ਬਰਨਾਲਾ, ਜੀਵਨ ਰਾਮਗੜ/ਰਜਿੰਦਰ ਕੁਮਾਰ/ਸੱਚ ਕਹੂੰ ਨਿਊਜ਼
ਸਥਾਨਕ ਬਾਜਾਖਾਨਾ ਰੋਡ ‘ਤੇ ਇੱਕ ਕਾਰ ਡੀਲਰ ਕੋਲੋਂ ਕਾਰ ਖਰੀਦਣ ਦਾ ਡਰਾਮਾ ਰਚ ਕੇ ਪਿਸਤੌਲ ਦੀ ਨੋਕ ‘ਤੇ ਕਾਰ ਖੋਹਣ ਵਾਲੇ ਚਾਰੋਂ ਮੁਲਜ਼ਮਾਂ ਨੂੰ ਬਰਨਾਲਾ ਪੁਲਿਸ ਨੇ 20 ਘੰਟਿਆਂ ‘ਚ ਦਬੋਚ ਲਿਆ। ਕਾਬੂ ਕੀਤੇ ਮੁਲਜ਼ਮਾਂ ਪਾਸੋਂ ਖੋਹੀ ਗਈ ਕਾਰ, ਵਾਰਦਾਤ ਸਮੇਂ ਵਰਤਿਆ ਪਿਸਤੌਲ ਬਰਾਮਦ ਕਰਵਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਰਾਜ਼ੇਸ ਕੁਮਾਰ ਛਿੱਬਰ ਨੇ ਦੱਸਿਆ ਕਿ ਬਾਜਾਖਾਨਾਂ ਰੋਡ ਬਰਨਾਲਾ ਵਿਖੇ ਕਾਰਾਂ ਦੀ ਸੇਲ/ਵੇਚ ਦਾ ਕੰਮ ਕਰਨ ਵਾਲੇ ਪੰਕਜ਼ ਜੈਨ ਕੋਲ ਤਿੰਨ ਲੜਕੇ ਕਾਰ ਖਰੀਦਣ ਲਈ ਆਏ ਸਨ ਜਿੰਨ੍ਹਾਂ ਨੇ ਹੁੰਡਈ ਦੀ ਸਨਾਟਾ ਕਾਰ ਨੰਬਰ ਐਚ ਆਰ 02 ਐਚ 0027 ਨੂੰ ਪਸੰਦ ਕਰਦਿਆਂ ਉਸਦੀ ਟਰਾਈ (ਚਲਾ ਕੇ ਪਰਖਣ) ਲਈ ਲੈ ਗਏ।
ਕੁਝ ਦੂਰੀ ‘ਤੇ ਜਾ ਕੇ ਕਾਰ ਦਾ ਤੇਲ ਖ਼ਤਮ ਹੋ ਗਿਆ। ਜਿਸ ਉਪਰੰਤ ਉਨ੍ਹਾਂ ਆਪਣੇ ਬਾਕੀ ਸਾਥੀਆਂ ਤੋਂ ਤੇਲ ਮੰਗਵਾਕੇ ਇੱਕ ਨੂੰ ਆਪਣੇ ਨਾਲ ਕਾਰ ‘ਚ ਬਿਠਾ ਲਿਆ ਅਤੇ ਇੱਕ ਨੂੰ ਵਾਪਿਸ ਮੋਟਰ ਸਾਇਕਲ ‘ਤੇ ਮੋੜ ਦਿੱਤਾ। ਜਿੰਨ੍ਹਾਂ ਕੁਝ ਦੂਰੀ ‘ਤੇ ਬਾਜਾਖਾਨਾਂ ਰੋਡ ‘ਤੇ ਡਰੇਨ ਪੁਲ਼ ਕੋਲ ਕਾਰ ਡੀਲਰ ਪੰਕਜ਼ ਜੈਨ ਨੂੰ ਪਿਸਤੌਲ ਦਿਖਾ ਕੇ ਕਾਰ ‘ਚੋਂ ਉਤਾਰਦਿਆਂ ਉਸਦਾ ਮੋਬਾਇਲ ਖੋਹ ਕੇ ਤੋੜ ਦਿੱਤਾ ਅਤੇ 1500 ਦੇ ਕਰੀਬ ਨਗਦੀ ਖੋਹ ਕੇ ਕਾਰ ਭਜਾ ਕੇ ਲੈ ਗਏ ਸਨ।
ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਨੂੰ ਲੈ ਕੇ ਐਸਪੀਡੀ ਸੁਖਦੇਵ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਥਾਣਾ ਸਿਟੀ 1 ਦੇ ਇੰਚਾਰਜ਼ ਗੁਰਵੀਰ ਸਿੰਘ, ਬੱਸ ਸਟੈਂਡ ਚੌਂਕੀ ਇੰਚਾਰਜ਼ ਚਰਨਜੀਤ ਸਿੰਘ ਅਤੇ ਐਂਟੀ ਗੁੰਡਾ ਸਟਾਫ਼ ਦੇ ਇੰਚਾਰਜ਼ ਮਹਿੰਦਰ ਸਿੰਘ ਨੇ ਗੁਪਤ ਸੂਚਨਾਂ ਦੇ ਆਧਾਰ ‘ਤੇ ਨਿਰਮਲ ਸਿੰਘ ਉਰਫ਼ ਲਾਇਚੀ, ਵਾਸੀ ਬਾਛੋ ਪੱਤੀ ਪੱਖੋ ਕਲਾਂ, ਕਰਮਜੀਤ ਸਿੰਘ ਉਰਫ਼ ਗੁਰੀ ਵਾਸੀ ਮਾੜੀ ਭੈਣੀ, ਰਾਹੁਲ ਬਾਂਸਲ, ਉਰਫ਼ ਸੁਵਮ ਵਾਸੀ ਚਾਉਕੇ, ਸੇਵਕ ਸਿੰਘ ਉਰਫ਼ ਕਾਲੂ ਵਾਸੀ ਅਕਲੀਆ ਅਤੇ ਬੱਬੀ ਉਰਫ ਫੌਜੀ ਵਾਸੀ ਅਕਲੀਆ ਖਿਲਾਫ਼ ਨਾਮਜ਼ਦ ਮੁਲਜ਼ਮ ਵਜੋਂ ਮੁਕੱਦਮਾਂ ਦਰਜ਼ ਕਰ ਲਿਆ।
ਪੁਲਿਸ ਟੀਮ ਨੇ ਮੁਖ਼ਬਰੀ ਦੇ ਆਧਾਰ ‘ਤੇ ਥਾਣਾ ਸਦਰ ਰਾਮਪੁਰਾ ਦੇ ਇੰਸਪੈਕਟਰ ਹਰਜੀਤ ਸਿੰਘ ਦੇ ਸਹਿਯੋਗ ਸਦਕਾ ਪਿੰਡ ਜਿਉਂਦ (ਥਾਣਾ ਰਾਮਪੁਰਾ ਸਦਰ) ਲਾਗਿਓਂ ਨਾਕਾਬੰਦੀ ਦੌਰਾਨ ਨਿਰਮਲ ਸਿੰਘ ਉਰਫ਼ ਲਾਇਚੀ, ਕਰਮਜੀਤ ਗੁਰੀ, ਰਾਹੁਲ ਬਾਂਸਲ, ਸੇਵਕ ਸਿੰਘ ਕਾਲੂ ਨੂੰ ਖੋਹੀ ਗਈ ਹੁੰਡਈ ਸਨਾਟਾ ਕਾਰ ਅਤੇ ਏਅਰ ਪਿਸਟਲ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਧਾਰਾ 395, 427 ਅਤੇ ਅਸਲਾ ਐਕਟ ਤਹਿਤ ਮੁਕੱਦਮਾਂ ਦਰਜ਼ ਕਰ ਲਿਆ ਹੈ।
ਡੀਐਸਪੀ ਸ੍ਰੀ ਛਿੱਬਰ ਅਨੁਸਾਰ ਇੱਕ ਮੁਲਜ਼ਮ ਬੱਬੀ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਥਾਣਾ ਸਿਟੀ 1 ਦੇ ਇੰਚਾਰਜ਼ ਗੁਰਵੀਰ ਸਿੰਘ, ਬੱਸ ਸਟੈਂਡ ਚੌਂਕੀ ਇੰਚਾਰਜ਼ ਚਰਨਜੀਤ ਸਿੰਘ ਅਤੇ ਐਂਟੀ ਗੁੰਡਾ ਸਟਾਫ਼ ਦੇ ਇੰਚਾਰਜ਼ ਮਹਿੰਦਰ ਸਿੰਘ ਬਾਬਾ, ਥਾਣਾ ਰਾਮਪੁਰਾ ਸਦਰ ਦੇ ਹਰਜੀਤ ਸਿੰਘ, ਡੀਐਸਪੀ ਦੇ ਰੀਡਰ ਹਰਗੋਬਿੰਦ ਸਿੰਘ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।