ਰਾਜਨੀਤੀ : ਵਿਧਾਨ ਸਭਾ ਹਲਕਾ ਦਿੜ੍ਹਬਾ ’ਚ ਕਾਂਗਰਸ ਪਾਰਟੀ ਉਮੀਦਵਾਰ ਐਲਾਨਣ ’ਚ ਪਛੜੀ
ਆਮ ਆਦਮੀ ਪਾਰਟੀ ਵੱਲੋਂ ਹਰਪਾਲ ਚੀਮਾ, ਅਕਾਲੀ ਦਲ ਵੱਲੋਂ ਗੁਲਜਾਰੀ ਮੂਣਕ ਨੂੰ ਐਲਾਨਿਆ ਉਮੀਦਵਾਰ
(ਜੀਵਨ ਗੋਇਲ) ਧਰਮਗੜ੍ਹ। ਪੰਜਾਬ ’ਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਣ ਵਾਲਾ ਹੈ ਜ਼ੇਕਰ ਰਿਜ਼ਰਵ ਐਲਾਨੇ ਗਏ ਹਲਕਾ ਦਿੜ੍ਹਬਾ ਦੇ ਮੌਜ਼ੂਦਾ ਹਾਲਾਤਾਂ ਤੇ ਨਜ਼ਰ ਮਾਰੀ ਜਾਵੇ ਤਾਂ ਫਿਲਹਾਲ ਕਿਸੇ ਦੇ ਪੱਖ ਵਿੱਚ ਕੋਈ ਲਹਿਰ ਜਾਂ ਹਵਾ ਨਹੀਂ ਹੈ ਦਿੜ੍ਹਬਾ ਹਲਕਾ ਦਾ ਵੋਟਰ ਹਾਲੇ ਖ਼ਾਮੋਸ਼ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ ਪਰ ਆਪਸੀ ਫੁੱਟ ਕਾਰਨ ਕਾਂਗਰਸ ਵੱਲੋਂ ਹਾਲੇ ਤੱਕ ਕਿਸੇ ਦੇ ਨਾਂਅ ’ਤੇ ਮੋਹਰ ਨਹੀਂ ਲੱਗੀ ਜਿਸ ਕਾਰਨ ਸਭ ਤੋਂ ਜ਼ਿਆਦਾ ਰੱਫੜ ਸੱਤਾਧਾਰੀ ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਹੀ ਪਿਆ ਹੋਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਹਲਕਾ ਦਿੜ੍ਹਬਾ ਵਿੱਚ ਤਿੰਨੋ ਪਾਰਟੀਆਂ ਵਿੱਚ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਦੂਸਰੀ ਵਾਰ ਗੁਲਜਾਰੀ ਮੂਣਕ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾਂ ਮੌਜ਼ੂਦਾ ਵਿਧਾਇਕ ਨੂੰ ਦੁਬਾਰਾ ਪਾਰਟੀ ਵੱਲੋਂ ਚੋਣ ਲੜਨ ਦੀ ਮਨਜ਼ੂਰੀ ਦਿੱਤੀ ਗਈ ਇਸੇ ਕੜੀ ਤਹਿਤ ਕਾਂਗਰਸ ਵਿੱਚ ਭਾਰੀ ਰੱਫੜ ਪੈਦਾ ਨਜ਼ਰ ਆ ਰਿਹਾ ਹੈ ਇਲਾਕੇ ਵਿੱਚ ਕਾਂਗਰਸ ਦੀ ਪਿਛਲੇ ਸਮੇਂ ਤੋਂ ਪੈ ਰਹੀ ਫੁੱਟ ਨਾਲ ਕਾਗਰਸ ਦੇ ਹੱਥ ਜਿੱਤ ਦੇ ਕਿਨਾਰੇ ਤੋਂ ਕਿਸਮਤ ਹਾਰ ਜਾਂਦੀ ਹੈ। ਵੱਖੋ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨਾਲ ਆਪਣੀ-ਆਪਣੀ ਜਿੱਤ ਦੀ ਗੱਲ ਕਰਨ ’ਤੇ ਸ਼੍ਰੋਮਣੀ ਅਕਾਲੀ ਦੇ ਜਾਣੇ-ਪਛਾਣੇ ਵਰਲਡ ਕੱਪ ਦੇ ਮਸ਼ਹੂਰ ਖਿਡਾਰੀ ਗੁਲਜਾਰੀ ਮੂਣਕ ਨੇ ਕਿਹਾ ਕਿ ਮੈਂ ਇੱਕ ਸਮਾਜ ਸੇਵੀ ਆਦਮੀ ਹਾਂ ਮੈਨੂੰ ਸਿਆਸਤ ਤਾਂ ਘੱਟ ਹੀ ਆਉਂਦੀ ਹੈ ਪਰ ਮੈਨੂੰ ਲੋਕ ਖਿਡਾਰੀ ਹੋਣ ਦੇ ਨਾਤੇ ਪਿਆਰ ਦਿੰਦੇ ਹਨ।
ਮੈਂ ਮਜ਼ਦੂਰ ਵਰਗ ਤੋਂ ਉੱਠਕੇ ਲੋਕਾਂ ਦੇ ਪਿਆਰ ਸਦਕਾ ਇਸ ਮੁਕਾਮ ’ਤੇ ਆਇਆ ਹਾਂ, ਲੋਕਾਂ ਨਾਲ ਦੁੱਖ ਸੁੱਖ ਵਿੱਚ ਵਿਚਰਦਾ ਹਾਂ, ਰਹੀਂ ਗੱਲ ਕਿਸੇ ਮੁੱਦੇ ਦੀ ਜੇਕਰ ਸਤਿਕਾਰ ਯੋਗ ਵੋਟਰ ਮੈਨੂੰ ਜਿਤਾ ਕੇ ਮੌਕਾ ਦੇਣ ਤਾਂ ਮੇਰੀ ਜਿੱਤ ਵੋਟਰਾਂ ਦੀ ਜੱਤ ਹੋਵੇਗੀ ਆਪੇ ਹੀ ਪਤਾ ਲੱਗੇਗਾ, ਉਮੀਦ ਹੈ ਸਾਥ ਮਿਲੇਗਾ ਜਿੱਤ ਹੋਵੇਗੀ। ਆਮ ਪਾਰਟੀ ਦੇ ਹਲਕਾ ਦੇ ਵਿਧਾਇਕ ਹਰਪਾਲ ਚੀਮਾ ਨੂੰ ਜਨਤਾ ’ਚ ਘੱਟ ਵਿਚਰਨ ’ਤੇ ਪੁੱਛਿਆ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ, ਫਿਰ ਵੀ ਭਾਵੇਂ ਪਾਰਟੀ ਦੀ ਸਰਕਾਰ ਨਹੀਂ ਸੀ, ਜਿੰਨਾ ਵੀ ਹੋਇਆ ਹਲਕੇ ’ਚ ਕੰਮ ਕਰਵਾਏ। ਕਿਸਾਨੀ ਅੰਦੋਲਨ ਦੇ ਵਿੱਚ ਪਾਰਟੀ ਨੇ ਜਿੰਨਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਮਜ਼ਦੂਰ ਅਤੇ ਕਿਸਾਨਾਂ ਤੋਂ ਇਲਾਵਾ ਸਾਰੇ ਵਰਗ ਆਮ ਆਦਮੀ ਪਾਰਟੀ ਨਾਲ ਪਿਆਰ ਕਰਦੇ ਹਨ , ਵੋਟਰ ਜਾਣ ਚੁੱਕੇ ਹਨ ਕਿ ਹੁਣ ਤੱਕ ਕਿਸੇ ਅਕਾਲੀ-ਕਾਂਗਰਸੀ-ਬੀਜੇਪੀ ਨੇ ਕੁਝ ਨਹੀਂ ਕੀਤਾ। ਇਸ ਵਾਰ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਬਣਾਵਾਂਗੇ।
ਕਾਂਗਰਸ ਪਾਰਟੀ ਹਲਕੇ ਵਿੱਚ ਫੁੱਟ ਜਗਦੇਵ ਸਿੰਘ ਗਾਗਾ ਅਤੇ ਪਿੱਛੇ ਦੋ ਵਾਰ ਚੋਣ ਲੜ ਚੁੱਕੇ ਹਲਕਾ ਇੰਚਾਰਜ ਮਾਸਟਰ ਅਜਾਇਬ ਸਿੰਘ ਰਟੋਲਾਂ ਆਪਸ ਵਿੱਚ ਟਿਕਟ ਲੈਣ ਲਈ ਹਾਈ ਕਮਾਨ ਕੋਲ ਤਰਲੇ ਮੱੱਛੀ ਹੋਏ ਪਏ ਹਨ, ਜਗਦੇਵ ਗਾਗਾ ਅਨੁਸਾਰ ਪਾਰਟੀ ਦਾ ਅਸੂਲ ਹੈ ਕੋਈ ਉਮੀਦਵਾਰ ਦੋ ਵਾਰ ਚੋਣ ਹਾਰ ਜਾਵੇ ਉਸ ਨੂੰ ਟਿਕਟ ਪਾਰਟੀ ਵੱਲੋਂ ਨਹੀਂ ਦਿੱਤੀ ਜਾਵੇ ਟਿਕਟ ਮੈਨੂੰ ਪਾਰਟੀ ਦੇਵੇਗੀ ਮੈਂ ਇਲਾਕੇ ਵਿੱਚ ਕੈਬਨਿਟ ਮੰਤਰੀ ਸਿੰਗਲਾ ਅੱਗੇ ਬੇਨਤੀ ਕਰਕੇ ਜਿਲ੍ਹਾ ਪੱਧਰ ’ਤੇ ਕਰੋੜਾਂ ਰੁਪਏ ਲਾ ਕੇ ਕੰਮ ਕਰਵਾਏ ਮੈਨੂੰ ਟਿਕਟ ਮਿਲਣ ਦੀ ਪੂਰੀ ਉਮੀਦ ਹੈ। ਜਦੋਂ ਕਿ ਮਾਸਟਰ ਅਜਾਇਬ ਸਿੰਘ ਰਟੋਲਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਲਕੇ ਵਿੱਚ ਕਾਂਗਰਸ ਦੀ ਹਾਰ ਦਾ ਕਾਰਨ ਤਾਂ ਇਹੀ ਲੋਕ ਹਨ ਜੋ ਇਮਾਨਦਾਰੀ ਨਾਲ ਕੰੰਮ ਨਹੀਂ ਕਰਦੇ ਆਪਣੇ ਸੁਆਰਥ ਲਈ ਪਾਰਟੀ ਨੂੰ ਜਿੱਤ ਹੁੰਦਿਆਂ ਵੀ ਹਰਾ ਦਿੰਦੇ ਹਨ।
ਮੈਨੂੰ ਲੋਕਾਂ ਪਹਿਲਾਂ ਵੀ ਪੂਰਾ ਸਾਥ ਦਿੱਤਾ ਅਤੇ ਹੁਣ ਵੀ ਮੇਰਾ ਲੋਕਾਂ ਨਾਲ ਪਿੰਡ ਦੀਆਂ ਪੰਚਾਇਤਾਂ ਤੋਂ ਇਲਾਵਾ ਸਮਾਜ ਸੇਵੀ, ਧਾਰਮਿਕ ਜਥੇਬੰਦੀਆਂ ਸਮੇਤ ਹਰ ਵਰਗ ਦੇ ਲੋਕਾਂ ਨਾਲ ਦਿਲੋਂ ਪ੍ਰੇਮ ਹੈ ਉਹੀ ਮੈਨੂੰ ਟਿਕਟ ਦਿਵਾ ਕੇ ਚੋਣਾਂ 2022 ਵਿੱਚ ਜਿਤਾਕੇ ਪਾਰਟੀ ਦੀ ਝੋਲੀ ਜਿੱਤ ਪਾਉਣਗੇ। ਇਸ ਤੋਂ ਇਲਾਵਾ ਕਈ ਹੋਰ ਵੀ ਧੜੇ ਹਨ ਜਿਹੜੇ ਹਲਕਾ ਦਿੜ੍ਹਬਾ ਤੋਂ ਆਪਣੀ ਦਾਅਵੇਦਾਰੀ ਦਿਖਾ ਰਹੇ ਹਨ ਉਨ੍ਹਾਂ ਵਿੱਚੋਂ ਇੱਕ ਅਹਿਮ ਆਗੂ ਦਾ ਨਾਂਅ ਐਸਆਰ ਲੱਧੜ ਦਾ ਆਉਂਦਾ ਹੈ ਜਿਹੜੇ ਪਿਛਲੇ ਸਮੇਂ ਸੰਗਰੂਰ ਤੋਂ ਡਿਪਟੀ ਕਮਿਸ਼ਨਰ ਵੀ ਰਹੇ ਹਨ ਉਨ੍ਹਾਂ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਹਲਕੇ ਵਿੱਚ ਕਾਫ਼ੀ ਸਰਗਰਮੀ ਦਿਖਾਈ ਜਾ ਰਹੀ ਹੈ ਕਿਸਾਨ ਸੰਘਰਸ਼ ਦੌਰਾਨ ਉਨ੍ਹਾਂ ਵੱਲੋਂ ਹਲਕੇ ਵਿੱਚ ਆਉਣ ਜਾਣ ਲੱਗਿਆ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ