ਪਤੀ ਸਮੇਤ ਜੇਠ ਅਤੇ ਸਹੁਰੇ ਖਿਲਾਫ ਮਾਮਲਾ ਦਰਜ਼
ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼
ਪਿੰਡ ਸਾਹਨਿਆਂਵਾਲੀ ‘ਚ ਐਤਵਾਰ ਦੀ ਰਾਤ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ। ਸਰਦੂਲਗੜ੍ਹ ਪੁਲਿਸ ਨੇ ਮ੍ਰਿਤਕਾ ਦੇ ਪਤੀ ਸਮੇਤ ਜੇਠ ਅਤੇ ਸਹੁਰੇ ਖਿਲਾਫ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਦੂਲਗੜ੍ਹ ਭੇਜ ਦਿੱਤਾ ਗਿਆ। ਮ੍ਰਿਤਕਾ ਇੱਕ ਬੱਚੀ ਦੀ ਮਾਂ ਸੀ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਪਿੰਡ ਰਾਏਪੁਰ ਦੀ ਭਿੰਦਰ ਕੌਰ (28) ਦੀ ਸ਼ਾਦੀ ਤਿੰਨ ਸਾਲ ਪਹਿਲਾਂ ਪਿੰਡ ਸਾਹਨਿਆਂਵਾਲੀ ਦੇ ਪੁਲਿਸ ਮੁਲਾਜ਼ਮ ਭੁਪਿੰਦਰ ਸਿੰਘ ਨਾਲ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਭਿੰਦਰ ਕੌਰ ਦਾ ਕੋਈ ਭਰਾ ਨਾ ਹੋਣ ਕਾਰਨ ਉਸਦੇ ਪੇਕਿਆਂ ਦੀ ਕੁੱਝ ਜ਼ਮੀਨ ਉਸਦੇ ਹਿੱਸੇ ਆਉਂਦੀ ਸੀ। ਮ੍ਰਿਤਕਾ ਦੀ ਮਾਸੀ ਦੇ ਲੜਕੇ ਕੁਲਦੀਪ ਸਿੰਘ ਨੇ ਦੋਸ਼ ਲਾਇਆ ਕਿ ਜ਼ਮੀਨ ਦੇ ਲਾਲਚ ਤੇ ਦਹੇਜ਼ ਨੂੰ ਲੈ ਕੇ ਸ਼ਿੰਦਰ ਕੌਰ ਦੀ ਸਹੁਰਾ ਪਰਿਵਾਰ ਵੱਲੋਂ ਅਕਸਰ ਹੀ ਕੁੱਟਮਾਰ ਕੀਤੀ ਜਾਂਦੀ ਸੀ।
ਐਤਵਾਰ ਦੀ ਸ਼ਾਮ ਉਸਦੇ ਪਤੀ ਭੁਪਿੰਦਰ ਸਿੰਘ, ਸਹੁਰੇ ਨਿਰੰਜਣ ਸਿੰਘ ਤੇ ਜੇਠ ਸਿਕੰਦਰ ਸਿੰਘ ਨੇ ਭਿੰਦਰ ਕੌਰ ਨੂੰ ਬੁਰੀ ਤਰ੍ਹਾਂ ਕੁੱਟ ਕੇ ਇੱਕ ਕਮਰੇ ‘ਚ ਬੰਦ ਕਰ ਦਿੱਤਾ, ਜਿਸਤੋਂ ਬਾਅਦ ਉਸਦੀ ਮੌਤ ਹੋ ਗਈ। ਸਰਦੂਲਗੜ੍ਹ ਪੁਲਿਸ ਨੇ ਮ੍ਰਿਤਕਾ ਦੇ ਰਿਸ਼ਤੇਦਾਰ ਰਾਜੂ ਸਿੰਘ ਦੇ ਬਿਆਨਾਂ ‘ਤੇ ਉਸਦੇ ਪਤੀ ਭੁਪਿੰਦਰ ਸਿੰਘ, ਜੇਠ ਸਿਕੰਦਰ ਸਿੰਘ ਤੇ ਸਹੁਰੇ ਨਿਰੰਜਣ ਸਿੰਘ ਵਾਸੀ ਸਾਹਨਿਆਂਵਾਲੀ ਖਿਲਾਫ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।