ਦੋਰਾਹਾ: ਦੋਰਾਹਾ ਦੇ ਰਾਮਪੁਰ ਛਾਉਣੀ ਰੋਡ ’ਤੇ ਅੱਜ ਸਵੇਰੇ ਪੰਜਾਬ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਈ ਜ਼ਬਰਦਸਤ ਮੁਠਭੇੜ ਨੇ ਇਲਾਕੇ ’ਚ ਸਨਸਨੀ ਫੈਲਾ ਦਿੱਤੀ। ਇਸ ਘਟਨਾ ਦੌਰਾਨ ਦੋਰਾਹਾ ਥਾਣੇ ਦੇ ਐੱਸ.ਐੱਚ.ਓ. ਆਕਾਸ਼ ਦੱਤ ਦੀ ਛਾਤੀ ਵਿਚ ਗੋਲੀ ਲੱਗੀ, ਪਰ ਖੁਸ਼ਕਿਸਮਤੀ ਨਾਲ ਉਨ੍ਹਾਂ ਵੱਲੋਂ ਪਹਿਨੀ ਹੋਈ ਬੁਲੇਟ ਪਰੂਫ ਜੈਕਟ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਪੁਲਿਸ ਨੇ ਇੱਕ ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਹੈ, ਜਦਕਿ ਦੂਸਰੇ ਮੁਲਜ਼ਮ ਨੂੰ ਜਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾ ਕੇ ਪੁਲਸ ਪਹਿਰੇ ਹੇਠ ਰੱਖਿਆ ਗਿਆ ਹੈ।
ਇਸ ਘਟਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਐਸਪੀਡੀ ਖੰਨਾ ਪਵਨਜੀਤ ਚੌਧਰੀ ਅਤੇ ਡੀਐਸਪੀ ਪਾਇਲ ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਸਵੇਰੇ 8:15 ਵਜੇ ਕਰੀਬ ਦੋਰਾਹਾ ਪੁਲਿਸ ਨੂੰ ਗੁਪਤ ਸੂਤਰਾਂ ਰਾਹੀਂ ਸੂਚਨਾ ਮਿਲੀ ਸੀ ਕਿ ਧਾਰਾ 307 ਤਹਿਤ ਦਰਜ ਮੁਕੱਦਮੇ ਦਾ ਮੁਲਜ਼ਮ ਹਰਸਿਮਰਨ ਸਿੰਘ ਮੰਡ ਵਾਸੀ ਪਿੰਡ ਭੁੱਟਾ (ਥਾਣਾ ਡੇਹਲੋਂ) ਅਤੇ ਉਸ ਦਾ ਸਾਥੀ ਏਵਨਜੋਤ ਭੰਡਾਲ ਵਾਸੀ ਰਾੜਾ ਸਾਹਿਬ (ਥਾਣਾ ਪਾਇਲ), ਇਕ ਸਕਾਰਪੀਓ ਗੱਡੀ ਵਿਚ ਮਾਰੂ ਹਥਿਆਰਾਂ ਸਮੇਤ ਦੋਰਾਹਾ ਵੱਲ ਆ ਰਹੇ ਹਨ।
Read Also : ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੇ ਲਾਏ ਗੰਭੀਰ ਦੋਸ਼
ਇਸ ਸੂਚਨਾ ਦੇ ਆਧਾਰ ’ਤੇ ਐੱਸ.ਐੱਚ.ਓ. ਆਕਾਸ਼ ਦੱਤ ਨੇ ਖੰਨਾ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਨਰਪਿੰਦਰ ਸਿੰਘ ਨਾਲ ਮਿਲ ਕੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਨਾਕਾਬੰਦੀ ਕਰਨ ਸਬੰਧੀ ਵਿਊਂਤਬੰਦੀ ਬਣਾਈ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਨੇ ਮੁਲਜ਼ਮਾਂ ਦੀ ਗੱਡੀ ਨੂੰ ਆਪਣੀ ਗੱਡੀ ਅੱਗੇ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਆਪਣੀ ਗੱਡੀ ਸਿੱਧੀ ਪੁਲਿਸ ਦੀ ਸਰਕਾਰੀ ਗੱਡੀ ਉੱਤੇ ਚੜਾ ਦਿੱਤੀ। ਇਸ ਤੋਂ ਬਾਅਦ ਉਹ ਗੱਡੀ ਤੋਂ ਬਾਹਰ ਨਿਕਲੇ ਅਤੇ ਪੁਲਸ ਪਾਰਟੀ ‘ਤੇ ਤਾਬੜਤੋੜ ਫਾਇਰਿੰਗ ਕਰਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ।
Police Encounter
ਇਸ ਹਮਲੇ ਦੌਰਾਨ ਇੱਕ ਗੋਲੀ ਸਿੱਧੀ ਐੱਸ.ਐੱਚ.ਓ. ਆਕਾਸ਼ ਦੱਤ ਦੀ ਛਾਤੀ ਵਿਚ ਲੱਗੀ, ਪਰ ਬੁਲੇਟ ਪਰੂਫ ਜੈਕਟ ਕਾਰਨ ਉਨ੍ਹਾਂ ਦਾ ਸੁਰੱਖਿਅਤ ਬਚਾਅ ਹੋ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਵੱਲੋਂ ਕੁੱਲ ਤਿੰਨ ਫਾਇਰ ਕੀਤੇ ਗਏ। ਪੁਲਸ ਪਾਰਟੀ ਨੇ ਆਪਣੇ ਬਚਾਅ ਵਿਚ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਐੱਸ.ਐੱਚ.ਓ. ਆਕਾਸ਼ ਦੱਤ ਵੱਲੋਂ ਚਲਾਈ ਗਈ ਗੋਲੀ ਇੱਕ ਮੁਲਜ਼ਮ ਦੀ ਲੱਤ ਵਿਚ ਲੱਗੀ। ਇਸ ਕਾਰਵਾਈ ਦੌਰਾਨ ਮੁਲਜ਼ਮ ਏਵਨਜੋਤ ਭੰਡਾਲ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਦੂਸਰਾ ਮੁਲਜ਼ਮ ਹਰਸਿਮਰਨ ਸਿੰਘ ਮੰਡ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਉੱਥੇ ਪੁਲਸ ਪਹਿਰਾ ਲਗਾ ਦਿੱਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਦੋ 32 ਬੋਰ ਦੇ ਹਥਿਆਰ ਅਤੇ ਬਿਨਾਂ ਨੰਬਰੀ ਕਾਲੇ ਰੰਗ ਦੀ ਸਕਾਰਪੀਓ ਗੱਡੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਤੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੇ ਹੋਰ ਅਪਰਾਧਿਕ ਸਬੰਧਾਂ ਅਤੇ ਸਾਥੀਆਂ ਬਾਰੇ ਪੂਰੀ ਜਾਣਕਾਰੀ ਮਿਲ ਸਕੇ।
ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਹਰਸਿਮਰਨ ਸਿੰਘ ਮੰਡ ਪਹਿਲਾਂ ਤੋਂ ਹੀ ਕ੍ਰਿਮੀਨਲ ਪਿਛੋਕੜ ਰੱਖਦਾ ਹੈ। ਉਸ ਖਿਲਾਫ ਪਹਿਲਾਂ ਦੋ ਗੰਭੀਰ ਮਾਮਲੇ ਦਰਜ ਹਨ—ਇੱਕ ਮੁਕੱਦਮਾ ਨੰਬਰ 209 ਸਾਲ 2023 ਥਾਣਾ ਸਦਰ ਲੁਧਿਆਣਾ ਵਿਚ ਦਰਜ ਹੈ ਜਿਸ ਵਿੱਚ ਕਿਡਨੈਪਿੰਗ ਦਾ ਦੋਸ਼ ਹੈ, ਜਦਕਿ ਦੂਸਰਾ ਮੁਕੱਦਮਾ ਨੰਬਰ 218 ਸਾਲ 2023 ਥਾਣਾ ਮਾਛੀਵਾੜਾ (ਪੁਲਿਸ ਜ਼ਿਲ੍ਹਾ ਖੰਨਾ) ਵਿਚ ਦਰਜ ਹੈ। ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਮੁਲਜ਼ਮਾਂ ਦੀ ਪੁਰਾਣੀਆਂ ਘਟਨਾਵਾਂ ਅਤੇ ਹੋਰ ਅਪਰਾਧਿਕ ਮਾਮਲਿਆਂ ਵਿਚ ਸੰਭਾਵਤ ਸ਼ਮੂਲੀਅਤ ਦੀ ਵੀ ਡਿਟੇਲ ਜਾਂਚ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਿਸ ਨੇ ਸਪੱਸ਼ਟ ਕੀਤਾ ਕਿ ਇਸ ਪੂਰੇ ਮਾਮਲੇ ਵਿਚ ਸਾਰੇ ਤੱਥਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਮਜ਼ਬੂਤ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇਗੀ।














