ਥਰਮਲ ਕਾਮਿਆਂ ਨੇ ਮਨਪ੍ਰੀਤ ਬਾਦਲ ਖਿਲਾਫ਼ ਕੱਢੀ ਭੜਾਸ

Powercom Workers, Protest, Against, Manpreet Singh Badal, Punjab Govt.

ਥਰਮਲ ਬੰਦੀ ਨੂੰ ਲੈ ਕੇ ਵਿੱਤ ਮੰਤਰੀ ‘ਤੇ ਤਿੱਖੇ ਸ਼ਬਦੀ ਹਮਲੇ
ਸਰਕਾਰ ਦੇ ਫੈਸਲੇ ਖਿਲਾਫ ਭੜਕਿਆਂ ਸੰਘਰਸ਼ੀ ਭਾਈਚਾਰਾ

ਅਸ਼ੋਕ ਵਰਮਾ
ਬਠਿੰਡਾ, 22 ਦਸੰਬਰ

ਬਠਿੰਡਾ ਤਾਪ ਬਿਜਲੀ ਘਰ ਪੱਕੇ ਤੌਰ ‘ਤੇ ਬੰਦ ਕਰਨ ਦੇ ਫੈਸਲੇ ਨੂੰ ਲੈਕੇ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁਲਾਜ਼ਮ, ਜਨਤਕ ਅਤੇ ਸਿਆਸੀ ਧਿਰਾਂ ਦੇ ਨਿਸ਼ਾਨੇ ‘ਤੇ ਰਹੇ ਥਰਮਲ ਦੇ ਗੇਟ ਅੱਗੇ ਇੰਪਲਾਈਜ਼ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਦਿੱਤੇ ਰੋਸ ਧਰਨੇ ਦੌਰਾਨ ਮੁਲਾਜ਼ਮ ਆਗੂਆਂ ਨੇ ਵਿੱਤ ਮੰਤਰੀ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਇਸ ਮਾਮਲੇ ‘ਤੇ ਸੰਘਰਸ਼ ਨੂੰ ਜਿੱਤ ਪ੍ਰਾਪਤੀ ਤੱਕ ਲਿਜਾਣ ਦਾ  ਐਲਾਨ ਕੀਤਾ

ਅੱਜ ਦੇ ਧਰਨੇ ਨੂੰ ਆਮ ਆਦਮੀ ਪਾਰਟੀ ਦੇ ਸ਼ਹਿਰੀ ਆਗੂ ਦੀਪਕ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਆਪਣੇ ਹਿੱਤਾਂ ਦੀ ਰਾਖੀ ਦੀ ਆਸ ਲਾਉਂਦਿਆਂ ਜਿਸ ਮਨਪ੍ਰੀਤ ਬਾਦਲ ਨੂੰ ਜਿੱਤ ਦਿਵਾਈ ਉਹੀ ਹੁਣ ਬਠਿੰਡੇ ਦਾ ਦੁਸ਼ਮਣ ਬਣ ਗਿਆ ਹੈ ਮੁਲਾਜ਼ਮ ਆਗੂ ਗੁਰਸੇਵਕ ਸਿੰਘ ਸੰਧੂ ,ਪ੍ਰਕਾਸ਼ ਸਿੰਘ ਅਤੇ ਰਜਿੰਦਰ ਸਿੰਘ ਨਿੰਮਾ ਨੇ ਕਿਹਾ ਕਿ ਸਰਕਾਰ ਬਠਿੰਡਾ ਥਰਮਲ ਮੁਲਾਜ਼ਮਾਂ ਦੇ ਹਵਾਲੇ ਕਰੇ ਉਹ 4 ਰੁਪਏ ਪ੍ਰਤੀ ਯੂਨਿਟ ਲੋਕਾਂ ਨੂੰ ਦੇਣਗੇ ਅਤੇ ਕਿਸੇ ਮੁਲਾਜ਼ਮ ਨੂੰ ਵੀ ਨਹੀਂ ਹਟਾਇਆ ਜਾਏਗਾ

ਉਨ੍ਹਾਂ ਦੱਸਿਆ ਕਿ ‘ਥਰਮਲ ਬਚਾਓ ਮੋਰਚੇ ‘ ਵੱਲੋਂ 23 ਦਸੰਬਰ ਨੂੰ ਵਿੱਤ ਮੰਤਰੀ ਦੇ ਦਫਤਰ ਅੱਗੇ ਮੋਰਚਾ ਲਾਇਆ ਜਾਏਗਾ ਉਨ੍ਹਾਂ ਕਿਹਾ ਕਿ ‘ਥਰਮਲ ਬਚਾਓ ਮੋਰਚੇ’ ਤਹਿਤ ਮਨਪ੍ਰੀਤ ਸਿੰਘ ਬਾਦਲ ਨੂੰ ਲੋਕ ਕਚਹਿਰੀ ਵਿਚ ਖੜ੍ਹਾਇਆ ਜਾਏਗਾ ਕਿਉਂਕਿ ਉਹ ਥਰਮਲ ਦੇ ਗੇਟ ‘ਤੇ ਧਰਨੇ ਦੌਰਾਨ ਸਹੁੰ ਖਾ ਕੇ ਪਲਟੀ ਮਾਰ ਗਏ ਹਨ ਤਾਲਮੇਲ ਕਮੇਟੀ ਦੇ ਆਗੂ ਅਸ਼ਵਨੀ ਕੁਮਾਰ ਨੇ ਵਿੱਤ ਮੰਤਰੀ ‘ਤੇ ਬਠਿੰਡਾ ਥਰਮਲ ਬੰਦ ਕਰਾਉਣ ‘ਚ ਮੋਹਰੀ ਭੂਮਿਕਾ ਨਿਭਾਉਣ ਦੇ ਦੋਸ਼ ਲਾਏ ਅਤੇ  ਕਿਹਾ ਕਿ ਉਹ ਮਸਲਾ ਗੱਲਬਾਤ ਰਾਹੀਂ ਨਿਬੇੜਨ ਦੇ ਰੌਂਅ ਵਿਚ ਸਨ ਪਰ ਵਿੱਤ ਮੰਤਰੀ ਦੀ ਸ਼ੱਕੀ ਭੂਮਿਕਾ ਨੇ ਹੁਣ ਉਨ੍ਹਾਂ ਨੂੰ ‘ਕਰੋ ਜਾਂ  ਮਰੋ’ ਦੀ ਲੜਾਈ ਲੜਨ ਲਈ ਮਜ਼ਬੂਰ ਕਰ ਦਿੱਤਾ ਹੈ

ਮੁਲਾਜ਼ਮ ਆਗੂ ਜਸਵਿੰਦਰ ਸਿੰਘ, ਰਜਿੰਦਰ ਸਿੰਘ ਨਿੰਮਾ, ਨਾਇਬ ਸਿੰਘ ,ਤੇਜਾ ਸਿੰਘ,ਰਘਬੀਰ ਸਿੰਘ ਸੈਣੀ,ਬਾਬੂ ਸਿੰਘ ਰੋਮਾਣਾ ਅਤੇ ਮੇਜਰ ਸਿੰਘ ਦਾਦੂ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ‘ਚ ਦਰਜ ਕੀਤਾ ਹੋਇਆ ਹੈ ਕਿ ਥਰਮਲ ਬੰਦ ਨਹੀਂ ਕੀਤਾ ਜਾਏਗਾ ਜਿਸ ਤੋਂ ਹੁਣ ਹਕੂਮਤ ਮੁੱਕਰ ਗਈ ਹੈ

ਸਰਕਾਰੀ ਫੈਸਲੇ ਤੋਂ ਭੜਕੇ ਇੰਜੀਨੀਅਰ

ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸ਼ੀਏਸ਼ਨ ਨੇ ਅੱਜ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਸਕੱਤਰ ਅਭਿਸ਼ੇਕ ਗੋਇਲ ਨੇ ਥਰਮਲ ਪਲਾਂਟ ਬੰਦ ਕਰਨ ਦਾ ਵਿਰੋਧ ਕਰਦਿਆਂ  ਕਿਹਾ ਕਿ ਥਰਮਲ ਦੇ ਨਵੀਨੀਕਰਨ ‘ਤੇ ਕਰੋੜਾਂ ਰੁਪਏ ਖ਼ਰਚੇ ਹਨ ਜਿਸ ਕਾਰਨ ਹਾਲੇ ਦਸ ਵਰ੍ਹੇ ਹੋਰ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਉਨ੍ਹਾਂ ਕਿਹਾ ਕਿ ਜਿਸ ਕੇਂਦਰੀ ਬਿਜਲੀ ਅਥਾਰਟੀ ਦੀਆਂ  ਹਦਾਇਤਾਂ ਦਾ ਬਹਾਨਾ  ਬਣਾਕੇ ਬਠਿੰਡਾ ਥਰਮਲ ਬੰਦ ਕੀਤਾ ਜਾ ਰਿਹਾ ਹੈ

ਉਸ ਅਥਾਰਟੀ ਵੱਲੋਂ ਅਜਿਹੇ  ਕੋਈ ਦਿਸ਼ਾ ਨਿਰਦੇਸ਼ ਹੀ ਨਹੀਂ ਹਨ ਉਨ੍ਹਾਂ  ਕਿਹਾ ਕਿ ਬਠਿੰਡਾ ਥਰਮਲ ਨੂੰ ਸਾਰਾ ਸਾਲ ਚੱਲਣ ਦਿੱਤਾ ਜਾਵੇ ਤਾਂ ਇਸ ਪਲਾਂਟ ਤੋਂ ਬਿਜਲੀ ਦੀ ਲਾਗਤ ਬਹੁਤ ਘੱਟ ਆਵੇਗੀ, ਜਦੋਂ ਕਿ ਪ੍ਰਾਈਵੇਟ ਥਰਮਲਾਂ  ਤੋਂ ਇਹੋ ਬਿਜਲੀ ਕਾਫੀ ਜ਼ਿਆਦਾ ਮਹਿੰਗੀ ਖ਼ਰੀਦੀ ਜਾ ਰਹੀ ਹੈ ਉਨ੍ਹਾਂ ਆਖਿਆ ਕਿ ਬਠਿੰਡਾ ਥਰਮਲ ਬੰਦ ਕਰਨ ਨਾਲ ਮਸਾਂ 18-19 ਕਰੋੜ ਰੁਪਏ ਦੀ ਬੱਚਤ ਹੋਵੇਗੀ ਜਦੋਂਕਿ ਨੁਕਸਾਨ ਅਰਬਾਂ ਦਾ ਝੱਲਣਾ ਪਵੇਗਾ ਐਸੋਸੀਏਸ਼ਨ ਨੇ ਬਠਿੰਡਾ ਥਰਮਲ ਬੰਦ ਕਰਨ ਦੇ ਫੈਸਲੇ ‘ਤੇ ਗੌਰ ਕਰਨ ਦੀ ਸਲਾਹ ਦਿੰਦਿਆਂ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਨ੍ਹਾਂ ਨੇ ਵੀ ਸੜਕਾਂ ‘ਤੇ ਆਉਣ ਦਾ ਮਨ ਬਣਾ ਲਿਆ ਹੈ

‘ਆਪ’ ਵੱਲੋਂ ਸੰਘਰਸ਼ ਨੂੰ ਭਰਾਤਰੀ ਮੋਢਾ

ਆਮ ਆਦਮੀ ਪਾਰਟੀ  ਦੇ ਮਾਲਵਾ ਜੋਨ ਦੇ ਪ੍ਰਧਾਨ ਅਨਿਲ ਠਾਕੁਰ, ਸ਼ਹਿਰੀ ਜਿਲ੍ਹਾ ਪ੍ਰਧਾਨ ਭੁਪਿੰਦਰ ਬਾਂਸਲ ਅਤੇ ਜਿਲ੍ਹਾ ਪ੍ਰਧਾਨ ਦਿਹਾਤੀ ਨਵਦੀਪ ਸਿੰਘ ਜੀਦਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਥਰਮਲ ਨੇ ਵਿਕਾਸ ਦੇ ਨਵੇਂ ਦਰ ਖੋਲ੍ਹੇ ਸਨ ਤੇ ਇਹ ਬਠਿੰਡਾ ਦੀ ਸ਼ਾਨ ਸੀ ਜਿਸ ਦੀ ਸੁੰਦਰਤਾ ਨੂੰ ਕਾਂਗਰਸ ਰੂਪੀ ਗ੍ਰਹਿਣ ਲੱਗ ਗਿਆ ਹੈ  ਉਨ੍ਹਾਂ ਕਿਹਾ ਕਿ ਬਠਿੰਡਾ ਥਰਮਲ ‘ਚ 18 ਸੌ ਦੇ ਕਰੀਬ ਪੱਕੇ ਤੇ ਕੱਚੇ ਕਾਮਿਆਂ ਦੇ ਚੁੱਲ੍ਹੇ ਠੰਢੇ ਹੋਣ ਲਾਗੇ ਹਨ ਪਰ ਸਰਕਾਰ ਇਸ ਮੁੱਦੇ ‘ਤੇ ਅਸੰਵੇਦਨਸ਼ੀਲ ਬਣੀ ਹੋਈ ਹੈ

ਸ੍ਰੀ ਜੀਦਾ ਨੇ ਕਿਹਾ ਕੈਪਟਨ ਅਮਰਿੰਦਰ ਸਰਕਾਰ ਦੇ ਇਸ ਫੈਸਲੇ ਖਿਲਾਫ ਪਾਰਟੀ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਫੈਸਲਾ ਕੀਤਾ ਹੈ ਉਨ੍ਹਾਂ ਆਖਿਆ ਕਿ ਪਹਿਲਾਂ ਇਹ ਥਰਮਲ ਅਕਾਲੀ ਬੰਦ ਕਰਨ ਲੱਗੇ ਸਨ ਤੇ ਹੁਣ ਕਾਂਗਰਸ ਨੇ ਭੋਗ ਪਾ ਦਿੱਤਾ ਜਿਸ ਤੋਂ ਸਪੱਸ਼ਟ ਹੈ ਕਿ ਦੋਵੇਂ ਧਿਰਾਂ ਆਪਸ ਵਿਚ ਮਿਲੀਆਂ ਹੋਈਆਂ ਹਨ