ਰੁੱਖ ਲਗਾਓ (Tree) ਤੇ ਪੈਨਸਿਲ (ਬਾਲ ਕਵਿਤਾਵਾਂ)
ਰੁੱਖ ਸਾਨੂੰ ਦੇਂਦੇ ਹਨ ਠੰਢੀ-ਠੰਢੀ ਛਾਂ,
ਤੁਸੀਂ ਵੀ ਲਗਾਓ ਰੁੱਖ ਹਰ ਇੱਕ ਥਾਂ।
ਰੁੱਖਾਂ ਨੂੰ ਹੈ ਬੱਚਿਓ ਪਿਆਰ ਕਰੀਏ,
ਰਲ-ਮਿਲ ਸਾਰੇ ਸਤਿਕਾਰ ਕਰੀਏ।
ਨਿੰਮ ਹੇਠਾਂ ਮੰਜਾ ਡਾਹ ਕੇ ਬੈਠੇ ਦਾਦੀ ਮਾਂ,
ਰੁੱਖ ਸਾਨੂੰ ਦੇਂਦੇ ਹਨ ਠੰਢੀ-ਠੰਢੀ ਛਾਂ।
ਰੁੱਖਾਂ ਨਾਲ ਵਾਤਾਵਰਨ ਸ਼ੁੱਧ ਹੋ ਜਾਵੇ,
ਸਾਡੀ ਇਹਦੇ ਨਾਲ ਉੱਚੀ ਬੁੱਧ ਹੋ ਜਾਵੇ।
ਰੁੱਖਾਂ ਉੱਤੇ ਪੰਛੀ ਨੇ ਪਾਉਂਦੇ ਆਲ੍ਹਣਾ,
ਉੱਡ ਜਾਂਦੇ ਹੁੰਦਾ ਹੈ ਸਵੇਰੇ ਚਾਨਣਾ।
‘ਜਸਵਿੰਦਰ’ ਲਿਆਇਆ ਰੁੱਖ ਗੱਡੀ ਭਰ ਕੇ,
ਸਾਰਿਆਂ ਨੇ ਲਾਉਣੇ ਰੁੱਖ ਆਪਾਂ ਰਲ਼ ਕੇ।
ਸੂਬੇਦਾਰ ਜਸਵਿੰਦਰ ਸਿੰਘ, ਪੰਧੇਰ ਖੇੜੀ, ਲੁਧਿਆਣਾ।
ਮੋ. 81461-95193
ਪੈਂਸਿਲ
ਪੈਂਸਿਲ ਮੇਰੀ ਬੜੀ ਪਿਆਰੀ,
ਲਿਖਦੀ ਹਰ ਗੱਲ ਮੇਰੀ ਸਾਰੀ।
ਜਦੋਂ ਸਾਨੂੰ ਨਵਾਂ ਲਿਖਾਈ ਜਾਵੇ,
ਲਿਖਣਾ ਸਾਨੂੰ ਆਈ ਜਾਵੇ।
ਜਦੋਂ ਚਾਹਾਂ ਮੈਂ ਲਿਖਦਾ ਢਾਹ ਕੇ,
ਹਰ ਅੱਖਰ ਫਿਰ ਲਿਖਾਂ ਟਿਕਾ ਕੇ।
ਕੱਚੀ ਸਿਆਹੀ ਇਸਦੀ ਬੱਚਿਓ!
ਜਦੋਂ ਵੀ ਇਹ ਲਿਖਦੀ ਬੱਚਿਓ!
ਕੱਚਾ-ਕੱਚਾ ਲਿਖ ਕੇ ਪਿਆਰੇ,
ਪੱਕੇ ਦਾ ਲੜ ਫੜਦੇ ਸਾਰੇ।
ਮੇਰੀ ਪੈਂਸਿਲ ਮੇਰੀ ਦੋਸਤ ਸੱਚੀ,
ਚਾਹੇ ਇਸ ਦੀ ਲਿਖਾਈ ਹੈ ਕੱਚੀ।
ਹੱਥ ਟਿਕਾਵੇ, ਲਿਖਣਾ ਆਵੇ,
ਹਰ ਇੱਕ ਅੱਖਰ ਪਾਉਣ ਸਿਖਾਵੇ।
‘ਪ੍ਰਗਟ’ ਨੇ ਹੁਣ ਇਹ ਗੱਲ ਆਖੀ,
ਪੈਂਸਿਲ ਸਾਡਾ ਮੁੱਢਲਾ ਸਾਥੀ।
ਪ੍ਰਗਟ ਸਿੰਘ ਮਹਿਤਾ, ਧਰਮਗੜ੍ਹ (ਸੰਗਰੂਰ)।
ਮੋ. 98784-88796