ਬਠਿੰਡਾ ਬੱਸ ਅੱਡਾ ਚੌਂਕ ਕੀਤਾ ਜਾਮ
(ਸੁਖਜੀਤ ਮਾਨ) ਬਠਿੰਡਾ। ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਦਿਵਿਆਂਗਾਂ ਨੇ ਅੱਜ ਰਾਸ਼ਟਰੀ ਵਿਕਲਾਂਗ ਐਸੋਸੀਏਸ਼ਨ ਦੇ ਬੈਨਰ ਹੇਠ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਰੋਸ ਮੁਜ਼ਾਹਰਾ ਕਰਦਿਆਂ ਬੱਸ ਅੱਡਾ ਚੌਂਕ ਜਾਮ ਕੀਤਾ ਲੱਤਾਂ-ਬਾਹਾਂ ਨਾ ਹੋਣ ਦੇ ਬਾਵਜ਼ੂਦ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਲੱਖਾ ਸਿੰਘ ਸੰਘਰ ਨੇ ਸੰਘਰਸ਼ ਦੀ ਅਜਿਹੀ ਅਗਵਾਈ ਕੀਤੀ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਭਾਜੜਾਂ ਪਾਈ ਰੱਖੀਆਂ। ਚੌਂਕ ਵੱਲ ਜਾਣ ਤੋਂ ਰੋਕਣ ਲਈ ਪੁਲਿਸ ਵੱਲੋਂ ਬੈਰੀਕੇਡ ਵੀ ਲਗਾਏ ਗਏ ਪਰ ਪ੍ਰਦਰਸ਼ਨਕਾਰੀਆਂ ਦੇ ਰੋਹ ਅੱਗੇ ਬੈਰੀਕੇਡ ਟਿਕ ਨਾ ਸਕੇ। (Bathinda News)
ਜ਼ਿਲ੍ਹਾ ਪੁਲਿਸ ਦੇ ਆਲ੍ਹਾ ਅਧਿਕਾਰੀ ਧਰਨਾਕਾਰੀਆਂ ਨੂੰ ਮਨਾਉਣ ਲਈ ਵਾਰੀ-ਵਾਰੀ ਆਉਂਦੇ ਰਹੇ ਪਰ ਧਰਨਾਕਾਰੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਤੋਂ ਬਿਨ੍ਹਾਂ ਜਾਮ ਖੋਲ੍ਹਣ ਤੋਂ ਇਨਕਾਰ ਕਰਦੇ ਰਹੇ ਧਰਨੇ ਕਾਰਨ ਸੜਕ ’ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ ਕਈ ਰਾਹਗੀਰ ਧਰਨਾਕਾਰੀਆਂ ਨਾਲ ਬਹਿਸਦੇ ਵੀ ਰਹੇ ਪਰ ਮੰਗਾਂ ਨਾ ਮੰਨਣ ਕਾਰਨ ਨਿਰਾਸ਼ ਦਿਵਿਆਂਗ ਉਨ੍ਹਾਂ ਨੂੰ ਆਪਣੀ ਮਜ਼ਬੂਰੀ ਦੱਸ ਕੇ ਚੁੱਪ ਕਰਵਾਉਂਦੇ ਰਹੇ।
ਇਹ ਵੀ ਪੜ੍ਹੋ : ਪੰਜਾਬ ਨਾਲੋਂ ਦੁੱਗਣੀ ਮਿਲੇਗੀ ਹਰਿਆਣਾ ਦੇ ਬਜ਼ੁਰਗਾਂ ਨੂੰ ਪੈਨਸ਼ਨ, ਜਾਣੋ ਕਦੋਂ
ਵੇਰਵਿਆਂ ਮੁਤਾਬਿਕ ਬਠਿੰਡਾ ’ਚ ਆਪਣੀਆਂ ਮੰਗਾਂ ਮੰਨਵਾਉਣ ਲਈ ਭੁੱਖ ਹੜਤਾਲ ’ਤੇ ਬੈਠੇ ਦਿਵਿਆਂਗਾਂ ਨੇ ਸਰਕਾਰ ਵੱਲੋਂ ਕੋਈ ਸਾਰ ਨਾ ਲਏ ਜਾਣ ਕਾਰਨ ਪੈਦਾ ਹੋਏ ਰੋਹ ਦੇ ਚਲਦਿਆਂ ਅੱਜ ਬਠਿੰਡਾ ਬੱਸ ਅੱਡਾ ਚੌਂਕ ਜਾਮ ਕਰ ਦਿੱਤਾ ਸੰਘਰਸ਼ ਦੀ ਅਗਵਾਈ ਕਰ ਰਿਹਾ ਸੂਬਾ ਪ੍ਰਧਾਨ ਲੱਖਾ ਸਿੰਘ ਸੰਘਰ ਰੁੜ ਕੇ ਅੱਗੇ ਵਧ ਰਿਹਾ ਸੀ ਤਾਂ ਰਾਹਗੀਰ ਵੀ ਉਨ੍ਹਾਂ ਦੀ ਹਾਲਤ ਦੇਖਦਿਆਂ ਸਰਕਾਰ ਨੂੰ ਕੋਸਦੇ ਨਜ਼ਰ ਆਏ ਇਸ ਮੌਕੇ ਸੰਬੋਧਨ ਕਰਦਿਆਂ ਜਜਬਾਤੀ ਰੋਹ ’ਚ ਲੱਖਾ ਸੰਘਰ ਨੇ ਕਿਹਾ ਕਿ ਜਦੋਂ ਵੋਟਾਂ ਦੇ ਦਿਨ ਹੁੰਦੇ ਹਨ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦੀ ਵੀਲ੍ਹ ਚੇਅਰ ਨੂੰ ਧੱਕਾ ਲਗਾ ਕੇ ਕੌਣ ਪੋਲਿੰਗ ਬੂਥ ’ਚ ਲੈ ਗਿਆ ਪਰ ਜਦੋਂ ਵੋਟਾਂ ਮਗਰੋਂ ਸਰਕਾਰ ਬਣ ਜਾਂਦੀ ਹੈ ਕੋਈ ਨਹੀਂ ਮਿਲਦਾ ਉਨ੍ਹਾਂ ਕਿਹਾ ਕਿ ਉਹ ਸਰਕਾਰਾਂ ਤੋਂ ਭੀਖ ਨਹੀਂ ਮੰਗਦੇ ਆਪਣੇ ਹੱਕ ਮੰਗਦੇ ਹਨ ਪਰ ਸਰਕਾਰਾਂ ਨੇ ਅਜਿਹਾ ਰਵੱਈਆ ਅਪਣਾ ਲਿਆ ਕਿ ਉਨ੍ਹਾਂ ਨੂੰ ਸੜਕਾਂ ’ਤੇ ਉੱਤਰਨ ਲਈ ਮਜ਼ਬੂਰ ਕੀਤਾ ਗਿਆ। Bathinda News
ਇਸ ਧਰਨੇ ’ਚ ਵੱਡੀ ਗਿਣਤੀ ਮਹਿਲਾਵਾਂ ਵੀ ਪੁੱਜੀਆਂ ਧਰਨਾਕਾਰੀਆਂ ਦੇ ਰੋਹ ਨੂੰ ਵਧਦਾ ਦੇਖਦਿਆਂ ਕਈ ਵਾਰ ਪੁਲਿਸ ਅਫ਼ਸਰ ਪੁੱਜੇ ਅਤੇ ਜਾਮ ਖੋਲ੍ਹਣ ਦੀ ਮੰਗ ਕੀਤੀ ਪਰ ਉਹ ਇਸ ਗੱਲ ’ਤੇ ਡਟੇ ਰਹੇ ਕਿ ਡਿਪਟੀ ਕਮਿਸ਼ਨਰ ਤੋਂ ਘੱਟ ਕਿਸੇ ਅਫ਼ਸਰ ਨੂੰ ਮੰਗ ਪੱਤਰ ਨਹੀਂ ਦੇਣਾ ਮੁਸ਼ਕਿਲ ’ਚ ਘਿਰਿਆ ਪੁਲਿਸ ਪ੍ਰਸ਼ਾਸਨ ਆਖਰ ਏਡੀਸੀ (ਜਨਰਲ) ਮੈਡਮ ਪੂਨਮ ਸਿੰਘ ਨੂੰ ਧਰਨੇ ’ਚ ਲੈ ਕੇ ਪੁੱਜਾ ਜਿੰਨ੍ਹਾਂ ਨੇ ਉਨ੍ਹਾਂ ਦੀਆਂ ਮੁਸਕਿਲਾਂ ਸੁਣੀਆਂ ਧਰਨਾਕਾਰੀਆਂ ਨੇ ਏਡੀਸੀ ਨੂੰ ਦੱਸਿਆ ਕਿ ਕਈ ਮੰਗਾਂ ਅਜਿਹੀਆਂ ਹਨ, ਜਿੰਨ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜ਼ੂਦ ਸਰਕਾਰ ਲਾਗੂ ਨਹੀਂ ਕਰ ਰਹੀ ਇੱਕ ਦਿਵਿਆਂਗ ਵਿਅਕਤੀ ਨੇ ਭਰੇ ਮਨ ਨਾਲ ਦੱਸਿਆ ਕਿ ਬੱਸ ਅੱਡਿਆਂ ਸਮੇਤ ਸਰਕਾਰੀ ਦਫ਼ਤਰਾਂ ’ਚ ਉਨ੍ਹਾਂ ਨੂੰ ਕਾਫੀ ਜਲੀਲ ਹੋਣਾ ਪੈਂਦਾ ਹੈ ਉਨ੍ਹਾਂ ਦੱਸਿਆ ਕਿ ਦਫ਼ਤਰਾਂ ’ਚ ਅਫਸਰਾਂ ਨੂੰ ਮਿਲਣ ਲਈ ਲੰਬਾ ਸਮਾਂ ਉਡੀਕ ਕਰਵਾਈ ਜਾਂਦੀ ਹੈ
ਏਡੀਸੀ ਨੇ ਸੜਕ ’ਤੇ ਬੈਠ ਕੇ ਸੁਣੀਆਂ ਮੰਗਾਂ (Bathinda News)
ਏਡੀਸੀ ਮੈਡਮ ਪੂਨਮ ਸਿੰਘ ਨੇ ਧਰਨੇ ’ਚ ਪੁੱਜ ਕੇ ਦਿਵਿਆਂਗ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨੂੰ ਸੜਕ ’ਤੇ ਹੇਠਾਂ ਬੈਠ ਕੇ ਹੀ ਸੁਣਿਆ ਉਨ੍ਹਾਂ ਸਾਰੀਆਂ ਮੰਗਾਂ ਸੁਣਨ ਉਪਰੰਤ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰੀ ਦਫ਼ਤਰਾਂ ’ਚ ਉਨ੍ਹਾਂ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜ਼ਿਲ੍ਹਾ ਪੱਧਰ ’ਤੇ ਮੰਨੀਆਂ ਜਾਣ ਵਾਲੀਆਂ ਮੰਗਾਂ ਬਾਰੇ ਉਹ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਕੇ ਜਲਦੀ ਪੂਰੀਆਂ ਕਰਵਾਉਣਗੇ ਸਰਕਾਰ ਪੱਧਰ ’ਤੇ ਪੂਰੀਆਂ ਹੋਣ ਵਾਲੀਆਂ ਮੰਗਾਂ ਨੂੰ ਉਨ੍ਹਾਂ ਨੇ ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਕੋਲ ਭੇਜਣ ਦਾ ਭਰੋਸਾ ਦਿੱਤਾ ਇਸ ਭਰੋਸੇ ਮਗਰੋਂ ਉਨ੍ਹਾਂ ਬੱਸ ਅੱਡਾ ਚੌਂਕ ’ਚੋਂ ਤਾਂ ਜਾਮ ਖੋਲ੍ਹ ਦਿੱਤਾ ਪਰ ਭੁੱਖ ਹੜਤਾਲ ਜਾਰੀ ਰੱਖੀ
ਦਿਵਿਆਂਗਾਂ ਵੱਲੋਂ ਰੱਖੀਆਂ ਮੁੱਖ ਮੰਗਾਂ (Bathinda News)
- ਧਰਨੇ ਦੌਰਾਨ ਦਿਵਿਆਂਗਾਂ ਨੇ ਮੰਗ ਰੱਖੀ ਕਿ ਸਿੱਧੀਆਂ ਭਰਤੀਆਂ ਦੇ ਬੈਕਲਾਗ ਨੂੰ ਪੂਰਾ ਕੀਤਾ ਜਾਵੇ
- ਪੈਨਸ਼ਨ 1500 ਤੋਂ ਵਧਾ ਕੇ 5 ਹਜ਼ਾਰ ਰੁਪਏ ਕੀਤੀ ਜਾਵੇ
- ਸਵੈ ਰੁਜ਼ਗਾਰ ਲਈ ਦੋ ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਵੇ
- ਇਲਾਜ਼ ਲਈ 5 ਲੱਖ ਰੁਪਏ ਤੱਕ ਦਾ ਹੈਲਥ ਕਾਰਡ ਅਤੇ ਸਵੈ ਰੁਜ਼ਗਾਰ ਲਈ ਬਿਨ੍ਹਾਂ ਵਿਆਜ ਤੋਂ ਘੱਟੋ-ਘੱਟ ਦੋ ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਵੇ
- ਇਸ ਤੋਂ ਇਲਾਵਾ ਕਈ ਹੋਰ ਮੁੱਖ ਮੰਗਾਂ ਵੀ ਮੰਗ ਪੱਤਰ ਰਾਹੀਂ ਰੱਖੀਆਂ ਗਈਆਂ