ਕੇਂਦਰੀ ਮੰਤਰੀ ਬਰਿੰਦਰ ਸਿੰਘ ਨੇ ਸੂਬਾ ਸਰਕਾਰ ਦੀ ਸਿੱਖਿਆ ਨੀਤੀ ‘ਤੇ ਉਂਗਲ ਚੁੱਕੀ

ਕਿਹਾ, ਸਿੱਖਿਆ ‘ਤੇ ਨਾ ਹੋਵੇ ਸਿਆਸਤ

ਰੋਹਤਕ: ਕੇਂਦਰੀ ਇਸਪਾਤ ਮੰਤਰੀ ਬਰਿੰਦਰ ਸਿੰਘ ਨੇ ਸੂਬਾ ਸਰਕਾਰ ‘ਤੇ ਸਿੱਖਿਆ ਨੀਤੀ ‘ਤੇ ਉਂਗਲ ਉਠਾਉਂਦਿਆਂ ਕਿਹਾ ਕਿ ਅੱਜ ਸੂਬੇ ਦੇ ਸਕੂਲ ਤੇ ਕਾਲਜਾਂ ‘ਚ ਅਧਿਆਪਕਾਂ ਦੀ ਭਾਰੀ ਕਮੀ ਹੈ, ਇਸ ਨਾਲ ਸਿੱਖਿਆ ਦੀ ਗੁਣਵੱਤਾ ‘ਚ ਕਿਵੇਂ ਸੁਧਾਰ ਹੋ ਸਕੇਗਾ? ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੇ ਅੱਜ ਦੇ ਯੁਗ ‘ਚ ਸਿੱਖਿਆ ਨਾਲ ਹੀ ਉੱਨਤੀ ਸੰਭਵ ਹੈ।

ਪਹਿਲੀ ਜਮਾਤ ਤੋਂ ਹੀ ਹੋ ਰਹੀ ਛਾਂਟੀ

ਕੇਂਦਰੀ ਮੰਤਰੀ ਬਰਿੰਦਰ ਸਿੰਘ ਸ਼ਨਿੱਚਰਵਾਰ ਨੂੰ  ਆਪਣੀ ਪਤਨੀ ਪ੍ਰੇਮਲਤਾ ਨਾਲ ਸਾਂਪਲਾ ਸਥਿਤ ਛੋਟੂਰਾਮ ਮਹਿਲਾ ਯੂਨੀਵਰਸਿਟੀ ਪਹੁੰਚੇ ਤੇ ਕਾਲਜ ‘ਚ ਉਨ੍ਹਾਂ ਨੇ ਚੌਧਰੀ ਛੋਟੂਰਾਮ ਦੇ ਵੱਡ ਆਕਾਰੀ ਬੁੱਤ ਦਾ ਉਦਘਾਟਨ ਕੀਤਾ। ਕੇਂਦਰੀ ਇਸਪਾਤ ਮੰਤਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਗੁਣਵੱਤਾ ਵਾਲੀ ਸਿੱਖਿਆ ਮਿਲੇ ਤੇ ਰੁਜ਼ਗਾਰ ਦੇ ਖੇਤਰ ‘ਚ ਅੱਗੇ ਵਧਣ ਨਾਲ ਹੀ ਸਮਾਜ ਤੇ ਕੌਮ ਦਾ ਵਿਕਾਸ ਸੰਭਵ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਖੇਡਾਂ ਦੇ ਨਾਲ-ਨਾਲ ਹੋਰ ਖੇਤਰਾਂ ‘ਚ ਵੀ ਅੱਗੇ ਰਹੇ ਹਨ। ਮੁਕਾਬਲਿਆਂ ਦੇ ਯੁਗ ‘ਚ ਵਿਸ਼ਵ ਪੱਧਰ ‘ਤੇ ਮੁਕਾਬਲਾ ਕਰਨ ਲਈ ਸਿੱਖਿਆ ਦੇ ਖੇਤਰ ‘ਚ ਵੀ ਅੱਗੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਅਜਿਹੀ ਸਿੱਖਿਆ ਦਾ ਪ੍ਰਸਾਰ ਵਧੇ ਜਿਸ ‘ਚ ਪਹਿਲੀ ਜਮਾਤ ਤੋਂ ਪ੍ਰਤਿਭਾ ਨੂੰ ਛਾਂਟ ਕੇ ਵਿਕਸਿਤ ਕੀਤਾ ਜਾ ਸਕੇ। ਸਿੱਖਿਆ ਦੇ ਖੇਤਰ ‘ਚ ਆਈਏਐੱਸ ਪੱਧਰ ਦੀ ਸਿੱਖਿਆ ਲੈਣ ਲਈ ਸਾਡੇ ਨੌਜਵਾਨਾਂ ਨੂੰ ਦਿੱਲੀ ਜਾਣਾ ਪੈਂਦਾ ਹੈ। ਅਸੀਂ ਇਸ ਤਰ੍ਹਾਂ ਦੀ ਸਿੱਖਿਆ ਰੋਹਤਕ ਤੇ ਸੂਬੇ ‘ਚ ਵੀ ਮੁਹੱਈਆ ਕਰਵਾ ਸਕਦੇ ਹਾਂ। ਇਸ ਲਈ ਸਰਕਾਰ ਨੂੰ ਭਰਪੂਰ ਯਤਨ ਕਰਨਾ ਚਾਹੀਦਾ।

ਖੇਤੀ ‘ਚ ਅਸੀਂ ਪੰਜਾਬ ਨੂੰ ਵੀ ਪਿੱਛੇ ਛੱਡਿਆ

ਕੇਂਦਰੀ ਮੰਤਰੀ ਨੇ ਕਿਹਾ ਕਿ ਖੇਤੀ ‘ਚ ਹਰਿਆਣਾ ਨੇ ਪੰਜਾਬ ਸੂਬੇ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਪਰ ਸਿੱਖਿਆ ਕਾਰਨ ਪ੍ਰਤਿਭਾ ਨੂੰ ਨਿਖਾਰਣ ‘ਚ ਦਿੱਕਤਾਂ ਪੇਸ਼ ਆ ਰਹੀਆਂ ਹਨ। ਔਰਤਾਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਮਿਲੇ ਕਿ ਉਹ ਨੌਕਰੀਆਂ ਵੱਲ ਨਾ ਭੱਜ ਕੇ ਰੁਜ਼ਗਾਰ ਦੇਣ ਵਾਲੀ ਉੱਦਮਸ਼ੀਲ ਔਰਤ ਬਣੇ। ਉਨ੍ਹਾਂ ਕਿਹਾ ਕਿ ਸਰ ਛੋਟੂਰਾਮ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਕਿਸਾਨ ਨੂੰ ਆਰਥਿਕ ਆਜ਼ਾਦੀ ਦਿਵਾਉਣ ਦਾ ਕੰਮ ਕੀਤਾ। ਸਰ ਛੋਟੂਰਾਮ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਉਦਯੋਗ ਤੇ ਬਾਜ਼ਾਰ ‘ਤੇ ਕਬਜ਼ਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮਾਜ ‘ਚ ਉਦਯੋਗਾਂ ਦੇ ਨਾਲ-ਨਾਲ ਬਜ਼ਾਰੀਕਰਨ ‘ਤੇ ਵੀ ਆਪਣੀ ਪ੍ਰਤਿਭਾ ਵਧੇ ਤੇ ਸਰ ਛੋਟੂਰਾਮ ਦੇ ਸੁਪਨਿਆਂ ਦਾ  ਭਾਰਤ ਬਣਾਇਆ ਜਾ ਸਕਦਾ ਹੈ ਤੇ ਕਿਸਾਨ ਵਰਗ ਨੂੰ ਆਰਥਿਕ ਖੁਸ਼ਹਾਲੀ ਪ੍ਰਦਾਨ ਕੀਤੀ ਜਾ ਸਕਦੀ ਹੈ।

ਗੱਲਬਾਤ ਨਾਲ ਹੀ ਨਿਕਲੇਗਾ ਚੀਨ ਮਸਲੇ ਦਾ ਹੱਲ

ਕੇਂਦਰੀ ਇਸਪਾਤ ਮੰਤਰੀ ਨੇ ਭਾਰਤ ਚੀਨ ਵਿਵਾਦ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਭਾਰਤ ਦੇਸ਼ ਦੀ ਵਿਦੇਸ਼ ਨੀਤੀ ਅਜਿਹੀ ਹੈ ਕਿ ਹਰ ਵਿਵਾਦ ਦਾ ਹੱਲ ਗੱਲਬਾਤ ਦੇ ਜ਼ਰੀਏ ਨਾਲ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਚੀਨ ਗਏ ਸਨ ਤੇ ਉੱਥੇ ਗੱਲਬਾਤ ਹੋਈ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ‘ਚ ਚੀਨ ਭਾਰਤ ਬਾਰਡਰ ਵਿਵਾਦ ਗੱਲਬਾਤ ਦੇ ਜ਼ਰੀਏ ਨਾਲ ਸੁਲਝ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।