ਹੁਣ ਵਿਦੇਸ਼ੀ ਲਾਉਣਗੇ ਪੰਜਾਬ ਦੀਆਂ ਮਿਰਚਾਂ ਦਾ ਤੜਕਾ

ਵਿਦੇਸ਼ਾਂ ਨੂੰ ਵੀ ਸਪਲਾਈ ਹੋਣਗੀਆਂ ਪੰਜਾਬ ਦੀਆਂ ਮਿਰਚਾਂ : ਜੌੜਾਮਾਜਰਾ

  • ਪੰਜਾਬ ਦੇ ਪਹਿਲੇ ਮਿਰਚਾਂ ਦੇ ਕਲਸਟਰ ਦਾ ਸਪੀਕਰ ਤੇ ਕੈਬਨਿਟ ਮੰਤਰੀ ਵੱਲੋਂ ਰਸਮੀ ਉਦਘਾਟਨ

(ਸਤਪਾਲ ਥਿੰਦ) ਫ਼ਿਰੋਜ਼ਪੁਰ। ਕਿਸਾਨਾਂ ਦੀ ਆਮਦਨ ਵਧਾਉਣ ਅਤੇ ਫ਼ਸਲੀ ਵਿਭਿੰਨਤਾ ਨੂੰ ਉਤਸਾਹਿਤ ਕਰਨ ਦੇ ਮੰਤਵ ਨਾਲ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮਿਰਚਾਂ ਦੇ ਕਿਸਾਨਾਂ ਲਈ, ਪਿੰਡ ਮਹਾਲਮ ਵਿਖੇ ਚਿਲੀ ਕਲੱਸਟਰ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪ੍ਰੋਜੈਕਟ ਫੇਜ ਦੇ ਪੜਾਅ-1 ਦੀ ਸੁਰੂਆਤ ਕੀਤੀ ਗਈ। (Peppers Of Ferozepur)

ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਨੇ ਇਸ ਚਿਲੀ ਕਲਸਟਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਮੁੱਲ ਲੜੀ ਵਿੱਚ ਵਧੀ ਹੋਈ ਕੁਸਲਤਾ ਅਤੇ ਤਕਨੀਕੀ ਏਕੀਕਰਣ ਘਰੇਲੂ ਅਤੇ ਅੰਤਰਰਾਸਟਰੀ ਬਾਜਾਰਾਂ ਵਿੱਚ ਉਪਜ ਦੀ ਦਿੱਖ ਨੂੰ ਹੋਰ ਸੁਧਾਰੇਗਾ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਵਿੱਚ ਮਿਰਚਾਂ ਦੀ ਪੈਦਾਵਾਰ ਲਗਭਗ 9,920 ਹੈਕਟੇਅਰ ਰਕਬੇ ਵਿੱਚੋਂ 19,963 ਮੀਟਰਕ ਟਨ ਹਰੀ ਮਿਰਚ ਦਾ ਉਤਪਾਦਨ ਹੁੰਦਾ ਹੈ। ਪੰਜਾਬ ਦੇ ਪ੍ਰਮੁੱਖ ਮਿਰਚ ਉਤਪਾਦਕ ਜ਼ਿਲ੍ਹੇ ਫ਼ਿਰੋਜ਼ਪੁਰ, ਪਟਿਆਲਾ, ਮਲੇਰਕੋਟਲਾ, ਸੰਗਰੂਰ, ਜਲੰਧਰ, ਤਰਨਤਾਰਨ, ਅੰਮਿ੍ਰਤਸਰ, ਐਸਬੀਐਸ ਨਗਰ ਅਤੇ ਹੁਸ਼ਿਆਰਪੁਰ ਹਨ।

ਪੰਜਾਬ ਦੇ ਕਿਸਾਨਾਂ ਨੂੰ ਮਿਰਚਾਂ ਦੇ ਉਤਪਾਦਨ ਤੋਂ ਹੋਵੇਗੀ ਕਰੋੜਾਂ ਦੀ ਆਮਦਨ

ਪੰਜਾਬ ਦੇ ਪਹਿਲੇ ਮਿਰਚਾਂ ਦੇ ਕਲਸਟਰ ਦਾ ਉਦਘਾਟਨ ਕਰਦੇ ਹੋਏ ਸਪੀਕਰ ਕੁਲਤਾਰ ਸੰਧਵਾਂ ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ। ਤਸਵੀਰ : ਜਗਦੀਪ ਸਿੰਘ

ਇਨ੍ਹਾਂ ਵਿੱਚੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਸਭ ਤੋਂ ਵੱਧ 1700 ਹੈਕਟੇਅਰ ਰਕਬੇ ਵਿੱਚ ਮਿਰਚਾਂ ਦੀ ਪੈਦਾਵਾਰ ਹੁੰਦੀ ਹੈ। ਇਸ ਤੋਂ ਬਾਅਦ 1195 ਹੈਕਟੇਅਰ ਨਾਲ ਜਲੰਧਰ ਅਤੇ 1106 ਹੈਕਟੇਅਰ ਨਾਲ ਤਰਨਤਾਰਨ ਦਾ ਨੰਬਰ ਆਉਂਦਾ ਹੈ। ਪੰਜਾਬ ਵਿੱਚ ਮਿਰਚ ਦੀ ਵੱਧ ਤੋਂ ਵੱਧ ਉਤਪਾਦਕਤਾ 19 ਮੀਟਰਿਕ ਟਨ/ਹੈਕਟੇਅਰ ਹੈ।

ਮਿਰਚ ਦੀ ਖੇਤੀ 8000 ਤੋਂ ਵੱਧ ਲੋਕਾਂ ਨੂੰ ਸਿੱਧੇ ਅਤੇ 16,000 ਤੋਂ ਵੱਧ ਲੋਕਾਂ ਨੂੰ ਅਸਿੱਧੇ ਤੌਰ ‘ਤੇ ਰੁਜਗਾਰ ਪ੍ਰਦਾਨ ਕਰਨ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਮਿਰਚ ਦੀ ਫਸਲ ਦਾ ਉਚਿਤ ਭਾਅ ਨਹੀਂ ਮਿਲਦਾ ਸੀ ਜਿਸ ਕਾਰਨ ਕਿਸਾਨ ਫਸਲੀ ਵਿਭਿੰਨਤਾ ਤੋਂ ਬੇਮੁੱਖ ਹੋ ਰਹੇ ਸਨ ਪਰ ਹੁਣ ਇਸ ਕਲੱਸਟਰ ਦੇ ਬਣਨ ਨਾਲ ਕਿਸਾਨਾਂ ਦੀ ਮਿਰਚ ਦੀ ਫਸਲ ਦਾ ਮੰਡੀਕਰਨ ਸਫਲ ਢੰਗ ਨਾਲ ਹੋ ਸਕੇਗਾ ਅਤੇ ਉਨ੍ਹਾਂ ਨੂੰ ਵਧੀਆ ਮੁਨਾਫਾ ਵੀ ਹੋਵੇਗਾ। ਮਿਰਚਾਂ ਦੇ ਇਸ ਕਲਸਟਰ ਦੇ ਉਦਘਾਟਨ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਖੁਦ ਪਿੰਡ ਅਟਾਰੀ ਦੇ ਖੇਤਾਂ ਵਿੱਚ ਜਾ ਕੇ ਕਿਸਾਨਾਂ ਤੋਂ ਮਿਰਚਾਂ ਦੀਆਂ ਵੱਖ-ਵੱਖ ਕਿਸਮਾਂ ਦੀ ਜਾਣਕਾਰੀ ਲਈ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।