(ਸੁਖਜੀਤ ਮਾਨ) ਬਠਿੰਡਾ। ਪਲਾਟ ਖ੍ਰੀਦ ਮਾਮਲੇ ’ਚ ਵਿਜੀਲੈਂਸ ਵੱਲੋਂ ਦਰਜ਼ ਪਰਚੇ ’ਚ ਗਿ੍ਰਫ਼ਤਾਰੀ ਦੇ ਡਰੋਂ ਫਰਾਰ ਚੱਲ ਰਹੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal ) ਵੱਲੋਂ ਜ਼ਮਾਨਤ ਲਈ ਹਾਈ ਕੋਰਟ ’ਚ ਲਗਾਈ ਪਟੀਸ਼ਨ ’ਤੇ ਸੁਣਵਾਈ 16 ਅਕਤੂਬਰ ਨੂੰ ਹੋਵੇਗੀ ਮਨਪ੍ਰੀਤ ਦੀ ਗਿ੍ਰਫ਼ਤਾਰੀ ਵਿਜੀਲੈਂਸ ਲਈ ਵੀ ਚੁਣੌਤੀ ਬਣੀ ਹੋਈ ਹੈ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਮਨਪ੍ਰੀਤ ਦੀ ਗਿ੍ਰਫ਼ਤਾਰੀ ’ਚ ਹੋ ਰਹੀ ਦੇਰੀ ਬਾਰੇ ਭਾਂਤ-ਭਾਂਤ ਦੇ ਕੁਮੈਂਟ ਕੀਤੇ ਜਾਂਦੇ ਹਨ।
ਵੇਰਵਿਆਂ ਮੁਤਾਬਿਕ ਮਾਡਲ ਟਾਊਨ ਵਿੱਚ ਪਲਾਟ ਖਰੀਦਣ ਦੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਵੱਲੋਂ ਕੇਸ ਦਰਜ ਕਰਨ ਉਪਰੰਤ ਕਰੀਬ ਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਫਰਾਰ ਚੱਲ ਰਹੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ (Manpreet Badal ) ਵੱਲੋਂ ਅਗਾਂਊ ਜਮਾਨਤ ਲਈ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਲਈ 16 ਅਕਤੂਬਰ ਤੈਅ ਕੀਤੀ ਹੈ । ਮਨਪ੍ਰੀਤ ਬਾਦਲ ਨੇ ਆਪਣੇ ਵਕੀਲ ਅਰਸ਼ਦੀਪ ਸਿੰਘ ਚੀਮਾ ਅਤੇ ਸੁਖਦੀਪ ਸਿੰਘ ਭਿੰਡਰ ਰਾਹੀਂ 11 ਅਕਤੂਬਰ ਨੂੰ ਰਿੱਟ ਦਾਇਰ ਕੀਤੀ ਸੀ ਜਿਸ ਨੂੰ ਅਰਜੈਂਟ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਚਾਰ ਜਣਿਆਂ ਨੂੰ ਕੀਤਾ ਕਾਬੂ, ਤਿੰਨ ਫਰਾਰ
ਅੱਜ ਇਸ ਅਰਜੀ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਮਾਣਯੋਗ ਜਸਟਿਸ ਸ੍ਰੀ ਵਿਕਾਸ ਬਹਿਲ ਦੀ ਅਦਾਲਤ ਵਿੱਚ ਸੁਣਵਾਈ ਹੋਈ ਜਿੰਨ੍ਹਾਂ ਵੱਲੋਂ 16 ਅਕਤੂਬਰ ਦਾ ਦਿਨ ਤੈਅ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਐਡਵੋਕੇਟ ਸੁਖਦੀਪ ਸਿੰਘ ਭਿੰਡਰ ਨੇ ਕੀਤੀ ਹੈ । ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ , ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮ ਸਿੰਘ ਸ਼ੇਰਗਿੱਲ ਤੋਂ ਇਲਾਵਾ ਵਿਕਾਸ ਕੁਮਾਰ, ਰਜੀਵ ਕੁਮਾਰ, ਅਮਨਦੀਪ ਸਿੰਘ ਅਤੇ ਬੀਡੀਏ ਦੇ ਸੁਪਰਡੈਂਟ ਪੰਕਜ਼ ਕਾਲੀਆ ਖਿਲਾਫ ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਕੇਸ ਦਰਜ ਕੀਤਾ ਸੀ।
ਅਮਨਦੀਪ ਸਿੰਘ ਦੀ ਜ਼ਮਾਨਤ ’ਤੇ ਸੁਣਵਾਈ 20 ਨੂੰ
ਐਡਵੋਕੇਟ ਸੁਖਦੀਪ ਸਿੰਘ ਭਿੰਡਰ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਦਰਜ਼ ਮਾਮਲੇ ’ਚ ਨਾਮਜ਼ਦ ਅਮਨਦੀਪ ਸਿੰਘ ਦੀ ਜ਼ਮਾਨਤ ’ਤੇ ਅੱਜ ਸੁਣਵਾਈ ਹੋਣੀ ਸੀ ਪਰ ਵਿਜੀਲੈਂਸ ਦੀ ਟੀਮ ਹਾਈ ਕੋਰਟ ਗਈ ਹੋਣ ਕਰਕੇ ਸੁਣਵਾਈ ਨਹੀਂ ਹੋ ਸਕੀ ਇਸ ਸਬੰਧੀ ਹੁਣ 20 ਅਕਤੂਬਰ ਨੂੰ ਸੁਣਵਾਈ ਹੋਵੇਗੀ ਇਸ ਤੋਂ ਇਲਾਵਾ ਬਿਕਰਮ ਸਿੰਘ ਸ਼ੇਰਗਿੱਲ ਤੇ ਪੰਕਜ਼ ਕਾਲੀਆ ਦੀ ਅਗਾਊਂ ਜ਼ਮਾਨਤ ਲਈ 16 ਅਕਤੂਬਰ ਤੇ ਵਿਕਾਸ ਕੁਮਾਰ, ਰਾਜੀਵ ਕੁਮਾਰ ਦੀ ਪੱਕੀ ਜ਼ਮਾਨਤ ਲਈ ਸੁਣਵਾਈ 16 ਨੂੰ ਹੋਣੀ ਤੈਅ ਹੋਈ ਪਰ ਉਸੇ ਦਿਨ ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ’ਤੇ ਹਾਈ ਕੋਰਟ ’ਚ ਸੁਣਵਾਈ ਕਰਕੇ ਇਹ ਸੁਣਵਾਈ ਪ੍ਰਭਾਵਿਤ ਹੋ ਸਕਦੀ ਹੈ ਕਿਉਂਕਿ ਟੀਮ ਉਸ ਦਿਨ ਫਿਰ ਚੰਡੀਗੜ੍ਹ ਜਾਵੇਗੀ