ਅਕਾਲੀਆਂ ਦੀ ਕਬੱਡੀ ਕਰੇਗੀ ਵਾਪਸੀ, ਕਾਂਗਰਸ ਸਰਕਾਰ ਨੇ ਕੀਤਾ ਸੀ ਬੰਦ

Akalis, kabaddi, Return, Congress, Government, Stopped

ਇਸੇ ਸਾਲ ਹੋਵੇਗੀ ਸ਼ੁਰੂ, ਵਿਸ਼ਵ ਕੱਪ ਦੀ ਥਾਂ ਲੱਗੇਗੀ ਕਬੱਡੀ ਲੀਗ

14 ਅਕਤੂਬਰ ਤੋਂ 3 ਨਵੰਬਰ ਤੱਕ ਹੋਵੇਗੀ ਤਿੰਨ ਸ਼ਹਿਰਾਂ ਵਿੱਚ

ਚੰਡੀਗੜ, ਅਸ਼ਵਨੀ ਚਾਵਲਾ

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵਿੱਚ ਸ਼ੁਰੂ ਹੋਈ ਪਿੰਡਾਂ ਦੀ ਕਬੱਡੀ ਇੱਕ ਵਾਰ ਫਿਰ ਤੋਂ ਵਾਪਸੀ ਕਰ ਰਹੀ ਹੈ। ਕਾਂਗਰਸ ਸਰਕਾਰ ਨੇ ਇਸ ਕਬੱਡੀ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਹੈ, ਜਿਹੜੀ ਕਿ ਖ਼ੁਦ ਹੀ ਇਸੇ ਸਰਕਾਰ ਨੇ ਫਜ਼ੂਲ ਖ਼ਰਚੀ ਦੱਸਦੇ ਹੋਏ ਪਿਛਲੇ ਸਾਲ ਬੰਦ ਕਰ ਦਿੱਤਾ ਸੀ। ਹਾਲਾਂਕਿ ਇਸ ਵਾਰ ਸਰਕਾਰੀ ਵਿਸ਼ਵ ਕਬੱਡੀ ਕੱਪ ਦੀ ਥਾਂ ‘ਤੇ ਪ੍ਰਾਈਵੇਟ ਤੌਰ ‘ਤੇ ਕਬੱਡੀ ਲੀਗ ਕਰਵਾਈ ਜਾਏਗੀ, ਜਿਸ ਦੀ ਅਗਵਾਈ ਪੰਜਾਬ ਸਰਕਾਰ ਕਰੇਗੀ ਪਰ ਖ਼ਰਚ ਪ੍ਰਾਈਵੇਟ ਕੰਪਨੀਆਂ ਕਰਨਗੀਆਂ, ਜਿਹੜੀਆਂ ਕਿ ਇਸ ਕਬੱਡੀ ਲੀਗ ਦੀ ਸਪਾਂਸਰ ਹੋਣਗੀਆਂ।

ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਨੇ ਹੀ ਇਸ ਵਿਸ਼ਵ ਕਬੱਡੀ ਕੱਪ ਨੂੰ ਬੰਦ ਕੀਤਾ ਸੀ ਪਰ ਹੁਣ ਉਨ੍ਹਾਂ ਨੇ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ  ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਗਲੋਬਲ ਕਬੱਡੀ ਲੀਗ ਕਰਵਾਉਣ ਨਾਲ ਪੰਜਾਬ ਦੇ ਨੌਜਵਾਨਾਂ ਦਾ ਹੀ ਫਾਇਦਾ ਹੋਵੇਗਾ। ਇਸੇ ਕਾਰਨ ਉਨ੍ਹਾਂ ਨੇ ਇਸ ਲੀਗ ਨੂੰ ਇਸੇ ਸਾਲ 14 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਕਬੱਡੀ ਲੀਗ ਦੇ ਮੁਕਾਬਲੇ ਜਲੰਧਰ ਤੇ ਲੁਧਿਆਣਾ ‘ਚ ਕਰਵਾਏ ਜਾਣਗੇ ਜਦੋਂ ਕਿ ਫਾਈਨਲ ਮੁਕਾਬਲਾ ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਕਰਵਾਇਆ ਜਾਵੇਗਾ।

ਇਸ ਕਬੱਡੀ ਲੀਗ ਵਿੱਚ ਕੋਈ ਜਿਆਦਾ ਫਰਕ ਨਹੀਂ ਹੋਵੇਗਾ ਅਤੇ ਵਿਸ਼ਵ ਕਬੱਡੀ ਕੱਪ ਵਾਂਗ ਹੀ ਇਸ ਗਲੋਬਲ ਕਬੱਡੀ ਲੀਗ ਵਿੱਚ ਦੇਸ਼-ਵਿਦੇਸ਼ ਦੀਆਂ ਟੀਮਾਂ ਹਿੱਸਾ ਲੈਣਗੀਆਂ। ਰਾਣਾ ਸੋਢੀ ਨੇ ਦੱਸਿਆ ਕਿ ਇਹ ਲੀਗ ਸਪਾਂਸਰਸ਼ਿਪ ਨਾਲ ਕਰਵਾਈ ਜਾਵੇਗੀ ਜਿਸ ‘ਤੇ ਸਰਕਾਰ ਦਾ ਕੋਈ ਖ਼ਰਚ ਨਹੀਂ ਹੋਵੇਗਾ। ਪਿਛਲੀ ਸਰਕਾਰ ਵੱਲੋਂ ਕਰਵਾਏ ਕਬੱਡੀ ਕੱਪਾਂ ਸਬੰਧੀ ਉਨਾਂ ਕਿਹਾ ਕਿ ਉਹ ਕਬੱਡੀ ਕੱਪ ਸਿਰਫ਼ ਸੋਅ ਸਨ ਜਦਕਿ ਮੌਜੂਦਾ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਇਹ ਟੂਰਨਾਮੈਂਟ ਇੱਕ ਮਿਸ਼ਨ ਹੈ।

ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਸਬੰਧੀ ਇੱਕ ਪ੍ਰਬੰਧਕੀ ਕਮੇਟੀ ਬਣਾਈ ਜਾ ਰਹੀ ਹੈ, ਜਿਸਨੂੰ ਸਰਕਾਰ ਵਲੋਂ ਸਰਕਾਰੀ ਨੀਤੀ ਤਹਿਤ ਚਲਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਜੇਤੂਆਂ ਨੂੰ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਇਸ ਸਬੰਧੀ ਫੈਸਲਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕੀਤਾ ਜਾਵੇਗਾ ਜੋ ਕਿ ਨਵੀਂ ਤਰਜ਼ ‘ਤੇ ਹੋਵੇਗਾ।

ਪੰਜਾਬ ਸਰਕਾਰ ਨਹੀਂ ਪ੍ਰਾਈਵੇਟ ਸਪਾਂਸਰ ਕਰਨਗੇ ਸਾਰਾ ਖ਼ਰਚ

ਰਾਣਾ ਸੋਢੀ ਨੇ ਕਿਲਾ ਰਾਏਪੁਰ ਦੀਆਂ ਵਿਰਾਸਤੀ ਖੇਡਾਂ ਨੂੰ ਹਰ ਹਾਲ ਜਾਰੀ ਰੱਖਣ ਪ੍ਰਤੀ ਦ੍ਰਿੜਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਨਿਰੰਤਰ ਜਾਰੀ ਰਹਿਣਗੀਆਂ। ਉਨਾਂ ਕਿਹਾ ਕਿ ਸੂਬੇ ਦੀ ਖੇਡ ਨੀਤੀ ਅਗਲੇ ਮਹੀਨ ਤੱਕ ਲਾਗੂ ਕਰ ਦਿੱਤੀ ਜਾਵੇਗੀ। ਨਵੀਂ ਖੇਡ ਨੀਤੀ ਤਹਿਤ ਨਿਯਮਾਂ ਨੂੰ ਵਿਚਾਰ ਕੇ ਵਿਸ਼ੇਸ਼ ਖਿਡਾਰੀਆਂ ਨੂੰ ਛੋਟ ਦੇਣ ‘ਦੇ ਵੀ ਵਿਚਾਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਵਿਰਾਸਤੀ ਕਲਾਵਾਂ ਨਾਲ ਜੋੜਨ ਲਈ ਸੂਬਾ ਪੱਧਰੀ ਯੁਵਕ ਮੇਲੇ ਨਵੰਬਰ ਮਹੀਨੇ ‘ਚ ਕਰਵਾਏ ਜਾਣਗੇ।

ਜੂਨੀਅਰ ਬੱਚਿਆਂ ਦੀਆਂ ਖੇਡਾਂ ‘ਖੇਡ ਕੈਲੰਡਰ’ ਅਨੁਸਾਰ ਕਰਵਾਉਣ ‘ਤੇ ਜ਼ੋਰ ਦਿੰਦਿਆਂ ਖੇਡ ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਸਕੂਲਾਂ ਦੇ ਖੇਡ ਮੈਦਾਨਾਂ ਨੂੰ ਸਕੂਲ ਦੇ ਸਮੇਂ ਤੋਂ ਬਾਅਦ ਖੇਡਾਂ ਤੇ ਖਿਡਾਰੀਆਂ ਨੂੰ ਕੋਚਿੰਗ ਦੇਣ ਲਈ ਵਰਤਣ ਦੀ ਸਿੱਖਿਆ ਵਿਭਾਗ ਵੱਲੋਂ ਇਜਾਜ਼ਤ ਮਿਲ ਰਹੀ ਹੈ, ਜਿਸ ‘ਚ ਸਬੰਧਿਤ ਸਕੂਲ ਤੋਂ ਬਾਹਰਲੇ ਖਿਡਾਰੀ ਵੀ ਭਾਗ ਲੈ ਸਕਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।