Mansa Farmer News: ਬਠਿੰਡਾ ਵੱਲ ਨੂੰ ਆਉਂਦੇ ਸਾਰੇ ਰਾਹ ਪੁਲਿਸ ਛਾਉਣੀ ’ਚ ਬਦਲੇ
Mansa Farmer News: ਬਠਿੰਡਾ/ਮਾਨਸਾ (ਸੁਖਜੀਤ ਮਾਨ)। ਜ਼ੇਲ੍ਹ ’ਚ ਬੰਦ ਦੋ ਕਿਸਾਨਾਂ ਦੀ ਰਿਹਾਈ ਦੇ ਮਸਲੇ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਬਠਿੰਡਾ ਆਉਣ ਤੋਂ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ’ਚ ਬਠਿੰਡਾ ਵੱਲ ਕੂਚ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਬਠਿੰਡਾ ਵੱਲ ਨੂੰ ਆਉਂਦੀਆਂ ਸੜਕਾਂ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ।

ਇਸ ਵੇਲੇ ਬਠਿੰਡਾ ਜ਼ਿਲ੍ਹੇ ’ਚ ਰਾਮਪੁਰਾ ਫੂਲ ਨੇੜੇ ਤੇ ਪਿੰਡ ਜਿਉਂਦ ਅਤੇ ਮਾਨਸਾ ’ਚ ਪਿੰਡ ਭੈਣੀ ਬਾਘਾ ਵਿਖੇ ਕਿਸਾਨਾਂ ਨੂੰ ਪੁਲਿਸ ਨੇ ਘੇਰਿਆ ਹੋਇਆ ਹੈ ਤੇ ਸਥਿਤੀ ਤਣਾਅਪੂਵਰਕ ਬਣੀ ਹੋਈ ਹੈ। ਪਿੰਡ ਜਿਉਂਦ ’ਚ ਕਿਸਾਨਾਂ ’ਤੇ ਪੁਲਿਸ ਨੇ ਅੱਥਰੂ ਗੈੈਂਸ ਦੇ ਗੋਲ੍ਹੇ ਵਰਾਏ ਤਾਂ ਇੱਕ ਨੌਜਵਾਨ ਕਿਸਾਨ ਦਾ ਹੱਥ ਕਾਫੀ ਨੁਕਸਾਨਿਆ ਗਿਆ, ਜਿਸ ਮਗਰੋਂ ਕਿਸਾਨਾਂ ’ਚ ਰੋਹ ਹੋਰ ਵਧ ਗਿਆ। ਲੰਘੀ 6 ਫਰਵਰੀ ਨੂੰ ਵੀ ਪੁਲਿਸ ਨੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਏ ਸੀ ਤੇ ਕਿਸਾਨਾਂ ਨਾਲ ਗੱਲਬਾਤ ਮਗਰੋਂ ਕੁੱਝ ਦਿਨ ਦੀ ਮੋਹਲਤ ਮੰਗੀ ਸੀ ਪਰ ਮਸਲਾ ਨਾ ਨਿੱਬੜਨ ’ਤੇ ਕਿਸਾਨ ਅੱਜ ਮੁੜ ਡੀਸੀ ਦਫ਼ਤਰ ਬਠਿੰਡਾ ਅੱਗੇ ਧਰਨਾ ਲਾਉਣਾ ਸੀ।
Mansa Farmer News
ਵੇਰਵਿਆਂ ਮੁਤਾਬਿਕ ਕਰੀਬ 10-11 ਮਹੀਨੇ ਪਹਿਲਾਂ ਜ਼ਿਲ੍ਹੇ ਦੇ ਪਿੰਡ ਚਾਉਕੇ ਵਿਖੇ ਸਥਿਤ ਆਦਰਸ਼ ਸਕੂਲ ਦੇ ਅਧਿਆਪਕਾਂ ਤੇ ਸਕੂਲ ਮੈਨੇਜਮੈਂਟ ਦਰਮਿਆਨ ਵਿਵਾਦ ਹੋਇਆ ਸੀ। ਅਧਿਆਪਕਾਂ ਦੇ ਸਮਰਥਨ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੀ ਆਈ। ਉਸ ਵੇਲੇ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਕੁਝ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿੰਨ੍ਹਾਂ ’ਚੋਂ ਦੋ ਕਿਸਾਨ ਹਾਲੇ ਵੀ ਜ਼ੇਲ੍ਹ ’ਚ ਬੰਦ ਹਨ ਜਦੋਂਕਿ ਬਾਕੀਆਂ ਨੂੰ ਰਿਹਾਅ ਕਰ ਦਿੱਤਾ ਸੀ। ਕਿਸਾਨ ਹੁਣ ਜ਼ੇਲ੍ਹ ’ਚ ਬੰਦ ਬਲਦੇੇਵ ਸਿੰਘ ਵਾਸੀ ਚਾਉਕੇ ਅਤੇ ਸ਼ਗਨਦੀਪ ਸਿੰਘ ਵਾਸੀ ਜਿਉਂਦ ਦੀ ਰਿਹਾਈ ਦੀ ਮੰਗ ਕਰ ਰਹੇ ਹਨ।

ਅੱਜ ਜਦੋਂ ਵੱਡੀ ਗਿਣਤੀ ਕਿਸਾਨ ਪਿੰਡ ਜਿਉਂਦ ਦੀ ਸੱਥ ’ਚ ਇਕੱਤਰ ਹੋਏ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਪਿੰਡ ਜਿਉਂਦ ’ਚ ਹੀ ਘੇਰਾ ਪਾ ਲਿਆ। ਇਸ ਦੌਰਾਨ ਪੁਲਿਸ ਜਦੋਂ ਸੱਥ ’ਚ ਬੈਠੇ ਕਿਸਾਨਾਂ ਕੋਲ ਪੁੱਜੀ ਤਾਂ ਕਿਸਾਨ ਵੀ ਰੋਹ ’ਚ ਆ ਗਏ ਤੇ ਅੱਗੇ ਵਧਣ ਲੱਗੇ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਂਸ ਦੇ ਗੋਲੇ ਕਿਸਾਨਾਂ ਵੱਲ ਵਰ੍ਹਾਏ, ਜਿਸ ’ਚ ਇੱਕ ਨੌਜਵਾਨ ਕਿਸਾਨ ਦਾ ਹੱਥ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
Mansa Farmer News
ਪੁਲਿਸ ਜਦੋਂ ਗਲੀਆਂ ’ਚ ਅੱਥਰੂ ਗੈਂਸ ਦੇ ਗੋਲੇ ਸੁੱਟ ਰਹੇ ਸੀ ਤਾਂ ਨੇੜਲੇ ਇੱਕ ਘਰ ’ਚ ਵੀ ਗੋਲਾ ਜਾ ਕੇ ਡਿੱਗਿਆ। ਪਿੰਡ ਜਿਉਂਦ ’ਚ ਮੌਜੂਦ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਉਹ ਅੱਜ ਪਿੰਡ ਦੀ ਸੱਥ ’ਚ ਸ਼ਾਂਤਮਈ ਢੰਗ ਨਾਲ ਬੈਠੇ ਸੀ ਪਰ ਪੁਲਿਸ ਲੋਕਾਂ ਦੇ ਘਰਾਂ ’ਚ ਆ ਕੇ ਵੀ ਜ਼ਬਰ ਢਾਹ ਰਹੀ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਨੂੰ ਆਮ ਲੋਕ ਨਹੀਂ ਸਗੋਂ ਕਾਰਪੋਰੇਟ ਲੋਕ ਪਿਆਰੇ ਹਨ। ਉਨ੍ਹਾਂ ਲੋਕਾਂ ਨੂੰ ਜ਼ਮਹੂਰੀ ਹੱਕਾਂ ਦੀ ਰਾਖੀ ਲਈ ਇਕੱਠੇ ਹੋਣ ਦਾ ਹੋਕਾ ਦਿੱਤਾ ਹੈ।
Read Also : ਹਾੜ੍ਹੀ ਦੀ ਫ਼ਸਲ ਲਈ ਸਰਕਾਰ ਦੀ ਕਿਸਾਨਾਂ ਨੂੰ ਅਪੀਲ, ਇਸ ਤਰ੍ਹਾਂ ਕਰੋ ਰਜਿਸਟਰ ਤੇ ਅਪਲਾਈ
ਪੁਲਿਸ ਵੱਲੋਂ ਕੁੱਝ ਕਿਸਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਕਿਸਾਨ ਆਗੂ ਨੇ ਦੱਸਿਆ ਕਿ 6 ਫਰਵਰੀ ਵਾਲੇ ਦਿਨ ਵੀ ਬਠਿੰਡਾ ਵੱਲ ਨੂੰ ਜਾ ਰਹੇ ਕਿਸਾਨਾਂ ’ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਵਰ੍ਹਾਏ ਸੀ ਅਤੇ ਕੁਝ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਮਗਰੋਂ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ 3 ਦਿਨ ਦਾ ਸਮਾਂ ਮੰਗਿਆ ਸੀ ਪਰ ਪੁਲਿਸ ਨੂੰ 8 ਦਿਨ ਦਾ ਸਮਾਂ ਦੇ ਦਿੱਤਾ ਸੀ। ਉਨ੍ਹਾਂ 8 ਦਿਨਾਂ ’ਚ ਵੀ ਕੋਈ ਹੱਲ ਨਾ ਨਿੱਕਲਿਆ ਤਾਂ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਸੀ ਕਿ 18 ਫਰਵਰੀ ਨੂੰ ਜ਼ਿਲ੍ਹਾ ਹੈੱਡ ਕੁਆਟਰ ’ਤੇ ਧਰਨਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਪੁਲਿਸ ਧਰਨਾ ਲਗਾਉਣ ਤੋਂ ਰੋਕ ਕੇ ਜਮਹੂਰੀ ਹੱਕ ਖੋਹਣ ’ਚ ਡਟੀ ਹੋਈ ਹੈ। ਇਸ ਮਸਲੇ ਸਬੰਧੀ ਬਠਿੰਡਾ ਪੁਲਿਸ ਦਾ ਤਰਕ ਹੈ ਕਿ ਉਨ੍ਹਾਂ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਆਪਣੀ ਡਿਊਟੀ ਕੀਤੀ ਜਾ ਰਹੀ ਹੈ।














