Counterfeit Currency: ਅਬੋਹਰ, (ਮੇਵਾ ਸਿੰਘ)। ਥਾਣਾ ਨੰਬਰ 1 ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਅਬੋਹਰ ਦੀ ਜੰਮੂ ਬਸਤੀ ਵਿੱਚੋਂ ਨਕਲੀ ਨੋਟ ਛਾਪਣ ਵਾਲੇ ਗਿਰੋਹ ਦਾ ਭਾਂਡਾਂ ਭੰਨਦਿਆਂ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਉਕਤ ਵਿਅਕਤੀ ਖਿਲਾਫ ਬੀਐਨਐਸ ਦੀ ਧਾਰਾ 178 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਕਾਬੂ ਕੀਤੇ ਵਿਅਕਤੀ ਕੋਲੋਂ ਪੁਲਿਸ ਨੁੂੰ ਕਰੀਬ 5200 ਰੁਪਏ ਦੀ ਜਾਲੀ ਕਰੰਸੀ ਵੀ ਬਰਾਮਦ ਹੋਈ ਹੈੇ।
ਇਸ ਬਾਰੇ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਪੁਲਿਸ ਸਿਟੀ-1 ਦੇ ਐਸਐਚਓ ਰਵਿੰਦਰ ਸਿੰਘ ਭੀਟੀ ਨੇ ਦੱਸਿਆ ਕਿ ਹੌਲਦਾਰ ਜਗਜੀਤ ਸਿੰਘ ਨੂੰ ਮੁਖਬਿਰ ਨੇ ਸੂਚਨਾ ਦਿੱਤੀ ਕਿ ਜੰਮ ਬਸਤੀ ਗਲੀ ਨੰ: 3 ਦਾ ਰਹਿਣ ਵਾਲਾ ਨਰੇਸ ਕੁਮਾਰ ਉਰਫ ਸੰਟੀ ਪੁੱਤਰ ਰੋਸ਼ਨ ਲਾਲ ਆਪਣੇ ਘਰ ਵਿਚ ਰੰਗਦਾਰ ਪ੍ਰਿੰਟਰ ਰੱਖਕੇ ਉਸ ਨਾਲ ਭਾਰਤੀ ਕਰੰਸਂ ਦੇ 500, 200 ਤੇ 100 ਰੁਪਏ ਦੇ ਨਕਲੀ ਨੋਟ ਤਿਆਰ ਕਰਦਾ ਹੈ ਤੇ ਅਕਸਰ ਹੀ ਉਹ ਬਜ਼ਾਰ ਵਿਚ ਇਨ੍ਹਾਂ ਦੀ ਵਰਤੋਂ ਕਰਦਾ ਹੈ, ਤੇ ਹੁਣ ਵੀ ਉਹ ਨਵੇਂ ਬਣ ਰਹੇ ਬਾਈਪਾਸ ਸੀਡਫਾਰਮ ਰੋਡ ’ਤੇ ਕਿਸੇ ਨੂੰ ਨਕਲੀ ਨੋਟਾਂ ਦੀ ਕਰੰਸੀ ਦੇਣ ਲਈ ਇੰਤਜਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ: Crime Free Punjab: ਪੰਜਾਬ ਸਰਕਾਰ ਪੰਜਾਬ ’ਚੋਂ ਹਰ ਤਰ੍ਹਾਂ ਦੇ ਅਪਰਾਧ ਨੂੰ ਕੁਚਲ ਦੇਵੇਗੀ : ਬਰਿੰਦਰ ਕੁਮਾਰ ਗੋਇਲ
ਸੂਚਨਾ ਮਿਲਣ ’ਤੇ ਹਵਾਲਦਾਰ ਜਗਜੀਤ ਸਿੰਘ ਨੇ ਮੌਕੇ ’ਤੇ ਛਾਪਾ ਮਾਰਿਆ ਤੇ ਮੁਲਜ਼ਮ ਕੋਲੋਂ 5200 ਦੀ ਜਾਅਲੀ ਕਰੰਸੀ ਬਰਾਮਦ ਹੋਈ। ਉਧਰ ਥਾਣਾ ਸਿਟੀ-1 ਦੇ ਮੁਖੀ ਰਵਿੰਦਰ ਸਿੰਘ ਭੀਟੀ ਵੀ ਮੌਕੇ ’ਤੇ ਪਹੁੰਚੇ ਤੇ ਜਾਂਚ ਪੜਤਾਲ ਕਰਦਿਆਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਐਸਐਚਓ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਦੇ ਪੁਲਿਸ ਰਿਮਾਂਡ ’ਤੇ ਲੈ ਕੇ ਕਰੜੀ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਦੇ ਅਨਸਾਰ ਕਾਬੂ ਕੀਤੇ ਵਿਅਕਤੀ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਤੇ ਉਹ ਯੂ-ਟਿਊਬ ਦੇਖਕੇ ਨਕਲੀ ਨੋਟ ਬਣਾਉਂਦਾ ਸੀ। ਇਸ ਨੇ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਨਸ਼ਾ ਤਸਕਰੀ ਦਾ ਕੰਮ ਤਾਂ ਛੱਡ ਦਿੱਤਾ ਪਰ ਹੁਣ ਫਿਰ ਉਕਤ ਗੈਰ-ਕਾਨੂੰਨੀ ਧੁੰਦਾ ਸ਼ੁਰੂ ਕਰ ਦਿੱਤਾ ਹੈ। Counterfeit Currency













