ਮਹਿਲਾ ਸੁਰੱਖਿਆ ਦੇ ਦਾਅਵੇ ਨਿਕਲੇ ਖੋਖਲੇ

Police,  Help , Night

ਰਾਤ ਵੇਲੇ ਮਦਦ ਮੰਗਣ ਤੋਂ ਇੱਕ ਘੰਟੇ ਬਾਅਦ ਆਈ ਪੁਲਿਸ

ਮੁਹਾਲੀ ਪੁਲਿਸ ਤੋਂ ਮਹਿਲਾ ਪੱਤਰਕਾਰ ਨੇ ਰਾਤ 10:20 ‘ਤੇ ਮੰਗੀ ਮਦਦ ਤਾਂ ਇੱਕ ਘੰਟੇ ਬਾਅਦ ਆਈ ਪੁਲਿਸ

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਸੀ ਐਲਾਨ

ਅਸ਼ਵਨੀ ਚਾਵਲਾ/ਚੰਡੀਗੜ੍ਹ।  ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਕਰਨ ਅਤੇ ਰਾਤ ਵੇਲੇ ਮਦਦ ਮੰਗਣ ‘ਤੇ ਔਰਤ ਨੂੰ ਘਰ ਪਹੁੰਚਾਉਣ ਦਾ ਵਾਅਦਾ ਕਰਨ ਵਾਲੀ ਪੰਜਾਬ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਪੰਜਾਬ ਪੁਲਿਸ (Punjab Police) ਨੂੰ ਮਦਦ ਮੰਗਣ ਤੋਂ ਬਾਅਦ 5 ਮਿੰਟ ਦੇ ਵਿੱਚ-ਵਿੱਚ ਮੌਕੇ ‘ਤੇ ਪੁੱਜਣਾ ਹੁੰਦਾ ਹੈ ਪਰ ਬੀਤੀ ਰਾਤ ਜਦੋਂ ਇੱਕ ਔਰਤ ਵੱਲੋਂ ਮਦਦ ਮੰਗੀ ਗਈ ਤਾਂ ਤਿੰਨ ਵਾਰ ਫੋਨ ਕਰਨ ਤੋਂ ਬਾਅਦ ਵੀ ਪੁਲਿਸ 1 ਘੰਟਾ ਲੇਟ ਮੌਕੇ ‘ਤੇ ਪੁੱਜੀ। ਇਥੇ ਹੀ ਪੁਲਿਸ ਨੇ ਮਦਦ ਕਰਨ ਤੋਂ ਹੱਥ ਖੜ੍ਹੇ ਕਰਦੇ ਹੋਏ ਪ੍ਰਾਈਵੇਟ ਟੈਕਸੀ ਰਾਹੀਂ ਘਰ ਭੇਜਣ ਦੀ ਗੱਲ ਆਖੀ।

ਜਿਸ ਤੋਂ ਬਾਅਦ ਔਰਤ ਨੇ ਆਪਣੇ ਬਾਰੇ ਸੱਚ ਦੱਸਿਆ ਕਿ ਉਹ ਖ਼ੁਦ ਇੱਕ ਪੱਤਰਕਾਰ ਹੈ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਐਲਾਨ ਦੀ ਅਸਲੀਅਤ ਜਾਂਚਣ ਲਈ ਉਸ ਨੇ ਮੱਦਦ ਮੰਗੀ ਸੀ, ਜਿਸ ਵਿੱਚ ਪੁਲਿਸ ਸਮੇਂ ਸਿਰ ਮਦਦ ਕਰਨ ਵਿੱਚ ਅਸਫ਼ਲ ਸਾਬਤ ਹੋਈ ਹੈ। ਇੱਕ ਨਿੱਜੀ ਸਮਾਚਾਰ ਚੈਨਲ ਵਿੱਚ ਸੀਨੀਅਰ ਪੱਤਰਕਾਰ ਦੇ ਤੌਰ ‘ਤੇ ਕੰਮ ਕਰਨ ਵਾਲੀ ਨਿਤੀਕਾ ਮਹੇਸ਼ਵਰੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਔਰਤਾਂ ਨੂੰ ਰਾਤ ਸਮੇਂ ਪੁਲਿਸ ਦੀ ਮਦਦ ਨਾਲ ਘਰ ਪਹੁੰਚਾਉਣ ਦੇ ਐਲਾਨ ਦਾ ਸੱਚ ਜਾਣਨ ਦੀ ਕੋਸ਼ਿਸ਼ ਕੀਤੀ।

ਸ਼ਿਕਾਇਤ ‘ਤੇ ਕੰਮ ਚੱਲ ਰਿਹਾ ਹੈ

ਨਿਤਿਕਾ ਮਹੇਸ਼ਵਰੀ ਚੰਡੀਗੜ੍ਹ ਤੋਂ ਪਹਿਲਾਂ ਮੁਹਾਲੀ ਸ਼ਹਿਰੀ ਇਲਾਕੇ ਤੋਂ ਕੁਝ ਦੂਰੀ ‘ਤੇ ਖਰੜ ਸੜਕ ‘ਤੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਕੋਲ ਆਪਣੀ ਖ਼ੁਦ ਦੀ ਕਾਰ ਅਤੇ ਕੈਮਰਾਮੈਨ ਨਾਲ ਪੁੱਜੀ। ਜਿੱਥੇ ਕਿ ਉਸ ਨੇ ਰਾਤ ਦੇ 10 ਵੱਜਣ ਦਾ ਇੰਤਜ਼ਾਰ ਕੀਤਾ ਅਤੇ ਠੀਕ 10:18 ‘ਤੇ 100 ਨੰਬਰ ‘ਤੇ ਫੋਨ ਕਰਦੇ ਹੋਏ ਕਿਹਾ ਕਿ ਉਹ ਇਕੱਲੀ ਹੋਣ ਦੇ ਨਾਲ ਹੀ ਕੋਈ ਟੈਕਸੀ ਨਹੀਂ ਮਿਲਣ ਕਰਕੇ ਇਕੱਲੀ ਸੜਕ ‘ਤੇ ਪਰੇਸ਼ਾਨੀ ਵਿੱਚ ਹੈ। ਨਿਤਿਕਾ ਨੇ ਪੁਲਿਸ ਹੈਲਪਲਾਈਨ ‘ਤੇ ਦੱਸਿਆ ਕਿ ਆਟੋ ਤਾਂ ਕਾਫ਼ੀ ਮਿਲ ਰਹੇ ਹਨ ਪਰ ਉਸ ਨੂੰ ਆਟੋ ‘ਤੇ ਖਤਰਾ ਨਜ਼ਰ ਆ ਰਿਹਾ ਹੈ, ਇਸ ਲਈ ਐਲਾਨ ਅਨੁਸਾਰ ਪੁਲਿਸ ਦੀ ਮੱਦਦ ਨਾਲ ਘਰ ਪਹੁੰਚਾਉਣ ਵਿੱਚ ਮੱਦਦ ਕੀਤੀ ਜਾਵੇ।

ਇਸ ਫੋਨ ਤੋਂ ਬਾਅਦ ਨਿਤਿਕਾ ਮਹੇਸ਼ਵਰੀ ਨੇ ਲਗਭਗ 20-25 ਮਿੰਟ ਬਾਅਦ ਮੁੜ ਤੋਂ 112 ਨੰਬਰ ‘ਤੇ ਫੋਨ ਕੀਤਾ, ਜਿੱਥੇ ਕਿ ਨਿਤਿਕਾ ਮਹੇਸ਼ਵਰੀ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਮੱਦਦ ਲਈ ਸ਼ਿਕਾਇਤ ਪਹਿਲਾਂ ਤੋਂ ਹੀ ਲਿਖੀ ਹੋਈ ਹੈ।  ਇਸ ‘ਤੇ ਕੰਮ ਚੱਲ ਰਿਹਾ ਹੈ। ਜਲਦ ਹੀ ਪੁਲਿਸ ਉਨ੍ਹਾਂ ਕੋਲ ਪੁੱਜ ਜਾਵੇਗੀ।

ਇਸ ਤੋਂ ਕੁਝ ਦੇਰ ਬਾਅਦ ਨਿਤੀਕਾ ਮਹੇਸ਼ਵਰੀ ਨੂੰ ਫੋਨ ਆਉਂਦਾ ਹੈ ਕਿ ਪੁਲਿਸ ਕੋਲ ਇਸ ਸਮੇਂ ਮਹਿਲਾ ਪੁਲਿਸ ਨਹੀਂ ਹੈ ਅਤੇ ਜਲਦ ਹੀ ਮਹਿਲਾ ਪੁਲਿਸ ਨੂੰ ਨਾਲ ਲੈ ਕੇ ਪੁਲਿਸ ਉਨ੍ਹਾਂ ਦੀ ਮਦਦ ਲਈ ਆਵੇਗੀ। ਇਸ ਸਾਰੇ ਐਪੀਸੋਡ ਨੂੰ ਇੱਕ ਘੰਟਾ ਬੀਤਣ ਤੋਂ ਬਾਅਦ ਲਗਭਗ 11:18 ‘ਤੇ ਪੀਸੀਆਰ ਮੌਕੇ ‘ਤੇ ਪੁੱਜਦੀ ਹੈ ਅਤੇ ਨਿਤੀਕਾ ਮਹੇਸਵਰੀ ਨੂੰ ਕਹਿੰਦੀ ਹੈ ਕਿ ਉਹ ਉਨ੍ਹਾਂ ਨੂੰ ਘਰ ਨਹੀਂ ਛੱਡ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਮਹਿਲਾ ਪੁਲਿਸ ਹੀ ਨਹੀਂ ਹੈ। ਪੁਲਿਸ ਮੁਲਾਜ਼ਮ ਵੱਲੋਂ ਕਿਹਾ ਜਾਂਦਾ ਹੈ ਕਿ ਐਸ.ਐਚ.ਓ. ਦੇ ਕਹਿਣ ‘ਤੇ ਉਹ ਉਨ੍ਹਾਂ ਨੂੰ ਪ੍ਰਾਈਵੇਟ ਟੈਕਸੀ ਕਰਵਾਉਣ ਵਿੱਚ ਹੀ ਮਦਦ ਕਰ ਸਕਦੇ ਹਨ। ਜਿਸ ਰਾਹੀਂ ਉਹ ਆਪਣਾ ਘਰ ਜਾ ਸਕਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।