Punjab Police News: ਚੈਕਿੰਗ ਦੌਰਾਨ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਤੇ ਐਸਐਸਪੀ ਡਾ. ਨਾਨਕ ਸਿੰਘ ਰਹੇ ਮੌਜ਼ੂਦ
Punjab Police News: ਪਟਿਆਲਾ (ਨਰਿੰਦਰ ਸਿੰਘ ਬਠੋਈ)। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਲਗਾਤਾਰ ਹੀ ਨਸ਼ਾ ਸਪਲਾਈ ਕਰਨ ਵਾਲੇ ਸਮਗਲਰਾਂ ਖਿਲਾਫ ਸਖਤਾਈ ਕੀਤੀ ਗਈ ਹੈ। ਇਸੇ ਲੜੀ ਤਹਿਤ ਅੱਜ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਵੱਲੋ ਪਟਿਆਲਾ ਵਿਖੇ ‘ਯੁੱਧ ਨਸ਼ਿਆਂ ਦੇ ਵਿਰੁੱਧ’ ਦੀ ਅਗਵਾਈ ਕਰਦੇ ਹੋਏ ਪਟਿਆਲਾ ਦੀ ਲੱਕੜ ਮੰਡੀ ਨੇੜਲੇ ਇਲਾਕੇ ਭੀਮ ਨਗਰ ਵਿਖੇ ਚੈਕਿੰਗ ਕੀਤੀ ਗਈ।
ਜਦੋਂ ਪੁਲਿਸ ਦੀਆਂ ਕਈ ਟੀਮਾਂ ਛਾਪੇਮਾਰੀ ਕਰਨ ਲਈ ਪੁਜੀਆਂ ਤਾਂ ਇਸ ਦੌਰਾਨ ਇੱਕ ਘਰ ਵਿੱਚ ਮੌਜ਼ੂਦ ਮਹਿਲਾ ਪੁਲਿਸ ਨੂੰ ਦੇਖ ਕੇ ਘਰ ਦੀਆਂ ਛੱਤਾਂ ਟੱਪ ਕੇ ਫਰਾਰ ਹੋ ਗਈ। ਪੁਲਿਸ ਨੂੰ ਇਸ ਘਰ ਵਿੱਚੋਂ ਨਸ਼ੇ ਦੀਆਂ ਪੁੜੀਆਂ ਤੇ ਹੋਰ ਸਮਾਨ ਬਰਾਮਦ ਹੋਇਆ ਹੈ। ਦੌਰਾਨ ਪੁਲਿਸ ਵੱਲੋਂ ਛੱਤਾਂ ਉੱਤੇ ਚੜ੍ਹ ਕੇ ਵੀ ਵੱਖ-ਵੱਖ ਘਰਾਂ ਦੀਆਂ ਤਲਾਸ਼ੀ ਕੀਤੀ ਗਈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਟਿਆਲਾ ਪੁਲਿਸ ਵੱਲੋਂ ਸ਼ਹਿਰ ਦੇ ਅੱਠ ਵੱਖ-ਵੱਖ ਇਲਾਕਿਆਂ ਵਿੱਚ ਛਾਪੇ ਮਾਰੇ ਗਏ ਹਨ। ਇਸ ਦੌਰਾਨ ਪੁਲਿਸ ਵੱਲੋ ਹਰ ਘਰ ਦੀ ਤਲਾਸ਼ੀ ਲਈ ਗਈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਪਿਛਲੇ ਦਿਨੀਂ ਪਟਿਆਲਾ ਪੁਲਿਸ ਵੱਲੋਂ ਦੋ ਨਸ਼ਾ ਸਪਲਾਈਰਾਂ ਦਾ ਘਰ ਢੇਰੀ ਕਰ ਦਿੱਤਾ ਗਿਆ ਸੀ।