ਮੋਤੀ ਮਹਿਲ ਵੱਲ ਰੋਸ਼ ਪ੍ਰਦਰਸ਼ਨ ਕਰਨ ਜਾਂਦੇ ਅਕਾਲੀਆਂ ਨੂੰ ਪੁਲਿਸ ਨੇ ਰੋਕਿਆ

Police, Stopped, Akalis, Protesting, Moti Mahal

ਅਕਾਲੀ ਦਲ ਨੇ ਕੈਪਟਨ, ਜਾਖੜ, ਖਹਿਰਾ, ਰਣਜੀਤ ਸਿੰਘ ਅਤੇ ਦਾਦੂਵਾਲ ਤੇ ਪੁਤਲੇ ਫੂਕੇ

ਕਾਂਗਰਸ ਪੰਜਾਬ ਅੰਦਰ ਭਾਈਚਾਰਕ ਸਾਂਝ ਨੂੰ ਲਾਬੂ ਲਾਉਣ ‘ਤੇ ਤੁਲੀ: ਹਰਪਾਲ ਜੁਨੇਜਾ

ਪਟਿਆਲਾ, ਖੁਸ਼ਵੀਰ ਸਿੰਘ ਤੂਰ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਭੜਕੇ ਅਕਾਲੀ ਦਲ ਨੇ ਅੱਜ ਕੈਪਟਨ ਸਰਕਾਰ ਖਿਲਾਫ ਮੋਰਚਾ ਖੋਲ੍ਹਦਿਆਂ ਪੂਰੇ ਪੰਜਾਬ ‘ਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੇ ਪੁਤਲੇ ਫੂਕੇ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਕਾਲੀ ਦਲ ਨੇ ਜਸਟਿਸ ਰਣਜੀਤ ਕਮਿਸ਼ਨ ਰਿਪੋਰਟ ਨੂੰ ਕਾਂਗਰਸ ਦੀ ਰਿਪੋਰਟ ਕਰਾਰ ਦਿੰਦਿਆਂ ਇਸ ਰਿਪੋਰਟ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਉਣ ਸਬੰਧੀ ਕਿਹਾ ਤਾਂ ਕਿ ਝੂਠਾ ਦਾ ਪੁਲੰਦਾ ਇਸ ਰਿਪੋਰਟ ਦਾ ਸੱਚ ਸਾਹਮਣੇ ਆ ਸਕੇ।

ਪਟਿਆਲਾ ਵਿਖੇ ਭੜਕੇ ਅਕਾਲੀ ਦਲ ਦੇ ਵਰਕਰਾਂ ਨੇ ਕਾਂਗਰਸ ਸਰਕਾਰ ਦਾ ਪੁਤਲਾ ਫੂਕ ਆਪਣੀ ਭੜਾਸ ਕੱਢੀ ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵੱਲ ਰੋਸ਼ ਪ੍ਰਦਰਸ਼ਨ ਕਰਨ ਜਾਂਦੇ ਅਕਾਲੀ ਦਲ ਦੇ ਵਰਕਰਾਂ ਨੂੰ ਵੱਡੀ ਗਿਣਤੀ ਪੁਲਿਸ ਫੋਰਸ ਨੇ ਪੋਲੋ ਗਰਾਊਂਡ ਨੇੜੇ ਬੈਰੀਕੇਡ ਲਾਕੇ ਰੋਕ ਲਿਆ। ਇਸ ਤੋਂ ਬਾਅਦ ਭੜਕੇ ਵਰਕਰਾਂ ਨੇ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ, ਜਸਟਿਸ ਰਣਜੀਤ ਸਿੰਘ, ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸੁਖਪਾਲ ਖਹਿਰਾ ਅਤੇ ਬਲਜੀਤ ਦਾਦੂਵਾਲ ਦੇ ਪੁਤਲੇ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਇਕੱਠੇ ਹੋਏ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਮੁੱਖ ਮੰਤਰੀ ਅਤੇ ਹੋਰਨਾਂ ਦੇ ਪੁਤਲਿਆਂ ‘ਤੇ ਪਹਿਲਾਂ ਰੱਜ ਕੇ ਜੁੱਤੀ ਫੇਰੀ ਅਤੇ ਇਸ ਤੋਂ ਬਾਅਦ ਅੱਗ ਦੇ ਹਵਾਲੇ ਕਰਦਿਆਂ ਨਾਅਰੇਬਾਜੀ ਕੀਤੀ। ਇਸ ਮੌਕੇ ਆਗੂ ਹਰਪਾਲ ਜੁਨੇਜਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਗਈ ਹੈ, ਇਹ ਕਾਂਗਰਸ ਪਾਰਟੀ ਵੱਲੋਂ ਤਿਆਰੀ ਕੀਤੀ ਗਈ ਰਿਪੋਰਟ ਹੈ ਤਾਂ ਜੋ ਆਮ ਲੋਕਾਂ ਨੂੰ ਕੀਤੇ ਗਏ ਵਾਅਦਿਆਂ ਤੋਂ ਭਟਕਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਐਨੀ ਹੀ ਸੁੱਚੀ ਹੈ ਤਾਂ ਉਹ ਸੀਬੀਆਈ ਜਾਂ ਕਿਸੇ ਸੁਪਰੀਮ ਕੋਰਟ ਦੇ ਜੱਜ ਕੋਲੋਂ ਜਾਂਚ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ। ਜੁਨੇਜਾ ਨੇ ਕਿਹਾ ਕਿ ਕਾਂਗਰਸ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਲਾਬੂ ਲਾਉਣ ਤੇ ਤੁਲੀ ਹੋਈ ਹੈ, ਇਸ ਕਾਰਨ ਹੀ ਉਹ ਅਜਿਹੇ ਮੁੱਦੇ ਉਛਾਲ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ, ਸੁਖਪਾਲ ਖਹਿਰਾ, ਬਲਜੀਤ ਸਿੰਘ ਦਾਦੂਵਾਲ ਇਹ ਸਾਰੇ ਇੱਕ ਮਿੱਥੀ ਗਈ ਸਾਜਿਸ਼ ਤਹਿਤ ਹੀ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਹਨ, ਪਰ ਪੰਜਾਬ ਦੇ ਲੋਕ ਸਭ ਜਾਣਦੇ ਹਨ ਕਿ ਕਾਂਗਰਸ ਦਾਦੂਵਾਲ ਨੂੰ ਕਿਉਂ ਅੱਗੇ ਲਿਆ ਰਹੀ ਹੈ।

ਇਸ ਮੌਕੇ ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ, ਅਮਰਿੰਦਰ ਸਿੰਘ ਬਜਾਜ, ਵਿਸ਼ਨੂੰ ਸ਼ਰਮਾ, ਤਰਲੋਕ ਸਿੰਘ ਤੋਰਾ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਸੁਖਬੀਰ ਸਿੰਘ ਸਨੌਰ, ਹਰਪ੍ਰੀਤ ਰੋਕੀ, ਕੰਵਲਜੀਤ ਸਿੰਘ ਗੋਨਾ, ਅਮਨਦੀਪ ਸਿੰਘ ਘੱਗਾ,  ਆਕਾਸ਼ ਸ਼ਰਮਾ ਬੋਕਸਰ, ਜਸਵਿੰਦਰ ਬਰਾੜ ਆਦਿ ਹਾਜਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।