Power Bills in Punjab: ਪੰਜਾਬ ’ਚ ਬਿਜਲੀ ਦਰਾਂ ’ਚ ਵੱਡੀ ਰਾਹਤ, ਬਿਜਲੀ ਦਰਾਂ ’ਚ ਕਟੌਤੀ
- ਘਰੇਲੂ ਬਿਜਲੀ ਵਿੱਚ 300 ਯੂਨਿਟ ਤੱਕ ਹੋਵੇਗੀ 160 ਰੁਪਏ ਦੀ ਬਚਤ | Power Bills in Punjab
Power Bills in Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਦੀ ਜਨਤਾ ਨੂੰ ਵੱਡੀ ਰਾਹਤ ਦਿੰਦੇ ਹੋਏ ਬਿਜਲੀ ਦਰਾਂ ਵਿੱਚ ਕਟੌਤੀ ਕਰ ਦਿੱਤੀ ਗਈ ਹੈ। ਇਸ ਕਟੌਤੀ ਦੇ ਨਾਲ ਪੰਜਾਬ ਦੇ 2 ਕਿਲੋਵਾਟ ਤੱਕ ਦੇ ਮੀਟਰ ਵਾਲੇ ਖ਼ਪਤਕਾਰਾਂ ਨੂੰ 161 ਰੁਪਏ ਦੀ ਹਰ ਮਹੀਨੇ ਬਚਤ ਹੋਵੇਗੀ ਤੇ 2 ਕਿਲੋਵਾਟ ਤੋਂ 7 ਕਿਲੋਵਾਟ ਤੱਕ ਵਾਲੇ ਖਪਤਕਾਰਾਂ ਨੂੰ 90 ਰੁਪਏ ਦੀ ਹਰ ਮਹੀਨੇ ਬਚਤ ਹੋਵੇਗੀ, ਜਦੋਂ ਕਿ ਬਾਕੀ ਕੈਟਾਗਿਰੀ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਨਾ ਹੀ ਕੋਈ ਕਟੌਤੀ ਕੀਤੀ ਗਈ ਹੈ ਅਤੇ ਨਾ ਹੀ ਕੋਈ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਫੈਸਲੇ ਹਮੇਸ਼ਾ ਹੀ ਚੁਣਾਵੀਂ ਸਾਲ ਵਿੱਚ ਆਉਂਦੇ ਹੁੰਦੇ ਸਨ ਪਰ ਇਸ ਵਾਰ ਚੁਣਾਵੀ ਸਾਲ ਨਾ ਹੋਣ ਦੇ ਬਾਵਜੂਦ ਪੰਜਾਬ ਦੀ ਜਨਤਾ ਨੂੰ ਰਾਹਤ ਮਿਲੀ ਹੈ।
ਪੰਜਾਬ ਵਿੱਚ ਹੁਣ 0 ਤੋਂ 100 ਯੂਨਿਟ ਦੀ ਕੈਟਾਗਿਰੀ ਖ਼ਤਮ, 0-300 ਯੂਨਿਟ ਦੀ ਕੈਟਾਗਿਰੀ ਕੀਤੀ ਤਿਆਰ | Power Bills in Punjab
ਇਸ ਨਾਲ ਹੀ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਵੱਲੋਂ 0 ਤੋਂ 100 ਯੂਨਿਟ ਤੱਕ ਦੀ ਕੈਟਾਗਿਰੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਤੋਂ ਬਾਅਦ 0 ਤੋਂ 300 ਯੂਨਿਟ ਦੀ ਹੀ ਕੈਟਾਗਿਰੀ ਨੂੰ ਰੱਖਿਆ ਗਿਆ ਹੈ। ਇਸ ਪਿੱਛੇ ਮੁੱਖ ਕਾਰਨ ਇਹ ਹੈ ਕਿ ਹਰ ਮਹੀਨੇ ਬਿਜਲੀ ਦੇ ਖ਼ਪਤਕਾਰਾਂ ਨੂੰ 300 ਯੂਨਿਟ ਤੱਕ ਬਿਜਲੀ ਮੁਫ਼ਤ ਹੈ ਅਤੇ ਇਸ ਦਾ ਪੈਸਾ ਸਬਸਿਡੀ ਦੇ ਰੂਪ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਪਹਿਲਾਂ 2 ਕੈਟਾਗਿਰੀ ਹੋਣ ਕਰਕੇ ਲੱਖਾਂ ਖ਼ਪਤਕਾਰਾਂ ਦਾ ਹਿਸਾਬ ਕਿਤਾਬ ਪੰਜਾਬ ਸਰਕਾਰ ਨਾਲ ਸਬਸਿੱਡੀ ਦੇ ਰੂਪ ਵਿੱਚ ਕਰਨ ਲਈ ਪਾਵਰਕੌਮ ਨੂੰ ਪਰੇਸ਼ਾਨੀ ਵਿੱਚੋਂ ਗੁਜ਼ਰਨਾ ਪੈ ਰਿਹਾ ਸੀ, ਇਸ ਲਈ 2 ਕੈਟਾਗਿਰੀ ਦੀ ਥਾਂ ’ਤੇ ਇੱਕੋਂ ਹੀ ਕੈਟਾਗਿਰੀ ਕਰਦੇ ਹੋਏ ਆਪਣੇ ਸਬਸਿਡੀ ਦੇ ਹਿਸਾਬ-ਕਿਤਾਬ ਨੂੰ ਵੀ ਸੌਖਾ ਕਰ ਲਿਆ ਗਿਆ ਹੈ।