ਬਿਜਲੀ ਕਾਮਿਆਂ ਵੱਲੋਂ 10 ਨਵੰਬਰ ਨੂੰ ਪਾਵਰਕੌਮ ਦੇ ਮੁੱਖ ਦਫਤਰ ਦੇ ਤਿੰਨੇ ਗੇਟਾਂ ‘ਤੇ ਰੋਸ ਪ੍ਰਦਰਸ਼ਨ ਦਾ ਐਲਾਨ

ਬਿਜਲੀ ਕਾਮਿਆਂ ਵੱਲੋਂ 10 ਨਵੰਬਰ ਨੂੰ ਪਾਵਰਕੌਮ ਦੇ ਮੁੱਖ ਦਫਤਰ ਦੇ ਤਿੰਨੇ ਗੇਟਾਂ ‘ਤੇ ਰੋਸ ਪ੍ਰਦਰਸ਼ਨ ਦਾ ਐਲਾਨ

ਪਟਿਆਲਾ, (ਸੱਚ ਕਹੂੰ ਨਿਊਜ)। ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ‘ਤੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਵਰਕਰਜ਼ ਫੈਡਰੇਸ਼ਨ (ਇੰਟਕ) ਪੀ.ਐਸ.ਪੀ.ਸੀ.ਐਲ./ਪੀ.ਐਸ.ਟੀ.ਸੀ.ਐਲ., ਇੰਪਲਾਈਜ਼ ਫੈਡਰੇਸ਼ਨ ਪੀ.ਐਸ.ਈ.ਬੀ., ਪੀ.ਐਸ.ਈ.ਬੀ. ਕਰਮਚਾਰੀ ਦਲ, ਮਨਿਸਟੀਰੀਅਲ ਸਰਵਿਸਜ ਯੂਨੀਅਨ, ਪੀ.ਐਸ.ਈ.ਬੀ. ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਸੰਘ ਅਤੇ ਪੀ.ਐਸ.ਈ.ਬੀ. ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ ਦੇ ਬਿਜਲੀ ਕਾਮੇ 10 ਨਵੰਬਰ ਨੂੰ ਪਾਵਰਕੌਮ ਅਤੇ ਟਰਾਂਸਕੋ ਦੇ ਪਟਿਆਲਾ ਵਿਖੇ ਮੁੱਖ ਦਫਤਰਾਂ ਦੇ ਤਿੰਨ ਗੇਟਾਂ ਤੇ ਰੋਸ ਪ੍ਰਦਰਸ਼ਨ ਕਰਨਗੇ।

ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜਗਰੂਪ ਸਿੰਘ ਮਹਿਮਦਪੁਰ, ਹਰਪਾਲ ਸਿੰਘ, ਹਰਜਿੰਦਰ ਸਿੰਘ ਦੁਧਾਲਾ ਨੇ ਮੀਟਿੰਗ ਉਪਰੰਤ ਦੱਸਿਆ ਕਿ ਪਾਵਰ ਮੈਨੇਜਮੈਂਟਾਂ ਜਥੇਬੰਦੀ ਨਾਲ ਕੀਤੇ ਸਮਝੌਤੇ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹੈ, ਅਤੇ ਟਾਲਮਟੋਲ ਦੀ ਨੀਤੀ ਅਪਨਾ ਕੇ ਮੁਲਾਜਮਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਮੈਨੇਜਮੈਂਟ ਦੀ ਮੁਲਾਜਮ ਵਿਰੋਧੀ ਨੀਤੀ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਮੈਨੇਜਮੈਂਟ ਮੁਲਾਜਮਾਂ ਮੰਗਾਂ ਮੰਨਣ ਦੀ ਥਾਂ ਬਠਿੰਡਾ ਥਰਮਲ ਦੀ ਮਸ਼ੀਨਰੀ 164 ਕਰੋੜ ਰੁਪਏ ਵਿੱਚ ਵੇਚਣ ਅਤੇ 1764 ਏਕੜ ਬੇਸਕੀਮਤੀ ਜਮੀਨ ਕਾਰਪੋਰੇਟ ਕੰਪਨੀਆਂ  ਨੂੰ ਇੱਕ ਰੁਪਏ ਦੇ ਰੇਟ ਤੇ 30 ਸਾਲਾਂ ਲਈ ਲੀਜ ਤੇ ਦੇ ਰਹੀ ਹੈ।

ਜੋ ਕਿ 99 ਸਾਲਾਂ ਤੱਕ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਰੋਪੜ ਵਿਖੇ ਥਰਮਲ ਪਲਾਂਟ ਦੀ ਰਿਹਾਇਸ਼ੀ ਕਲੋਨੀ ਵਿੱਚ ਰਹਿ ਰਹੇ ਮੁਲਾਜਮਾਂ ਨੂੰ ਉਜਾੜ ਕੇ ਉਨ੍ਹਾਂ ਨੂੰ ਕਾਲੋਨੀ ਰੋਪੜ ਥਰਮਲ ਵਿਖੇ ਸਿਫਟ ਕਰਨ ਅਤੇ ਬਠਿੰਡਾ ਥਰਮਲ ਦੀ ਰਿਹਾਇਸ਼ੀ ਕਲੋਨੀ ਸਥਾਨਕ ਪ੍ਰਸ਼ਾਸ਼ਨ ਨੂੰ ਦੇਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਤਰ੍ਹਾਂ ਕਰੋੜਾਂ ਰੁਪਏ ਦੀ ਪਾਵਰਕੌਮ ਦੀ ਬੇਸ ਕੀਮਤੀ ਜਮੀਨ ਕੌਡੀਆਂ ਦੇ ਭਾਅ ਵੇਚਣ ਦੀਆਂ ਤਿਆਰੀਆਂ ਹਨ। ਬਿਜਲੀ ਖਰੀਦ ਸਮਝੌਤਿਆਂ ਦਾ ਰੀਵਿਊ ਨਾ ਕਰਨ ਕਰਕੇ ਖਪਤਕਾਰਾਂ ਨੂੰ ਮਹਿੰਗੀ ਬਿਜਲੀ ਦੇ ਕੇ ਲੁੱਟ ਕੀਤੀ ਜਾ ਰਹੀ ਹੈ, ਪ੍ਰਾਈਵੇਟ ਥਰਮਲ ਪਲਾਟਾਂ ਨੂੰ ਬਿਨਾਂ ਬਿਜਲੀ ਖਰੀਦਿਆਂ ਕਰੋੜਾਂ ਦੀ ਅਦਾਇਗੀ ਕੀਤੀ ਜਾ ਰਹੀ ਹੈ।

ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਕਾਨੂੰਨ 2020 ਬਣਾ ਕੇ ਸਰਕਾਰੀ ਵੰਡ ਕੰਪਨੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਸੋਪਣ ਦੀਆਂ ਤਿਆਰੀਆਂ ਹਨ। ਆਗੂਆਂ ਨੇ ਹੋਰ ਦੋਸ਼ ਲਾਇਆ ਕਿ ਮੈਨੇਜਮੈਂਟ ਮਨਮਾਨੇ ਢੰਗ ਨਾਲ 40,000 ਮਨਜੂਰ ਅਸਾਮੀਆਂ ਨੂੰ ਘਟਾ ਰਹੀ ਹੈ ਅਤੇ ਬਾਹਰੀ ਸਰੋਤਾਂ ਤੋਂ ਘਟੀਆ ਮਿਆਰ ਰਾਹੀਂ ਵਾਧੂ ਖਰਚਾ ਕਰਕੇ ਕੰਮ ਕਰਵਾ ਰਹੀ ਹੈ ਜਿਸ ਕਾਰਨ ਬਿਜਲੀ ਨਿਗਮ ਉਪਰ ਬੇਲੋੜਾ ਵਾਧੂ ਬੋਝ ਪੈ ਰਿਹਾ ਹੈ। ਆਗੂਆਂ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ ਤੇ ਦੋਸ਼ ਲਗਾਇਆ ਕਿ ਮੈਨੇਜਮੈਂਟ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਟਕਰਾਅ ਵਾਲੀ ਨੀਤੀ ਅਪਣਾ ਰਹੀ ਹੈ।

ਲੇਬਰ ਅਣਫੇਅਰ ਪ੍ਰੈਕਟਿਸ ਰਾਹੀਂ ਮੁਲਾਜਮਾਂ ਨੂੰ ਹੱਕੀ ਮੰਗਾਂ ਤੋਂ ਵੰਚਿਤ ਕਰ ਰਹੀਆਂ ਹਨ। ਜਿਸ ਕਾਰਨ ਮੁਲਾਜਮਾਂ ਵਿੱਚ ਸਖਤ ਰੋਸ ਹੈ। ਆਗੂਆਂ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਬਿਜਲੀ ਕਾਮਿਆਂ ਦੀਆਂ ਮੰਗਾਂ ਮੰਨਣ ਵੱਲ ਧਿਆਨ ਨਾ ਦਿੱਤਾ ਤਾਂ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਵੱਲੋਂ 10 ਨਵੰਬਰ ਨੂੰ ਹੈਡ ਆਫਿਸ ਪਟਿਆਲਾ ਦੇ ਤਿੰਨੇ ਗੇਟ ਘੇਰ ਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇੱਕ ਮਤੇ ਰਾਹੀਂ ਕੇਂਦਰ ਸਰਕਾਰ ਵੱਲੋਂ ਬਨਾਏ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਉਨ੍ਹਾਂ ਦੇ ਸੰਘਰਸ਼ ਵਿੱਚ ਸ਼ਮੂਲੀਅਤ ਅਤੇ ਸਮਰਥਨ ਕਰਨ ਦਾ ਫੈਸਲਾ ਕੀਤਾ।

ਇਸ ਮੌਕੇ ਕੌਰ ਸਿੰਘ ਸੋਹੀ, ਕਮਲਜੀਤ ਸਿੰਘ, ਅਵਤਾਰ ਸਿੰਘ ਕੈਂਥ, ਬਲਵਿੰਦਰ ਸਿੰਘ ਸੰਧੂ, ਬ੍ਰਿਜ ਲਾਲ, ਹਰਜੀਤ ਸਿੰਘ, ਰਵੇਲ ਸਿੰਘ ਸਹਾਏਪੁਰ, ਜਗਜੀਤ ਸਿੰਘ ਕੋਟਲੀ, ਸਿਕੰਦਰ ਨਾਥ, ਪ੍ਰੀਤਮ ਸਿੰਘ ਪਿੰਡੀ, ਰਾਮ ਲੁਭਾਇਆ, ਕਰਮਚੰਦ ਖੰਨਾ, ਸੁਖਵਿੰਦਰ ਸਿੰਘ ਦੁੰਮਨਾ, ਅਸ਼ੋਕ ਕੁਮਾਰ ਸ਼ਰਮਾ, ਨਛੱਤਰ ਸਿੰਘ ਰਣੀਆ ਅਤੇ ਗੁਰਦਿੱਤ ਸਿੰਘ ਸਿੱਧੂ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.