ਸਰਕਾਰ ਬਣੀ ਤਾਂ ਐਮਐਸਪੀ ਲਈ ਕਾਨੂੰਨ ਬਣਾਇਆ ਜਾਵੇਗਾ: ਪਾਇਲਟ /Amritsar News
(ਰਾਜਨ ਮਾਨ) ਅੰਮ੍ਰਿਤਸਰ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ ਜਦੋਂਕਿ ਕਾਂਗਰਸ ਵਿਕਾਸ ਤੇ ਹੋਰ ਮੁੱਦਿਆਂ ਤੇ ਲੋਕਾਂ ਦੀ ਕਚਿਹਰੀ ਵਿੱਚ ਜਾ ਰਹੀ ਹੈ। Amritsar News
ਪਾਇਲਟ ਨੇ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ’ਚ ਕੀਤਾ ਪ੍ਰਚਾਰ
ਪਾਇਲਟ ਅੱਜ ਕਾਂਗਰਸ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਸਰਹੱਦੀ ਪਿੰਡ ਭਿੰਡੀ ਸੈਦਾਂ ਵਿੱਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸਚਿਨ ਪਾਇਲਟ ਨੇ ਭਾਜਪਾ ’ਤੇ ਤਿੱਖੀ ਪ੍ਰਤਿਕ੍ਰਿਆ ਦਿੰਦਿਆਂ ਕਿਹਾ ਕਿ ਜਦੋਂ ਕਾਂਗਰਸ ਜਨਤਾ ਨਾਲ ਗੱਲ ਕਰਦੀ ਹੈ ਤਾਂ ਉਹ ਬੇਰੁਜ਼ਗਾਰੀ, ਮਹਿੰਗਾਈ, ਉਦਯੋਗ, ਨੌਕਰੀਆਂ, ਨੌਜਵਾਨਾਂ ਅਤੇ ਔਰਤਾਂ ਦੀ ਗੱਲ ਕਰਦੀ ਹੈ ਅਤੇ ਜਦੋਂ ਭਾਜਪਾ ਵਾਲੇ ਗੱਲ ਕਰਦੇ ਹਨ ਤਾਂ ਉਹ ਹਿੰਦੂ, ਮੁਸਲਮਾਨ, ਇਸਾਈ, ਮੰਗਲਸੂਤਰ ਅਤੇ ਪਾਕਿਸਤਾਨ ਦੀ ਗੱਲ ਕਰਦੇ ਹਨ।
ਇਹ ਵੀ ਪੜ੍ਹੋ: ਵੋਟਰਾਂ ਦੀ ਸੁਰੱਖਿਆ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ
ਭਾਜਪਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਲਈ ਪੰਜ ਸਾਲ ਹੋਰ ਮੰਗ ਰਹੀ ਹੈ ਅਤੇ ਅਗਨੀਵੀਰ ਵਰਗੀਆਂ ਸਕੀਮਾਂ ਰਾਹੀਂ ਸਿਰਫ਼ ਚਾਰ ਸਾਲਾਂ ਵਿੱਚ ਆਪਣੇ ਨੌਜਵਾਨਾਂ ਅਤੇ ਬੱਚਿਆਂ ਨੂੰ ਸੇਵਾ ਮੁਕਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਐਮਐਸਪੀ ਲਈ ਕਾਨੂੰਨ ਬਣਾਇਆ ਜਾਵੇਗਾ ਅਤੇ ਅਗਨੀਵੀਰ ਸਕੀਮਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਉਦਯੋਗਪਤੀਆਂ ਦੇ 16 ਲੱਖ ਕਰੋੜ ਰੁਪਏ ਮਾਫ਼ ਕਰ ਦਿੱਤੇ ਹਨ ਪਰ ਗਰੀਬਾਂ ਨੂੰ ਕੁਝ ਨਹੀਂ ਦਿੱਤਾ। ਪਰ ਹੁਣ ਕਾਂਗਰਸ ਹਰ ਵਰਗ ਲਈ ਸਕੀਮਾਂ ਲਿਆਉਣ ਦਾ ਅਹਿਦ ਲੈ ਰਹੀ ਹੈ ਅਤੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਲਿਖਿਆ ਹੈ ਕਿ ਸਾਰਿਆਂ ਨੂੰ ਬਣਦਾ ਮਾਣ-ਸਤਿਕਾਰ ਮਿਲੇਗਾ ਅਤੇ ਸਭ ਨੂੰ ਹੱਕ ਮਿਲਣਗੇ। Amritsar News