ਕਵਿਤਾ

ਬੀਤ ਗਏ ਦਿਨ

ਪੋਹ ਮਾਘ ਦੀ ਠੰਢੀਆਂ ਰਾਤਾਂ ਨੂੰ
ਸਰਕੜੇ ਦੀ ਛੱਤ ਹੇਠ ਸੌਣਾ
ਸਾਉਣ ਮਹੀਨੇ ਜਦੋਂ ਮੀਂਹ ਨੇ ਪੈਣਾ
ਸਰਕੜੇ ਦੀ ਛੱਤ ਨੇ ਥਾਂ-ਥਾਂ ਤੋਂ ਚੋਣਾ।
ਰਜ਼ਾਈ ਵਿਚ ਬੈਠਿਆਂ ਦਾਦੀ ਕੋਲੋਂ
ਪੋਤੇ-ਪੋਤੀਆਂ ਨੇ ਸੁਣਨੀਆਂ ਬਾਤਾਂ
ਮਾਂ ਨੇ ਤੌੜੀ ਦਾ ਲਾਲ ਰੰਗ ਸੁਰਖ਼
ਦੁੱਧ ਲਿਆ ਦੇਣਾ
ਬਾਤਾਂ ਸੁਣਦੇ-ਸੁਣਦੇ ਦਾਦੀ ਦੀ ਬੁੱਕਲ
ਵਿਚ ਸੌਂ ਜਾਣਾ।
ਹੁਣ ਨਾ ਅਣਮੁੱਲੇ ਉਹ ਦਿਨ ਰਹੇ
ਬਦਲ ਗਈਆਂ ਛੱਤਾਂ ਤੇ ਰੁੱਤਾਂ
ਘਰਾਂ ਵਿਚ ਪੈ ਗਈਆਂ ਵੰਡੀਆਂ
ਪੱਕੀਆਂ ਪਾ ਲਈਆਂ ਛੱਤਾਂ।
‘ਬੇਅੰਤ’ ਆ ਜਾਣ ਮੁੜਕੇ ਉਹ ਦਿਨ
ਦਾਦੇ-ਦਾਦੀ ਕੋਲੋਂ ਸੁਣੀਏ ਬਾਤਾਂ
ਬਣ ਜਾਣ ਦੁਬਾਰਾ ਸਰਕੜੇ ਦੀਆਂ ਛੱਤਾਂ।

ਬੇਅੰਤ ਬਾਜਵਾ

ਮੋ. 70878-00168

 

ਚਰਖ਼ਾ ਬੋਲ ਪਿਆ

ਅੱਜ ਸਫੈਦੀ ਕਰਨ ਲਈ
ਸਟੋਰ ਰੂਮ ਜਦੋਂ ਖੋਲ੍ਹਿਆ
ਖੂੰਜੇ ਪਿਆ ਚਰਖਾ ਇੰਝ ਲੱਗੇ
ਜਿਵੇਂ ਹੋਵੇ ਕੁਝ ਬੋਲਿਆ
ਬੋਲਦੇ ਚਰਖੇ ਨੂੰ ਦੇਖ ਕੇ
ਉਹ ਵੀ ਬੋਲ ਪਏ ਨੇ
ਫਰਮੇ ਮਿੱਟੀ ਦੀਆਂ ਇੱਟਾਂ ਬਣਾਉਣ ਵਾਲੇ
ਮੱਲੋ-ਮੱਲੀ ਹੰਝੂ ਡੋਲ੍ਹ ਪਏ ਨੇ
ਪਿੱਛੇ ਰਹੀ ਪੀੜ੍ਹੀ ਨਾ
ਜਿਹੜੀ ਰਸੋਈ ਦਾ ਸ਼ਿੰਗਾਰ ਸੀ
ਹੱਥ ਵਾਲੀ ਚੱਕੀ ਵੀ
ਕਰਦੀ ਜਾਪਦੀ ਵਿਚਾਰ ਸੀ
ਪਿਆ ਪੜਛੱਤੀ ਉੱਤੇ
ਕੁੰਡੀ ਸੋਟਾ ਵੀ ਸੀ ਹਿੱਲਿਆ
ਲੂੰਡ੍ਹਾ ਵੀ ਕੋਲ ਆ ਕੇ
ਲੱਗੇ ਜਿਵੇਂ ਕੀਲ੍ਹਿਆ
ਹਰ ਇੱਕ ਚੀਜ਼ ਵਿਰਾਸਤੀ
ਖੂੰਜੇ ਬਹਿ ਬਹਿ ਰੋਈ ਲੱਗਦੀ ਸੀ
ਨਵੇਂ ਦੌਰ ਵਿਚ ਬਹੁਤ ਕੁਝ
ਆਪਣਾ ਖੋਈ ਲੱਗਦੀ ਸੀ
ਭਾਵੇਂ ਰੋਜ਼ਮਰ੍ਹਾ ਦੀਆਂ ਵਸਤੂਆਂ
ਅੱਜ-ਕੱਲ੍ਹ ਮੇਲਿਆਂ ਦਾ ਸ਼ਿੰਗਾਰ ਨੇ
ਪਿਛੋਕੜ ਫਿਰ ਵੀ ਸਾਂਭ ਕੇ
ਹੁਣ ਤੱਕ ਰੱਖਿਆ ‘ਜਗਤਾਰ’ ਨੇ

ਜਗਤਾਰ ਸਿੰਘ

ਮੋ. 84377-36240 

 

ਉੱਚੇ ਬੁੱਤ

ਬੇਰੁਜ਼ਗਾਰੀ ਦਾ ਪਹਾੜ
ਪਿੱਠ ‘ਤੇ ਬੰਨ੍ਹ ਕੇ
ਉੱਚੇ ਬੁੱਤ ਵਾਲੇ ਦੇਸ
ਦੇ ਲੋਕਾਂ ਨੂੰ ਮੈਂ
ਕੁੱਬੇ ਹੋ-ਹੋ
ਤੁਰਦੇ ਦੇਖਿਆ
ਚਿੱਟਾ ਖਾ ਕੇ
ਮਰ ਗਏ
ਪੁੱਤਰ ਦੀ ਯਾਦ ‘ਚ
ਇੱਕ ਬੁੱਢੀ ਮਾਂ ਨੂੰ
ਵਿਲਕਦਿਆਂ,
ਹੰਝੂ ਬਹਾਉਂਦਿਆਂ ਤੱਕਿਆ
ਇੱਕ ਪੁੱਤ ਨੂੰ
ਸੜਕਾਂ ‘ਤੇ ਧਰਨਾ ਦਿੰਦੇ
ਸਿਰ ਵਿੱਚ ਪੁਲਿਸ
ਦੀ ਡਾਂਗ ਸਹਾਰਦਿਆਂ
ਘਰ ਦਾ ਸਹਾਰਾ
ਬਣਦਿਆਂ ਤੱਕਿਆ
ਇੱਕ ਬਾਪ ਦੀ
ਬੇਬਸੀ ਤੇ ਲਾਚਾਰੀ ਦੇ
ਹੰਝੂਆਂ ਨੂੰ
ਚਿੱਟੀ ਦਾੜ੍ਹੀ ‘ਚ
ਕਿਰਦਿਆਂ ਤੱਕਿਆ
ਵਿਦਿਆਰਥੀਆਂ ਨੂੰ
ਕਿਤਾਬਾਂ ‘ਚ ਉਲਝੇ
ਅਤੇ ਇੱਕ ਸਕੂਲ ਦੇ
ਗੇਟ ਨੂੰ ਪਹਾੜੇ
ਪੜ੍ਹਦਿਆਂ ਤੱਕਿਆ
ਭੁੱਖ ਨਾਲ ਤੜਫਦੇ
ਰੋਂਦੇ  ਬੱਚਿਆਂ ਨੂੰ
ਅਤੇ ਬਿਸਕੁਟ ਖਾਂਦੇ,
ਚੋਚਲੇ ਕਰਦੇ
ਕੁੱਤਿਆਂ ਨੂੰ ਤੱਕਿਆ
ਹਾਕਮਾਂ ਨੂੰ ਰਾਜਧਾਨੀ
ਬੈਠ ਕੇ ਲੋਕਾਂ ਦੀ
ਖਿੱਲੀ ਉਡਾਉਂਦਿਆਂ
ਅਤੇ ਨਰਮੇ ਦੀਆਂ
ਸਿੱਕਰੀਆਂ ਨੂੰ ਮਜਦੂਰਾਂ ਦੇ
ਪਾਟੇ ਹੱਥਾਂ ਦੀ
ਫਿਕਰ ਕਰਦਿਆਂ ਤੱਕਿਆ
ਐਨਾ ਕੁੱਝ ਤੱਕ ਕੇ ਵੀ
ਮੈਂ ਕੁੱਝ ਨਹੀਂ ਤੱਕਿਆ
ਤੁਸੀਂ ਕੁੱਝ ਤੱਕਿਆ…?

ਕੇਵਲ ਸਿੰਘ ਧਰਮਪੁਰਾ 

ਮੋ. 9878801561