ਪੁਲਿਸ ਨੇ ਐਨਆਈਆਰ ਦੀ ਮਾਂ ਦੇ ਕਤਲ ਦੀ ਗੁੱਥੀ ਸੁਲਝਾਈ, 3 ਗ੍ਰਿਫਤਾਰ
ਠੇਕੇ ਤੇ ਜ਼ਮੀਨ ਵਹੁਣ ਵਾਲਾ ਹੀ ਕਤਲ ਦਾ ਮੁੱਖ ਸੂਤਰਧਾਰ ਨਿਕਲਿਆ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਵਿਦੇਸ਼ ਵੱਸਦੇ ਇੱਕ ਵਿਅਕਤੀ ਦੀ ਮਾਤਾ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਸਬੰਧੀ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁੱਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ 25 ਨਵੰਬਰ ਨੂੰ ਹਰਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਪੇਧਨ ਥਾਣਾ ਭਾਦਸੋਂ ਜੋ ਕਿ 2005 ਤੋਂ ਹੀ ਕੈਨੇਡਾ ਰਹਿੰਦਾ ਹੈ ਨੇ ਪੁਲਿਸ ਕੋਲ ਬਿਆਨ ਲਿਖਵਾਇਆ ਸੀ ਕਿ ਉਸਦੀ ਮਾਤਾ ਅਮਰਜੀਤ ਕੌਰ ਦੀ 21 ਨਵੰਬਰ ਨੂੰ ਮੌਤ ਦੀ ਇਤਲਾਹ ਮਿਲੀ, ਜਿਸ ’ਤੇ ਉਹ ਕੈਨੇਡਾ ਤੋਂ ਆਪਣੇ ਪਿੰਡ ਪੇਧਨ ਵਿਖੇ ਆਇਆ, ਜਿੱਥੇ ਉਸ ਨੇ ਆਪਣੀ ਮਾਤਾ ਦੇ ਸਿਰ ਵਿੱਚ ਸੱਟਾਂ ਦੇਖ ਕੇ ਪੁਲਿਸ ਨੂੰ ਪੋਸਟਮਾਰਟਮ ਕਰਵਾਉਣ ਲਈ ਬਿਆਨ ਲਿਖਵਾਇਆ, ਜਿਸ ’ਤੇ ਪੁਲਿਸ ਨੇ ਮਾਮਲਾ ਦਰਜ਼ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪਿੰਡ ਪੇਧਨ ਵਿਖੇ ਗਿਣੀ ਮਿੱਥੀ ਸਾਜਿਸ਼ ਅਧੀਨ ਸਾਜਿਸ਼ਕਰਤਾ ਗੋਰਖ ਨਾਥ ਉਰਫ ਗੋਰਾ, ਜੋ ਕਿ ਮਿ੍ਰਤਕਾ ਦੀ 21 ਕਿੱਲੇ ਜਮੀਨ ਠੇਕੇ ’ਤੇ ਵਾਹੁੰਦਾ ਸੀ ਨੇ ਇਹੀ ਰੌਲਾ ਪਾਇਆ ਕਿ ਅਮਰਜੀਤ ਕੌਰ ਦੀ ਮੌਤ ਪਰਦਾ ਠੀਕ ਕਰਨ ਸਮੇ ਗਿਰ ਕੇ ਸਿਲਾਈ ਮਸ਼ੀਨ ਉਸਦੇ ਵਿੱਚ ਸਿਰ ਵੱਜਣ ਕਰਕੇ ਹੋਈ ਹੈ। ਇਸ ਤਰ੍ਹਾਂ ਸੀਆਈਏ ਸਟਾਫ਼ ਦੀ ਟੀਮ ਨੇ ਇਸ ਕਤਲ ਦੀ ਜਾਂਚ ਸ਼ੁਰੂ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਮਿ੍ਰਤਕਾ ਅਮਰਜੀਤ ਕੌਰ ਆਪਣੇ ਘਰ ਵਿੱਚ ਇਕੱਲੀ ਰਹਿ ਰਹੀ ਸੀ, ਇਸਦੇ ਪਤੀ ਬਲਜਿੰਦਰ ਸਿੰਘ ਦੀ 2016 ’ਚ ਮੌਤ ਹੋ ਗਈ ਸੀ ਅਤੇ ਇਸਦੇ 2 ਲੜਕੇ ਸਨ ਇੱਕ ਲੜਕੇ ਦੀ ਮੌਤ ਹੋ ਚੁੱਕੀ ਸੀ ਅਤੇ ਹਰਪ੍ਰੀਤ ਸਿੰਘ ਸਾਲ 2005 ਤੋਂ ਆਪਣੇ ਪਰਿਵਾਰ ਨਾਲ ਕੈਨੇਡਾ ਵਿਖੇ ਰਹਿ ਰਿਹਾ ਹੈ।
ਮਿ੍ਰਤਕਾ ਦੀ ਜਮੀਨ ਠੇਕੇ ’ਤੇ ਵਾਹੁਣ ਵਾਲੇ ਗੋਰਖ ਨਾਥ ਗੋਰਾ ਨੇ ਮਿ੍ਰਤਕ ਅਮਰਜੀਤ ਕੌਰ ਦਾ ਏਟੀਐਮ ਕਾਰਡ ਚੋਰੀ ਕਰ ਲਿਆ ਸੀ ਅਤੇ ਉਸ ਨੇ ਅਤੇ ਡਿੰਪਲ ਨੇ ਇੱਕ ਮਹੀਨੇ ਦੌਰਾਨ ਵੱਖ-ਵੱਖ ਥਾਵਾਂ ਤੋਂ ਕਰੀਬ ਢਾਈ ਲੱਖ ਰੁਪਏ ਵੀ ਕਢਵਾ ਲਏ ਸਨ ਤੇ ਹੁਣ ਇਨ੍ਹਾਂ ਨੂੰ ਡਰ ਸੀ ਕਿ ਅਮਰਜੀਤ ਕੌਰ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ ਜਿਸ ’ਤੇ ਗੋਰਖ ਨਾਥ ਨੇ ਅਮਰਜੀਤ ਕੌਰ ਨੂੰ ਮਾਰਨ ਦੀ ਸਾਜਿਸ਼ ਰਚੀ ਅਤੇ 21 ਨਵੰਬਰ ਨੂੰ ਗਿਣੀ ਮਿੱਥੀ ਸਾਜਿਸ਼ ਅਧੀਨ ਡਿੰਪਲ ਕੁਮਾਰ ਅਤੇ ਪੁਸ਼ਪਿੰਦਰਪਾਲ ਨੇ ਅਮਰਜੀਤ ਕੌਰ ਦਾ ਕਤਲ ਕਰ ਦਿੱਤਾ ਸੀ ਗੋਰਖ ਨਾਥ ਨੇ ਅਮਰਜੀਤ ਕੌਰ ਦੇ ਕਤਲ ਹੋ ਜਾਣ ਤੋ ਬਾਅਦ ਕਤਲ ਵਾਲੀ ਥਾਂ ਤੇ ਪਏ ਕੱਪੜੇ, ਪਰਦੇ ਅਤੇ ਬੈਡਸ਼ੀਟ ਵਗੈਰਾ ਜਿਨ੍ਹਾਂ ’ਤੇ ਖ਼ੂਨ ਦੇ ਛਿੱਟੇ ਅਤੇ ਦਾਗ ਪੈ ਗਏ ਸਨ, ਨੂੰ ਅੱਗ ਲਗਾ ਕੇ ਸਾੜ ਦਿੱਤਾ ਸੀ ਅਤੇ ਕਤਲ ਹੋਣ ਵਾਲੀ ਜਗ੍ਹਾ ਦੀ ਸਾਫ਼ ਸਫ਼ਾਈ ਕਰਕੇ ਕਤਲ ਦੇ ਸਾਰੇ ਸਬੂਤ ਖ਼ਤਮ ਕਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਇਸ ਸਾਰੀ ਵਾਰਦਾਤ ਰਾਤ ਨੂੰ ਅੰਜਾਮ ਦੇਣ ਦੀ ਵਜਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਬਾਰੇ ਸਾਰਾ ਕੁਝ ਸਾਫ ਕਰ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ