ਬਿਜਲੀ ਵਿਭਾਗ ਦੀ ਖ਼ੁਦ ਮੁੱਖ ਮੰਤਰੀ ਨੇ ਲਈ ਮੀਟਿੰਗ, ਅੱਜ ਕਰਨਗੇ ਕੁਝ ਫਾਈਲਾਂ ਨੂੰ ਪਾਸ 

Power Department, Itself, Chief Minister, Tomorrow

ਨਵਜੋਤ ਸਿੱਧੂ ਦੇ ਕਾਰਜ ਭਾਰ ਨਾ ਸੰਭਾਲਣ ਕਰਕੇ ਮੁੱਖ ਮੰਤਰੀ ਨੇ ਕੀਤੀ ਬਿਜਲੀ ਵਿਭਾਗ ਦੀ ਮੀਟਿੰਗ

ਅਸ਼ਵਨੀ ਚਾਵਲਾ, ਚੰਡੀਗੜ੍ਹ

ਬਿਜਲੀ ਵਿਭਾਗ ਦਾ ਕਾਰਜ ਭਾਰ ਨਵਜੋਤ ਸਿੱਧੂ ਵਲੋਂ ਨਹੀਂ ਸੰਭਾਲਣ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਨਾ ਸਿਰਫ਼ ਖ਼ੁਦ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਸਗੋਂ ਵਿਭਾਗ ਵਿੱਚ ਚਲ ਰਹੇ ਕੰਮਾਂ ਦਾ ਵੇਰਵਾ ਵੀ ਲਿਆ। ਹਾਲਾਂਕਿ ਮੀਟਿੰਗ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਨਹੀਂ ਸੀ, ਜਿਸ ਕਾਰਨ ਮੀਟਿੰਗ ਕੁਝ ਮਿੰਟਾਂ ਵਿੱਚ ਹੀ ਖ਼ਤਮ ਹੋ ਗਈ ਪਰ ਵੀਰਵਾਰ ਨੂੰ ਇਸ ਸਬੰਧੀ  ਅਮਰਿੰਦਰ ਸਿੰਘ ਦੁਬਾਰਾ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਆਪਣਾ ਅਖਤਿਆਰ ਵਰਤਦੇ ਹੋਏ ਉਨ੍ਹਾਂ ਫਾਈਲਾਂ ‘ਤੇ ਦਸਤਖ਼ਤ ਕਰਕੇ ਪਾਸ ਕਰਨਗੇ, ਜਿਹੜੀਆਂ ਫਾਈਲਾਂ ਨਵਜੋਤ ਸਿੱਧੂ ਦੇ ਦਸਤਖ਼ਤ ਦਾ ਇੰਤਜ਼ਾਰ ਕਰ ਰਹੀਆਂ ਸਨ। ਅਮਰਿੰਦਰ ਸਿੰਘ ਨੇ ਇਸ ਸਬੰਧੀ ਸਪੱਸ਼ਟ ਕਰ ਦਿੱਤਾ ਹੈ ਕਿ ਮੰਤਰੀ ਦੇ ਕਾਰਜ ਭਾਰ ਨਾ ਸੰਭਾਲਨ ਨਾਲ ਵਿਭਾਗੀ ਕੰਮ ਨਹੀਂ ਰੁਕੇਗਾ, ਸਗੋਂ ਬਤੌਰ ਮੁੱਖ ਮੰਤਰੀ ਉਹ ਖ਼ੁਦ ਵਿਭਾਗ ਦਾ ਕੰਮਕਾਜ ਕਰਨ ਦੇ ਨਾਲ ਹੀ ਮੀਟਿੰਗਾਂ ਵੀ ਕਰਨਗੇ।

ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਨੂੰ ਪਿਛਲੀ 6 ਜੂਨ ਨੂੰ ਸਥਾਨਕ ਸਰਕਾਰਾਂ ਵਿਭਾਗ ਤੋਂ ਹਟਾਉਂਦੇ ਹੋਏ ਬਿਜਲੀ ਵਿਭਾਗ ਦੇ ਦਿੱਤਾ ਗਿਆ ਸੀ। 6 ਜੂਨ ਤੋਂ ਬਾਅਦ ਲਗਾਤਾਰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਨਵਜੋਤ ਸਿੱਧੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਵਿਭਾਗ ਦਾ ਕਾਰਜ ਭਾਰ ਸੰਭਾਲਣ ਤੋਂ ਨਵਜੋਤ ਸਿੱਧੂ ਵਿਭਾਗ ਦਾ ਕੰਮਕਾਜ ਸ਼ੁਰੂ ਕਰ ਦੇਣ ਪਰ ਨਵਜੋਤ ਸਿੱਧੂ ਨੇ ਬਿਜਲੀ ਵਿਭਾਗ ਦੇ ਕਿਸੇ ਵੀ ਅਧਿਕਾਰੀ ਨਾਲ ਮੀਟਿੰਗ ਕਰਨਾ ਤਾਂ ਦੂਰ ਦੀ ਗਲ ਉਨਾਂ ਨੇ ਫੋਨ ‘ਤੇ ਵੀ ਗੱਲਬਾਤ ਨਹੀਂ ਕੀਤੀ।  ਵਿਭਾਗ ਦੇ ਮੰਤਰੀ ਦੀ ਗੈਰ ਮੌਜੂਦਗੀ ਵਿੱਚ ਵਿਭਾਗ ਦੇ ਅਧਿਕਾਰੀ ਇਸ ਭੰਬਲ ਭੂਸੇ ਵਿੱਚ ਸਨ ਕਿ ਉਹ ਨਵਜੋਤ ਸਿੱਧੂ ਦਾ ਇੰਤਜ਼ਾਰ ਕਰਨ ਜਾਂ ਫਿਰ ਫਾਈਲਾਂ ਨੂੰ ਸਿੱਧੇ ਮੁੱਖ ਮੰਤਰੀ ਦਫ਼ਤਰ ਵਿੱਚ ਭੇਜਦੇ ਹੋਏ ਪਾਸ ਕਰਵਾ ਲਿਆ ਜਾਵੇ।

ਪਿਛਲੇ ਕਈ ਦਿਨ ਦੇ ਇੰਤਜ਼ਾਰ ਤੋਂ ਬਾਅਦ ਬੁੱਧਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਕੋਲ ਸੱਦ ਕੇ ਨਾ ਸਿਰਫ਼ ਮੀਟਿੰਗ ਕੀਤੀ, ਸਗੋਂ ਸਾਰੀ ਜਰੂਰੀ ਫਾਈਲਾਂ ਨੂੰ ਪਾਸ ਕਰਵਾਉਣ ਲਈ ਆਪਣੇ ਕੋਲ ਲੈ ਕੇ ਆਉਣ ਦੇ ਆਦੇਸ਼ ਵੀ ਦੇ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਵਿਭਾਗ ਵਿੱਚ ਇਸ ਸਮੇਂ 2-3 ਫਾਈਲਾਂ ਪੈਡਿੰਗ ਪਈਆਂ ਹਨ, ਜਿਨਾਂ ਲਈ ਵਿਭਾਗੀ ਮੰਤਰੀ ਜਾਂ ਫਿਰ ਮੁੱਖ ਮੰਤਰੀ ਦੇ ਦਸਤਖ਼ਤ ਨਾਲ ਪਾਸ ਕਰਵਾਉਣਾ ਜਲਦ ਹੀ ਜਰੂਰੀ ਹੈ। ਜਦੋਂ ਕਿ ਅਧਿਕਾਰੀਆਂ ਦੇ ਪੱਧਰ ਤੱਕ ਦੀਆਂ ਫਾਈਲਾਂ ਨੂੰ ਰੁਟੀਨ ਵਿੱਚ ਅਧਿਕਾਰੀ ਪਾਸ ਕਰਦੇ ਹੋਏ ਕੰਮ ਚਲਾ ਰਹੇ ਹਨ।  ਹੁਣ ਵੀਰਵਾਰ ਨੂੰ ਬਿਜਲੀ ਵਿਭਾਗ ਦੇ ਅਧਿਕਾਰੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਵਿੱਚ ਮੀਟਿੰਗ ਕਰਦੇ ਹੋਏ ਫਾਈਲਾਂ ਨੂੰ ਪਾਸ ਕਰਵਾਉਣਗੇ। ਜਿਸ ਤੋਂ ਬਾਅਦ ਨਵਜੋਤ ਸਿੱਧੂ ਦੀ ਬਤੌਰ ਵਿਭਾਗੀ ਮੰਤਰੀ ਦੀ ਜਰੂਰਤ ਮਹਿਸੂਸ ਹੋ ਰਹੀ ਸੀ, ਉਹ ਵੀ ਖ਼ਤਮ ਹੋ ਜਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।