ਲੌਂਗੋਵਾਲ, (ਗੁਰਪ੍ਰੀਤ ਸਿੰਘ/ਕ੍ਰਿਸ਼ਨ/ਹਰਪਾਲ/ਸੱਚ ਕਹੂੰ ਨਿਊਜ਼)। ਲੌਂਗੋਵਾਲ ਵਿਖੇ ਅੱਜ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵਿਰੋਧੀਆਂ ‘ਤੇ ਤਾਬੜ ਤੋੜ ਹਮਲੇ ਕੀਤੇ ਗਏ ਤੇ ਆਉਂਦੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵੱਲੋਂ ਜਿੱਤ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਸ਼ਹੀਦੀ ਸਮਾਗਮ ‘ਚ ਸਿਆਸਤ ਪੂਰੀ ਤਰ੍ਹਾਂ ਭਾਰੂ ਰਹੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਇਸਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਪਿਛਲੇ 100 ਸਾਲ ਅਜਿਹੀ ਕੋਈ ਪਾਰਟੀ ਨਹੀਂ ਆਈ ਜਿਸ ਦਾ ਇਤਿਹਾਸ ਕੁਰਬਾਨੀਆਂ ਨਾਲ ਜੁੜਿਆ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਸ਼ਹੀਦ ਹਰਚੰਦ ਸਿੰਘ ਲੌਂਗੋਵਾਲ ਵੀ ਅਕਾਲੀ ਦਲ ਦੇ ਪ੍ਰਧਾਨ ਰਹੇ ਤੇ ਪਾਰਟੀ ਦੀਆਂ ਨੀਤੀਆਂ ‘ਤੇ ਚਲਦੇ ਰਹੇ। ਉਨ੍ਹਾਂ ਕਿਹਾ ਕਿ ਸ਼ਹੀਦ ਲੌਂਗੋਵਾਲ ਨਾਲ ਬਹੁਤ ਵੱਡਾ ਧੋਖਾ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਸ਼ਹਾਦਤ ਦੇਣੀ ਪਈ ਸੀ।
ਕਾਂਗਰਸ ‘ਤੇ ਕੀਤੇ ਸਿਆਸੀ ਹਮਲੇ
ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ‘ਤੇ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਬਣਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਐਲਾਨੇ ਕੀਤੇ ਗਏ ਸਨ, ਉਨ੍ਹਾਂ ਦੀ ਪੂਰੀ ਤਰ੍ਹਾਂ ਫੂਕ ਨਿੱਕਲ ਚੁੱਕੀ ਹੈ। ਪੰਜਾਬ ਦੇ ਕਿਸੇ ਵੀ ਕਿਸਾਨ ਦਾ ਕਰਜ਼ਾ ਮੁਆਫ਼ ਨਹੀਂ ਹੋਇਆ ਤੇ ਨਾ ਹੀ ਵਧੀ ਹੋਈ ਪੈਨਸ਼ਨ ਹਾਲੇ ਤੱਕ ਲੋਕਾਂ ਨੂੰ ਮਿਲਣ ਲੱਗੀ ਹੈ ਸਰਕਾਰ ਨੇ ਜਿਹੜਾ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਉਹ ਵੀ ਪੂਰਾ ਨਹੀਂ ਕੀਤਾ। ਸਰਕਾਰ ਬਣੀ ਨੂੰ ਡੇਢ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਪਰ ਇੰਨੇ ਥੋੜ੍ਹੇ ਸਮੇਂ ‘ਚ ਸਰਕਾਰ ਨੇ ਆਪਣਾ ਆਧਾਰ ਲੋਕਾਂ ‘ਚੋਂ ਗਵਾ ਲਿਆ ਹੈ, ਜਿਸ ਕਾਰਨ ਆਉਣ ਵਾਲੀਆਂ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਜਿੱਤਣਗੇ। (Longowal News)
ਆਮ ਆਦਮੀ ਪਾਰਟੀ ਦੀ ਵੀ ਕੀਤੀ ਕਰੜੀ ਵਿਰੋਧਤਾ | Longowal News
ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਨੂੰ ‘ਟੋਪੀਆਂ’ ਵਾਲਿਆਂ ਦੀ ਪਾਰਟੀ ਕਹਿ ਕੇ ਆਖਿਆ ਕਿ ਇਨ੍ਹਾਂ ਨੇ ਇੱਕ ਵਾਰ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਚਲਾਕੀ ਭਰੀਆਂ ਗੱਲਾਂ ਨਾਲ ਭਰਮਾ ਲਿਆ ਪਰ ਹੁਣ ਇਹ ਖੁਦ ਤਾਰ-ਤਾਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜਿਸ ਤਰੀਕੇ ਨਾਲ ਗੱਲਾਂ ਕੀਤੀਆਂ ਹਨ, ਉਹ ਪੰਜਾਬ ਦੋਖ਼ੀ ਵਾਲੀਆਂ ਹੀ ਹਨ ਉਨ੍ਹਾਂ ਭਗਵੰਤ ਮਾਨ ਨੂੰ ‘ਸ਼ਰਾਬੀ’ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਇਸ ਨੂੰ ਜਿਤਾ ਕੇ ਸੰਸਦ ‘ਚ ਭੇਜਿਆ ਪਰ ਇਸ ਨੇ ਚੁਟਕਲੇ ਸੁਣਾ ਕੇ ਲੋਕਾਂ ਦੀਆਂ ਵੋਟਾਂ ਦਾ ਮੁੱਲ ਤਾਰਿਆ। (Longowal News)
ਅਕਾਲੀ ਦਲ ਨੂੰ ਰਾਸ਼ਟਰੀ ਪਾਰਟੀ ਬਣਾਉਣ ਦੀ ਇੱਛਾ ਹੋਈ ਜ਼ਾਹਰ
ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਪੰਜਾਬ ਤੋਂ ਬਾਹਰਲੇ ਸੂਬਿਆਂ ‘ਚ ਫੈਲਾਉਣ ਦੇ ਮਨਸੂਬੇ ਜ਼ਾਹਰ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਅਕਾਲੀ ਦਲ ਵੱਲੋਂ ਹਰਿਆਣਾ, ਉੱਤਰ ਪ੍ਰਦੇਸ਼ ਸਮੇਤ ਹਰ ਸੂਬੇ ‘ਚ ਆਪਣਾ ਆਧਾਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਹਰ ਰਾਜ ‘ਚ ਵੱਡੇ ਪੱਧਰ ‘ਤੇ ਸਿੱਖ ਵਸੋ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹਰਿਆਣਾ ਦੇ ਪਿਪਲੀ ‘ਚ ਹੋਈ ਅਕਾਲੀ ਦਲ ਦੀ ਰੈਲੀ ਨੇ ਸਾਬਤ ਕੀਤਾ ਹੈ ਕਿ ਸਮੁੱਚੇ ਪੰਜਾਬੀਆਂ ਦਾ ਰੁਝਾਨ ਅਕਾਲੀ ਦਲ ‘ਚ ਵੱਡੇ ਪੱਧਰ ‘ਤੇ ਹੋ ਰਿਹਾ ਹੈ।