ਅਗਲੀ ਸੁਣਵਾਈ ‘ਤੇ ਟਲਿਆ ਫ਼ੈਸਲਾ | Bathinda News
ਬਠਿੰਡਾ (ਸੁਖਜੀਤ ਮਾਨ)। ਇੱਥੋਂ ਦੇ ਮਾਡਲ ਟਾਊਨ ਫੇਜ਼-1 ਟੀਵੀ ਟਾਵਰ ਕੋਲ ਕਥਿਤ ਤੌਰ ’ਤੇ ਬੇਨਿਯਮੀਆਂ ਨਾਲ ਖ੍ਰੀਦੇ ਦੋ ਪਲਾਟਾਂ ਦੇ ਮਾਮਲੇ ’ਚ ਪਰਚਾ ਦਰਜ਼ ਹੋਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਹੋਰ ਨਾਮਜਦ ਮੁਲਜ਼ਮ ਜਮਾਨਤ ਲਈ ਕਾਨੂੰਨੀ ਚਾਰਾਜੋਈ ‘ਚ ਰੁੱਝੇ ਹੋਏ ਹਨ ਪਰ ਕਿਸੇ ਨੂੰ ਜਮਾਨਤ ਨਹੀਂ ਮਿਲੀ। ਮਨਪ੍ਰੀਤ ਦੀ ਜਮਾਨਤ ਅਰਜੀ ਰੱਦ ਹੋ ਚੁੱਕੀ ਹੈ ਜਦੋੰਕਿ ਦੋ ਹੋਰਨਾਂ ਵੱਲੋਂ ਅੱਜ ਲਗਾਈ ਅਰਜੀ ਤੇ ਵੀ ਬਹਿਸ ਮਗਰੋਂ ਸੁਣਵਾਈ ਅੱਗੇ ਪਾ ਦਿੱਤੀ। (Bathinda News)
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਨੇ ਫੜਿਆ ਅਣਅਧਿਕਾਰਤ ਪਟਾਕਿਆਂ ਦਾ ਗੁਦਾਮ
ਵੇਰਵਿਆਂ ਮੁਤਾਬਿਕ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਸਿਆਸੀ ਜ਼ੋਰ ‘ਤੇ ਨਿਯਮਾਂ ‘ਚ ਭੰਨਤੋੜ ਕਰਕੇ ਪਲਾਟ ਖਰੀਦੇ ਜਾਣ ਦੀ ਸ਼ਿਕਾਇਤ ਕੀਤੀ ਗਈ ਸੀ। ਸ਼ਿਕਾਇਤ ਮਗਰੋਂ ਵਿਜੀਲੈਂਸ ਨੇ ਪੜਤਾਲ ਕਰਕੇ ਮਨਪ੍ਰੀਤ ਬਾਦਲ ਤੋਂ ਇਲਾਵਾ ਰਾਜੀਵ ਗੋਇਲ, ਅਮਨਦੀਪ ਸਿੰਘ, ਬੀਡੀਏ ਦੇ ਤੱਤਕਾਲੀ ਪ੍ਰਸ਼ਾਸ਼ਨਿਕ ਅਧਿਕਾਰੀ ਬਿਕਰਮ ਸ਼ੇਰਗਿੱਲ, ਵਿਕਾਸ ਕੁਮਾਰ ਅਤੇ ਬੀਡੀਏ ਦੇ ਸੁਪਰਡੈਂਟ ਪ੍ਰਦੀਪ ਕਾਲੀਆ ਨੂੰ ਨਾਮਜ਼ਦ ਕੀਤਾ ਸੀ।
ਇਨ੍ਹਾਂ ਮੁਲਜ਼ਮਾਂ ’ਚੋਂ ਵਿਜੀਲੈਂਸ ਨੇ ਤਿੰਨ ਜਣਿਆਂ ਰਾਜੀਵ ਗੋਇਲ , ਵਿਕਾਸ ਕੁਮਾਰ ਅਤੇ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦੋੰਕਿ ਬਾਕੀਆਂ ਦੀ ਭਾਲ ਜਾਰੀ ਹੈ। ਗ੍ਰਿਫਤਾਰੀ ਦੇ ਡਰੋਂ ਮਨਪ੍ਰੀਤ ਬਾਦਲ ਵੱਲੋਂ ਲਗਾਈ ਅਰਜੀ ਕੁਝ ਦਿਨ ਪਹਿਲਾਂ ਰੱਦ ਹੋ ਗਈ ਜਦੋੰਕਿ ਅੱਜ ਬਿਕਰਮ ਸ਼ੇਰਗਿੱਲ ਤੇ ਪੰਕਜ ਕਾਲੀਆ ਦੀ ਅਰਜੀ ‘ਤੇ ਹੋਈ ਸੁਣਵਾਈ ਦੌਰਾਨ ਬਹਿਸ ਮਗਰੋਂ ਫ਼ੈਸਲਾ 16 ਅਕਤੂਬਰ ਤੱਕ ਰਾਖਵਾਂ ਰੱਖ ਲਿਆ। (Bathinda News)