੰਦ, ਮਨਮੋਹਨ ਸਿੰਘ , ਜਸਵੀਰ ਸਿੰਘ, ਜਮੀਰ ਖਾਨ ਅਤੇ  ਇਕਬਾਲ ਸਿੰਘ ਨੇ ਕਿਹਾ ਕਿ ਠੇਕਾ ਕਾਮਿਆਂ ਦੀਆਂ ਛਾਂਟੀਆਂ ਪੱਕੇ ਤੌਰ ਤੇ ਰੱਦ ਕੀਤੀਆਂ ਜਾਣ ਅਤੇ ਕੱਢੇ ਕਾਮੇ ਬਹਾਲ ਕੀਤੇ ਜਾਣ।

ਇਸ ਦੇ ਨਾਲ ਹੀ ਸਤੰਬਰ ਮਹੀਨੇ ਦੀਆਂ ਰੁਕੀਆਂ ਤਨਖ਼ਾਹਾਂ ਤੁਰੰਤ ਜਾਰੀ ਕੀਤੀਆਂ ਜਾਣ, ਕਰੰਟ ਦੌਰਾਨ ਘਾਤਕ ਅਤੇ ਗ਼ੈਰ ਘਾਤਕ ਹੋਏ ਹਾਦਸਿਆਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਲਈ ਕਿਰਤ ਮੰਤਰੀ ਅਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਅਤੇ ਪਾਵਰਕੌਮ ਚੇਅਰਮੈਨ, ਡਾਇਰੈਕਟਰਾਂ ਨਾਲ ਵੀ ਪੈਨਲ ਮੀਟਿੰਗਾਂ ਹੋਈਆਂ ਜਿਸ ਵਿੱਚ ਸੀਐਚ ਵੀ ਠੇਕਾ ਕਾਮਿਆਂ ਦੀਆਂ ਮੰਗਾਂ ਨੂੰ ਪ੍ਰਵਾਨ ਵੀ ਕੀਤਾ ਗਿਆ, ਲਿਖਤੀ ਪੱਤਰ ਵੀ ਜਾਰੀ ਕੀਤੇ ਗਏ ਜਿਸ ਨੂੰ ਪਾਵਰਕੌਮ ਦੀ ਮੈਨੇਜਮੈਂਟ ਲਾਗੂ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਰਕ ਆਰਡਰ ਜਾਰੀ ਨਾ ਕੀਤੇ ਗਏ ਤਾ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.