ਸਿੱਧੂ ਮੂਸੇ ਵਾਲਾ ਦੀ ਯਾਦ ’ਚ ਬੂਟੇ ਲਾਏ ਤੇ ਵੰਡੇ
ਭੀਖੀ (ਡੀ.ਪੀ. ਜਿੰਦਲ) ਹਰਿਆਵਲ ਪੰਜਾਬ ਇਕਾਈ ਜੋਗਾ ਵੱਲੋਂ ਪਿੰਡ ਰੱਲਾ ਵਿਖੇ ਕਰਵਾਏ ਗਏ ਵਾਤਾਵਰਨ ਜਾਗਰੂਕਤਾ ਸੈਮੀਨਾਰ ਦੌਰਾਨ ਜਿੱਥੇ ਲੋਕਾਂ ਨੂੰ ਪੌਦਿਆਂ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਉੱਥੇ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੀ ਯਾਦ ਵਿੱਚ ਬੂਟੇ ਲਾਏ ਗਏ ਅਤੇ ਮੌਕੇ ’ਤੇ ਇੱਕਤਰ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਬੂਟੇ ਵੰਡੇ ਗਏ। ਸੈਮੀਨਾਰ ਵਿੱਚ ਰਾਮ ਗੋਪਾਲ (ਪ੍ਰਾਂਤ ਸੰਯੋਜਕ ਹਰਿਆਵਲ ਪੰਜਾਬ) ਨੇ ਬਤੌਰ ਮੱੁਖ ਵਕਤਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਉਹਨਾਂ ਲੋਕਾਂ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਜਿਲ੍ਹਾ ਸਹਿ ਸੰਯੋਜਕ ਬਲਵੀਰ ਸਿੰਘ ਅਗਰੋਹੀਆ ਨੇ ਇਸ ਸਮੇਂ ਪ੍ਰਸਿੱਧ ਮਰਹੂਮ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਨੂੰ ਨਮ ਅੱਖਾਂ ਨਾਲ ਯਾਦ ਕਰਦਿਆਂ ਆਪਣੀ ਕਵਿਤਾ ’ਜਨਮ ਦਿਨ’ ਪੇਸ਼ ਕੀਤੀ।
ਪਿ੍ਰੰਸੀ. ਰਣਜੀਤ ਸਿੰਘ ਚਹਿਲ (ਜਿਲ੍ਹਾ ਸੰਯੋਜਕ ਮਾਨਸਾ ਹਰਿਆਵਲ ਪੰਜਾਬ) ਨੇ ਸਿੱਧੂ ਮੂਸੇ ਵਾਲੇ ਦੀ ਗੱਲ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀ.ਸੈ.ਸਕੂਲ ਮਾਨਸਾ ਤੋਂ ਮੈਟਿ੍ਰਕ ਪਾਸ ਕਰਕੇ ਪੰਜਾਬੀ ਗਾਇਕੀ ਜਗਤ ਵਿੱਚ ਵਿਸ਼ਵ ਭਰ ਵਿੱਚ ਨਾਮ ਕਮਾਉਣ ਵਾਲਾ ਇਹ ਹੋਣਹਾਰ ਵਿਦਿਆਰਥੀ ਮੌਤ ਦੇ ਜ਼ਾਲਮ ਹੱਥਾਂ ਨੇ ਸਰੀਰਕ ਤੌਰ ’ਤੇ ਸਾਥੋਂ ਸਦਾ ਲਈ ਖੋਹ ਲਿਆ। ਉਹਨਾਂ ਕਿਹਾ ਕਿ ਮਰਹੂਮ ਮੂਸੇ ਵਾਲੇ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ