ਦਰੱਖਤਾਂ ਤੋਂ ਮਿਲਣ ਵਾਲੀ ਆਕਸੀਜਨ ਅਰਥਾਤ ਮਨੁੱਖੀ ਫੇਫੜੇ : ਸੰਧਵਾਂ
ਕੋਟਕਪੂਰਾ (ਸੁਭਾਸ਼ ਸ਼ਰਮਾ)। ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੁਆਰੇਆਣਾ ਰੋਡ ਕੋਟਕਪੂਰਾ ਵਿਖੇ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਗਏ ਬੂਟੇ ਵੰਡ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਕੁਲਤਾਰ ਸਿੰਘ ਸੰਧਵਾਂ ਤੇ ਉਨਾਂ ਦੀ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਸੰਧਵਾਂ ਨੇ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਪ੍ਰੇਰਿਤ ਕਰਦਿਆਂ ਆਖਿਆ ਕਿ ਦਰੱਖਤਾਂ ਤੋਂ ਮਿਲਣ ਵਾਲੀ ਆਕਸੀਜਨ ਨੂੰ ਗਰੀਬ ਵਰਗ ਦੇ ਫੇਫੜੇ ਅਰਥਾਤ ਸਾਹ ਪ੍ਰਣਾਲੀ ਵੀ ਮੰਨਿਆ ਜਾ ਸਕਦਾ ਹੈ।
ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਆਖਿਆ ਕਿ ਸੁਸਾਇਟੀ ਵੱਲੋਂ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ 29ਵੀਂ ਬਰਸੀ ਮੌਕੇ ਇਹ ਸਾਰਾ ਹਫਤਾ ਵਾਤਾਵਰਣ ਨੂੰ ਸਮਰਪਿਤ ਕੀਤਾ ਗਿਆ ਹੈ। ਕਿਉਂਕਿ ਭਗਤ ਪੂਰਨ ਸਿੰਘ ਜੀ ਵੀ ਵਾਤਾਵਰਣ ਦੀ ਸੰਭਾਲ ਲਈ ਸਮੁੱਚੀ ਮਨੁੱਖਤਾ ਨੂੰ ਬਹੁਤ ਸਮਝਾਉਂਦੇ ਰਹੇ ਹਨ ਅਤੇ ਵਾਤਾਵਰਣ ਪ੍ਰਤੀ ਉਨਾਂ ਦੀ ਸੋਚ ਵੀ ਲਾਮਿਸਾਲ ਰਹੀ ਹੈ। ਮਨਦੀਪ ਸਿੰਘ ਮਿੰਟੂ ਗਿੱਲ, ਮਨਜਿੰਦਰ ਸਿੰਘ ਗੋਪੀ, ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਜਗਜੀਤ ਸਿੰਘ ਬਬਲਾ ਸਰਪੰਚ ਨੇ ਸਕੂਲ ਦੇ ਪ੍ਰਬੰਧਕਾਂ ਸਮੇਤ ਸੁਸਾਇਟੀ ਦੇ ਆਗੂਆਂ ਅਤੇ ਵਿਧਾਇਕ ਸੰਧਵਾਂ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਸਕੂਲ ਦੇ ਵਾਈਸ ਪਿ੍ਰੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਮੁੱਖ ਮਹਿਮਾਨ ਸਮੇਤ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਵਿਸ਼ਵਾਸ਼ ਦਿਵਾਇਆ ਕਿ ਉਕਤ ਬੂਟਿਆਂ ਦੀ ਸਾਂਭ ਸੰਭਾਲ ਲਈ ਉਹ ਬੱਚਿਆਂ ਨੂੰ ਪੇ੍ਰਰਿਤ ਕਰਨ ਦੇ ਨਾਲ-ਨਾਲ ਖੁਦ ਵੀ ਯਤਨਸ਼ੀਲ ਰਹਿਣਗੇ। ਅੰਤ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਕੁਝ ਅਹਿਮ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ