ਪੁਲਿਸ ਵੱਲੋਂ ਏਐਸਆਈ ਦੇ ਬਿਆਨਾਂ ’ਤੇ ਲੱਖਾ ਸਿਧਾਣਾ ਤੇ ਭਾਨਾ ਸਿੱਧੂ ਖਿਲਾਫ਼ ਮਾਮਲਾ ਦਰਜ

Ludhiana News
File Photo

ਮਾਮਲਾ: ਟੋਲ ਪਲਾਜ਼ਾ ਜਗਜੀਤਪੁਰਾ ਦੇ ਅੰਗਰੇਜੀ ਭਾਸ਼ਾ ’ਚ ਲਿਖੇ ਬੋਰਡਾਂ ’ਤੇ ਕਾਲਖ਼ ਮਲਣ ਦਾ

ਸ਼ਹਿਣਾ/ ਬਰਨਾਲਾ, (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇੇ ਟੋਲ ਪਲਾਜ਼ਾ ਜਗਜੀਤਪੁਰਾ ਦੇ ਅੰਗਰੇਜੀ ਭਾਸ਼ਾ ’ਚ ਲਿਖੇ ਬੋਰਡਾਂ ’ਤੇ ਕਾਲਖ਼ ਮਲਣ ਦੇ ਮਾਮਲੇ ’ਚ ਆਖਰ ਪੁਲਿਸ ਨੇ 5 ਦਿਨਾਂ ਬਾਅਦ ਲੱਖਾ ਸਿਧਾਣਾ ਤੇ ਭਾਨਾ ਸਿੱਧੂ ਤੋਂ ਇਲਾਵਾ 10-12 ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਸ਼ਹਿਣਾ ਵਿਖੇ ਏਐਸਆਈ ਕਰਮਜੀਤ ਸਿੰਘ ਦੇ ਬਿਆਨਾਂ ’ਤੇ ਦਰਜ਼ ਕੀਤੀ ਗਈ ਐਫ਼.ਆਈ.ਆਰ. ਨੰਬਰ 74 ਤਹਿਤ ਮੁਖ਼ਬਰ ਦੀ ਸੂਚਨਾ ’ਤੇ ਮਾਮਲਾ ਦਰਜ਼ ਕੀਤਾ ਗਿਆ ਹੈ। ਏ.ਐਸ.ਆਈ. ਕਰਮਜੀਤ ਸਿੰਘ ਵੱਲੋਂ ਇਸ ਐਫ਼.ਆਈ.ਆਰ. ’ਚ ਦਿੱਤੇ ਆਪਣੇ ਬਿਆਨ ’ਚ ਕਿਹਾ ਗਿਆ ਹੈ ਕਿ ਉਸ ਨੂੰ ਕਿਸੇ ਖਾਸ ਵੱਲੋਂ ਸੂਚਨਾ ਮਿਲੀ ਸੀ ਕਿ ਟੋਲ ਪਲਾਜ਼ਾ ਜਗਜੀਤਪੁਰਾ ਵਿਖੇ ਟੋਲ ਪਲਾਜ਼ਾ ਚੁਕਵਾਉਣ ਲਈ ਚੱਲ ਰਹੇ ਧਰਨੇ ’ਚ 2 ਨਵੰਬਰ ਨੂੰ ਲਖਵੀਰ ਸਿੰਘ ਉਰਫ਼ ਲੱਖਾ ਸਿਧਾਣਾ ਅਤੇ ਭਗਵਾਨ ਸਿੰਘ ਉਰਫ਼ ਭਾਨਾ ਸਿੱਧੂ ਵਾਸੀ ਕੋਟਦੁੱਨਾ ਪੁੱਜਿਆ ਸੀ। ਜਿਸ ਦੇ ਨਾਲ ਉਸ ਸਮੇਂ 10-12 ਅਣਪਛਾਤੇ ਵੀ ਨਾਲ ਸਨ।

ਕਰਮਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਦੇਣ ਵਾਲੇ ਅਨੁਸਾਰ ਲੱਖਾ ਸਿਧਾਣਾ ਨੇ ਟੋਲ ਪਲਾਜ਼ਾ ਦੇ ਅੰਗਰੇਜੀ ਭਾਸ਼ਾ ’ਚ ਲਿਖੇ ਬੋਰਡਾਂ ’ਤੇ ਕਾਲਾ ਰੰਗ ਲਗਾ ਕੇ ਬੋਰਡਾਂ ਨੂੰ ਖਰਾਬ ਕਰ ਦਿੱਤਾ ਹੈ। ਕਰਮਜੀਤ ਸਿੰਘ ਨੇ ਦੱਸਿਆ ਕਿ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਤੇ 10-12 ਅਣਪਛਾਤਿਆਂ ਵਿਰੁੱਧ ਥਾਣਾ ਸ਼ਹਿਣਾ ਵਿਖੇ ਧਾਰਾ ਸੈਕਸ਼ਨ 03 ਦਾ ਪ੍ਰੀਵੈਨਸ਼ਨ ਆਫ ਡੈਮੇਜ਼ ਟੂ ਪਬਲਿਕ ਪ੍ਰਾਪਰਟੀ ਐਕਟ-1984, ਸੈਕਸ਼ਨ 03 ਪੰਜਾਬ ਪ੍ਰੀਵੈਨਸ਼ਨ ਆਫ ਡੈਫੀਸੀਮਿੰਟ ਆਫ ਪ੍ਰਾਪਰਟੀ ਐਕਟ-1997 ਤੇ 434 ਆਈਪੀਸੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ