5ਵੇਂ ਦਿਨ ਵੀ ਆਪ ਵਿਧਾਇਕ ਦੇ ਅਸਤੀਫ਼ੇ ‘ਤੇ ਨਹੀਂ ਲਿਆ ਕੋਈ ਫੈਸਲਾ
ਸਿੰਗਲ ਲਾਈਨ ‘ਚ ਲਿਖਣ ਦੀ ਬਜਾਇ ਦੋ ਸਫਿਆਂ ‘ਚ ਲਿਖਿਆ ਸੀ ਅਸਤੀਫ਼ਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਦਾਖਾ ਤੋਂ ਵਿਧਾਇਕ ਐਚ.ਐਸ. ਫੂਲਕਾ ਦੇ ਅਸਤੀਫ਼ਾ ਮਾਮਲੇ ਵਿੱਚ 5ਵੇਂ ਦਿਨ ਵੀ ਕੋਈ ਕਾਰਵਾਈ ਨਹੀਂ ਹੋਈ ਹੈ। ਹਾਲਾਂਕਿ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਅਸਤੀਫ਼ਾ ਦੇਖ ਲਿਆ ਗਿਆ ਹੈ ਪਰ ਇਸ ਸਬੰਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹ ਕੁਝ ਇੰਤਜ਼ਾਰ ਕਰ ਰਹੇ ਹਨ। ਇਹ ਇੰਤਜ਼ਾਰ ਆਪਣੇ ਆਪ ‘ਚ ਬੁਝਾਰਤ ਬਣਿਆ ਹੋਇਆ ਹੈ
ਜਾਣਕਾਰੀ ਅਨੁਸਾਰ ਐਚ.ਐਸ. ਫੂਲਕਾ ਵੱਲੋਂ ਬੀਤੇ ਹਫ਼ਤੇ ਸ਼ੁੱਕਰਵਾਰ ਨੂੰ ਆਪਣਾ ਅਸਤੀਫ਼ੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਈ ਮੇਲ ਅਤੇ ਡਾਕ ਰਾਹੀਂ ਭੇਜ ਦਿੱਤਾ ਗਿਆ ਸੀ। ਅਸਤੀਫ਼ੇ ਵਿੱਚ ਐਚ.ਐਸ. ਫੂਲਕਾ ਨੇ ਚਲਾਕੀ ਦਿਖਾਉਂਦੇ ਹੋਏ 2 ਸਫਿਆ ਵਿੱਚ ਕਾਂਗਰਸ ਸਰਕਾਰ ਅਤੇ ਕਾਂਗਰਸ ਦੇ ਮੰਤਰੀਆਂ ਖ਼ਿਲਾਫ਼ ਕਾਫ਼ੀ ਕੁਝ ਲਿਖਿਆ ਸੀ, ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਇਸ ਤਰ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰਨਾ ਕਾਫ਼ੀ ਜਿਆਦਾ ਮੁਸ਼ਕਲ ਹੈ। ਕਿਉਂਕਿ ਆਮ ਤੌਰ ‘ਤੇ ਅਸਤੀਫ਼ਾ ਸਿੰਗਲ ਲਾਈਨ ਵਿੱਚ ਹੀ ਦਿੱਤਾ ਜਾਂਦਾ ਹੈ ਤਾਂ ਕਿ ਉਸ ਨੂੰ ਪ੍ਰਵਾਨ ਕਰਨ ਵਿੱਚ ਕੋਈ ਦਿੱਕਤ ਨਾ ਆਵੇ।
ਸ਼ੁੱਕਰਵਾਰ ਨੂੰ ਵਿਧਾਨ ਸਭਾ ‘ਚ ਪੁੱਜੇ ਅਸਤੀਫ਼ੇ ਨੂੰ ਸੋਮਵਾਰ ਨੂੰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦੇਖ ਲਿਆ ਸੀ ਅਤੇ ਅਸਤੀਫ਼ਾ ਪੜਨ ਤੋਂ ਬਾਅਦ ਇਸ ਸਬੰਧੀ ਕੋਈ ਵੀ ਕਾਰਵਾਈ ਕਰਨ ਦੀ ਥਾਂ ਫਾਈਲ ਨੂੰ ਇੱਕ ਪਾਸੇ ਕਰਕੇ ਰੱਖ ਦਿੱਤਾ ਗਿਆ ਹੈ। ਸੂਤਰਾ ਅਨੁਸਾਰ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਇਸ ਅਸਤੀਫ਼ੇ ਦੀ ਫਾਈਲ ਆਪਣੀ ਕੋਠੀ ਵਿਖੇ ਕੈਂਪ ਆਫਿਸ ਵਿੱਚ ਦੇਖੀ ਸੀ ਅਤੇ ਮੁੜ ਤੋਂ ਅਸਤੀਫ਼ੇ ਦੀ ਫਾਈਲ ਨੂੰ ਵਿਧਾਨ ਸਭਾ ਵਿਖੇ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਮਿਲ ਰਹੀਂ ਹੈ ਕਿ ਸਪੀਕਰ ਵੱਲੋਂ ਅਸਤੀਫ਼ਾ ਪ੍ਰਵਾਨ ਕਰਨ ਜਾਂ ਫਿਰ ਨਹੀਂ ਕਰਨ ਸਬੰਧੀ ਇੰਤਜ਼ਾਰ ਕਿਉਂ ਕੀਤਾ ਜਾ ਰਿਹਾ ਹੈ ਜਾਂ ਫਿਰ ਉਹ ਇਸ ਮਾਮਲੇ ਵਿੱਚ ਕੀ ਫੈਸਲਾ ਕਰਨਗੇ ?
ਅਸਤੀਫ਼ੇ ਦੀ ਕੀਤੀ ਜਾ ਰਹੀ ਹੈ ਘੋਖ : ਰਾਣਾ
ਸੱਚ ਕਹੂੰ ਨਿਊਜ਼, ਮੁਲਾਂਪੁਰ ਪੰਜਾਬ ਵਿਧਾਨ ਸਭਾ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਹੈ ਕਿ ਉਨ੍ਰਾਂ ਨੇ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਸ੍ਰ. ਐੱਚ. ਐੱਸ. ਫੂਲਕਾ ਦੇ ਅਸਤੀਫੇ ‘ਤੇ ਹਾਲੇ ਵਿਚਾਰ ਨਹੀਂ ਕੀਤਾ ਹੈ। ਮਨਜ਼ੂਰੀ ਤੋਂ ਪਹਿਲਾਂ ਅਸਤੀਫੇ ਨੂੰ ਚੰਗੀ ਤਰਾਂ ਵਾਚਿਆ ਜਾਵੇਗਾ। ਉਹ ਅੱਜ ਪਿੰਡ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਉਸਾਰੀ ਯਾਦਗਾਰ ਵਿਖੇ ਜਨਮ ਦਿਵਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਵਿਧਾਇਕ ਫੂਲਕਾ ਦਾ ਅਸਤੀਫ਼ਾ ਉਨਾਂ ਕੋਲ ਪਹੁੰਚ ਗਿਆ ਹੈ, ਜਿਸ ‘ਤੇ ਹਾਲੇ ਵਿਚਾਰ ਨਹੀਂ ਕੀਤਾ ਗਿਆ ਹੈ। ਇਸ ਨੂੰ ਮਨਜ਼ੂਰ ਕਰਨ ਤੋਂ ਪਹਿਲਾਂ ਉਹ ਅਸਤੀਫ਼ੇ ਨੂੰ ਤਕਨੀਕੀ ਤੌਰ ‘ਤੇ ਵਾਚਣਗੇ ਕਿ ਇਹ ਮਨਜੂਰ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।