
ਕਿਸਾਨਾਂ ਵੱਲੋਂ ਸੜਕਾਂ ਵਿਚ ਧਰਨੇ ਜਾਰੀ | Farmers Protest
Farmers Protest: (ਰਾਜਨ ਮਾਨ) ਅੰਮ੍ਰਿਤਸਰ। ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਚੰਡੀਗੜ੍ਹ ਵਿਖੇ ਮੋਰਚਾ ਲਾਉਣ ਲਈ ਮਾਝੇ ਅਤੇ ਦੋਆਬੇ ਵਿਚੋਂ ਟਰੈਕਟਰ ਟਰਾਲੀਆਂ ਤੇ ਜਾ ਰਹੇ ਹਜ਼ਾਰਾਂ ਕਿਸਾਨਾਂ ਨੂੰ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਬੈਰੀਗੇਟ ਲਗਾ ਕੇ ਰੋਕਿਆ ਗਿਆ ਕੁਝ ਕੁ ਥਾਵਾਂ ’ਤੇ ਕਿਸਾਨ ਪੁਲਿਸ ਦੀਆਂ ਰੋਕਾਂ ਤੋੜਦੇ ਹੋਏ ਅੱਗੇ ਵਧਣ ਵਿੱਚ ਕਾਮਯਾਬ ਹੋਏ ਹਨ ਪਰ ਕੁਝ ਕਿਲੋਮੀਟਰ ਤੇ ਉਹਨਾਂ ਨੂੰ ਮੁੜ ਰੋਕ ਲਿਆ ਗਿਆ।
ਮਾਝੇ ਅਤੇ ਦੋਆਬੇ ਵਿੱਚ ਦਰਜਨ ਤੋਂ ਵੱਧ ਥਾਵਾਂ ਤੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਕਰਾਰ ਹੋਈ ਹੈ। ਰੋਹ ਵਿਚ ਆਏ ਕਿਸਾਨਾਂ ਨੇ ਜਿੱਥੇ ਪੁਲਿਸ ਵੱਲੋਂ ਰੋਕਾਂ ਲਗਾਕੇ ਰੋਕਿਆ ਗਿਆ ਉੱਥੇ ਹੀ ਧਰਨਾ ਲਾ ਦਿੱਤਾ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁੰਨ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾਂ ਅਤੇ ਜਮਹੂਰੀ ਕਿਸਾਨ ਸਭਾ ਦੇ ਕਾਰਕੁੰਨ ਆਪਣੇ ਸੂਬਾ ਪ੍ਰਧਾਨ ਸਤਨਾਮ ਅਜਨਾਲਾ ਦੀ ਅਗਵਾਈ ਵਿਚ ਇਕੱਠੇ ਹੋਏ ਅਤੇ ਜਿਵੇ ਹੀ ਟਰੈਕਟਰ-ਟਰਾਲੀਆ ਲੈ ਕੇ ਚੰਡੀਗੜ੍ਹ ਨੂੰ ਤੁਰੇ ਤਾਂ ਪੰਜਾਬ ਪੁਲਿਸ ਨੇ ਆਪਣੀਆ ਗੱਡੀਆ ਸੜਕ ਵਿਚ ਲਾ ਕੇ ਕਾਫਲੇ ਨੂੰ ਰੋਕ ਲਿਆ ਤਾਂ ਕਿਸਾਨਾਂ ਉਸ ਥਾਂ ਹੀ ਸੜਕ ’ਤੇ ਬੈਠ ਕਿ ਧਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: PM Internship Scheme: ਪ੍ਰਧਾਨ ਮੰਤਰੀ ਇੰਟਰਨਸਿਪ ਯੋਜਨਾ ਲਈ 12 ਮਾਰਚ ਤੱਕ ਕੀਤਾ ਜਾ ਸਕਦੇ ਅਪਲਾਈ
ਇਸ ਮੌਕੇ ਕਿਸਾਨ ਆਗੂਆਂ ਨੇ ਕਹਿ ਕਿ ਪੰਜਾਬ ਦੇ ਮੂਰਖ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਵਿਚ ਲੱਗਣ ਵਾਲੇ ਧਰਨੇ ’ਤੇ ਰੋਕ ਲਾ ਪੰਜਾਬ ਨੂੰ ਖੁੱਲੀ ਜ਼ੇਲ ਵਿਚ ਬਦਲ ਕਿ ਕਿਸਾਨਾਂ ਦਾ ਧਰਨਾ ਦੇਣ ਦਾ ਜਮਹੂਰੀ ਹੱਕ ਖੋਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਆਖਿਆ ਕਿ ਕਿਸਾਨੀ ਮੰਗਾਂ ’ਤੇ ਮੁੱਖ ਮੰਤਰੀ ਨਾਲ ਬਹੁਤ ਵਧੀਆ ਮੀਟਿੰਗ ਚੱਲ ਰਹੀ ਸੀ ਪਰ ਮੁੱਖ ਮੰਤਰੀ ਨੇ ਆਪਣੀ ਬੇਅਕਲੀ ਦਾ ਸਬੂਤ ਦਿੰਦਿਆਂ ਮੀਟਿੰਗ ਤੋੜ ਦਿੱਤੀ ਅਤੇ ਕਿਸਾਨਾਂ ਨੂੰ ਧਰਨਾ ਲਾਉਣ ਦੀ ਚਣੌਤੀ ਦਿੱਤੀ।
ਉਹਨਾਂ ਕਿਹਾ ਕਿ ਜਿਵੇਂ ਕਿਸਾਨਾਂ ਨਾਲ ਪੰਗਾ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਪੰਜਾਬ ਵਿੱਚੋਂ ਸਫਾਇਆ ਕਰਵਾਇਆ ਹੈ ਉਸੇ ਤਰਾਂ ਹੁਣ ਭਗਵੰਤ ਮਾਨ ਦੀਆਂ ਨਲਾਇਕੀਆਂ ਅਤੇ ਹੰਕਾਰ ਆਮ ਆਦਮੀ ਪਾਰਟੀ ਲਈ ਪੱਤਣ ਦਾ ਕਾਰਨ ਬਣੇਗਾ। ਉਹਨਾਂ ਕਿਹਾ ਕਿ ਸੱਤਾਂ ਵਿਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਸਾਨ ਹਿਤੈਸ਼ੀ ਹੋਣ ਦਾ ਮਖੌਟਾ ਪਾਇਆ ਹੋਇਆ ਸੀ ਜੋ ਕਿ ਹੁਣ ਉਤਰ ਗਿਆ ਹੈ ਅਤੇ ਇਸਦੀ ਅਸਲੀਅਤ ਸਾਹਮਣੇ ਆ ਗਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਕਿਸਾਨਾਂ ਨੂੰ ਉਲਟਾ ਵੰਗਾਰਨਾ ਆਮ ਆਦਮੀ ਪਾਰਟੀ ਨੂੰ ਮਹਿੰਗਾ ਪਵੇਗਾ। ਉਹਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਇਸ ਹੰਕਾਰੇ ਹੋਏ ਮੁੱਖ ਮੰਤਰੀ ਦਾ ਬਿਸਤਰਾ ਗੋਲ ਕਰਨ ਲਈ ਤਕੜੇ ਹੋ ਕੇ ਮੈਦਾਨ ਵਿੱਚ ਆਉਣ। Farmers Protest
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਖਜ਼ਾਨਚੀ ਮੇਜ਼ਰ ਸਿੰਘ ਕੜਿਆਲ, ਜਿ਼ਲ੍ਹਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਕਿਆਮਪੁਰ, ਗੁਰਸ਼ਰਨ ਸਿੰਘ ਰਾਣੇਵਾਲੀ, ਮੇਜ਼ਰ ਸਿੰਘ ਜੋਹਲ, ਦਵਿੰਦਰ ਸਿੰਘ ਗੱਗੋ ਮਾਹਲ, ਬਲਵਿੰਦਰ ਸਿੰਘ ਨਿੱਜ਼ਰ, ਜੋਰਾਵਰ ਸਿੰਘ, ਬਲਦੇਵ ਸਿੰਘ ਜਮਹੂਰੀ ਕਿਸਾਨ ਸਭਾ ਦੇ ਕੁਲਵੰਤ ਮੱਲੂਨੰਗਲ, ਟਹਿਲ ਸਿੰਘ ਚੇਤਨਪੁਰਾ, ਸੁਖਦੇਵ ਸਿੰਘ ਸੰਤੂਨੰਗਲ, ਸਤਵਿੰਦਰ ਉਠੀਆ, ਤਰਸੇਮ ਸਿੰਘ ਕਾਮਲਪੁਰਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਹਰਪਾਲ ਸਿੰਘ ਛੀਨਾਂ ਅਤੇ ਕਾਬਲ ਸਿੰਘ ਛੀਨਾਂ ਹਾਜ਼ਰ ਸਨ ।