ਕੋਟਲੀ ਕਲਾਂ ’ਚ ਬੱਚੇ ਦਾ ਗੋਲੀ ਮਾਰਕੇ ਕਤਲ ਮਾਮਲੇ ’ਚ 3 ਵਿਅਕਤੀਆਂ ਖਿਲਾਫ ਕੇਸ ਦਰਜ 

Mansa News

(ਸੁਖਜੀਤ ਮਾਨ) ਮਾਨਸਾ। ਜ਼ਿਲ੍ਹਾ ਮਾਨਸਾ ਦੇ ਪਿੰਡ ਕੋਟਲੀ ਕਲਾਂ ’ਚ ਮਾਸੂਮ 6 ਸਾਲਾ ਬੱਚੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਵੀਰਵਾਰ ਦੀ ਸ਼ਾਮ ਨੂੰ 8 ਵਜੇ ਦੇ ਕਰੀਬ ਵਾਪਰੀ। ਘਟਨਾ ਵਕਤ 6 ਸਾਲਾ ਬੱਚਾ ਉਦੈਵੀਰ ਸਿੰਘ ਆਪਣੇ ਪਿਤਾ ਜਸਪ੍ਰੀਤ ਸਿੰਘ ਅਤੇ 10 ਸਾਲਾ ਭੈਣ ਨਵਸੀਰਤ ਨਾਲ ਆਪਣੇ ਘਰ ਵੱਲ ਆ ਰਿਹਾ ਸੀ। (Mansa News) ਇਸ ਦੌਰਾਨ ਦੋ ਜਣੇ ਮੋਟਰਸਾਈਕਲ ’ਤੇ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਉਦੈਵੀਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦੋਂ  ਕਿ ਲੜਕੀ ਦੇ ਸ਼ਰਰੇ ਵੱਜਣ ਕਾਰਨ ਜਖਮੀ ਹੋ ਗਈ ਅਤੇ ਉਸ ਨੂੰ ਪੀਜੀਆਈ ਵਿਖੇ ਰੈਫਰ ਕਰ ਦਿੱਤਾ ਗਿਆ। ਥਾਣਾ ਸਦਰ ਪੁਲਿਸ ਨੇ ਇਸ ਮਾਮਲੇ ’ਚ ਦੋ ਸਕੇ ਭਰਾਵਾਂ ਅੰਮ੍ਰਿਤ ਸਿੰਘ ਅਤੇ ਸੇਵਕ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਚੰਨੀ ਪੁੱਤਰ ਜੰਟਾ ਖਿਲਾਫ ਕੇਸ ਦਰਜ ਕਰ ਲਿਆ ਹੈ।

ਇਸ ਘਟਨਾ ਸਬੰਧੀ ਜਸਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਕੋਟਲੀ ਕਲਾਂ ਨੇ ਥਾਣਾ ਸਦਰ ਪੁਲਿਸ ਕੋਲ ਆਪਣੇ ਬਿਆਨਾਂ ’ਚ ਦੱਸਿਆ ਹੈ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਅਨੁਸਾਰ ਸ਼ਰੀਕੇ ‘ਚ ਚਾਚੇ ਤਾਇਆਂ ਦੇ 6/7 ਘਰ ਹਨ, ਜਿਨ੍ਹਾਂ ਘਰਾਂ ‘ਚ ਬੱਚੇ ਅਕਸਰ ਇਕੱਠੇ ਖੇਡਦੇ ਹਨ। ਉਸਦੇ ਦੋ ਬੱਚੇ ਹਨ 10 ਸਾਲਾ ਵੱਡੀ ਲੜਕੀ ਨਵਸੀਰਤ ਕੌਰ ਅਤੇ ਛੋਟਾ 6 ਸਾਲਾ ਲੜਕਾ ਹਰਉਦੈਵੀਰ ਸਿੰਘ। ਦੋਨੋਂ 16 ਮਾਰਚ ਸ਼ਾਮ ਨੂੰ ਉਸਦੇ ਚਾਚੇ ਰੁਪਿੰਦਰ ਸਿੰਘ ਦੇ ਘਰ ਖੇਡ ਰਹੇ ਸਨ ਅਤੇ ਉਹ ਰੋਜਾਨਾ ਦੀ ਤਰ੍ਹਾਂ ਉਨ੍ਹਾਂ ਨੂੰ ਲੈਣ ਗਿਆ ਸੀ।

ਮੋਟਰਸਾਈਕਲ ‘ਤੇ ਆਏ ਸਨ ਕਾਤਲ

ਰੁਪਿੰਦਰ ਸਿੰਘ ਦੇ ਘਰੋਂ ਜਦ ਉਹ ਆ ਰਿਹਾ ਸੀ ਤਾਂ ਜਦੋਂ ਦੋਨੋਂ ਬੱਚਿਆਂ ਨਾਲ ਪਿੰਡ ਦੇ ਡਾਕਟਰ ਅਮਰੀਕ ਸਿੰਘ ਦੀ ਦੁਕਾਨ ਅੱਗੇ ਗਿਆ ਤਾਂ ਉੱਥੇ ਸਾਹਮਣੇ ਇਕ ਮੋਟਰਸਾਈਕਲ ਆਇਆ ਜਿਸ ‘ਤੇ ਦੋ ਨੌਜਵਾਨ ਸਵਾਰ ਸਨ। ਉਹ ਮੋਟਰਸਾਈਕਲ ਪਿਛੋਂ ਥੋੜ੍ਹੀ ਦੂਰ ਜਾ ਕੇ ਉਹਨਾਂ ਵੱਲ ਮੁੜ ਪਏ ਅਤੇ ਮੋਟਰਸਾਈਕਲ ’ਤੇ ਸਵਾਰ ਨੌਜਵਾਨਾਂ ਨੇ ਫਾਇਰ ਮਾਰਿਆ। ਇਹ ਸਿੱਧਾ ਉਦੈਵੀਰ ਸਿੰਘ ਦੇ ਪਿੱਛੇ ਵੱਜਿਆ। ਜਦ ਇਕ ਦਮ ਮੋਟਰਸਾਈਕਲ ਵੱਲ ਵੇਖਿਆ ਤਾਂ ਮੋਟਰਸਾਈਕਲ ਦੇ ਪਿੱਛੇ ਉਹਨਾਂ ਦੇ ਪਿੰਡ ਕੋਟਲੀ ਕਲਾਂ ਦੇ ਹੀ ਬਲਵੀਰ ਸਿੰਘ ਦਾ ਲੜਕਾ ਅੰਮਿ੍ਰਤ ਸਿੰਘ ਪਿੱਛੇ ਬੈਠਾ ਸੀ ਜਿਸ ਦੇ ਸੱਜੇ ਹੱਥ ਵਿਚ ਪਿਸਤੌਲ ਸੀ।

ਮੋਟਰਸਾਈਕਲ ਨੂੰ ਪਿੰਡ ਦਾ ਚੰਨੀ ਪੁੱਤਰ ਜੰਟਾ ਚਲਾ ਰਿਹਾ ਸੀ। ਫਾਇਰ ਵੱਜਣ ਨਾਲ ਨਵਸਿਰਤ ਕੌਰ ਦੇ ਚਿਹਰੇ ’ਤੇ ਵੀ ਸ਼ਰਰੇ ਲੱਗੇ। ਇਸ ਦੇ ਬਾਅਦ ਤੁਰੰਤ ਲੜਕੇ ਨੂੰ ਸੰਭਾਲਿਆ ਅਤੇ ਮੋਟਰਸਾਈਕਲ ਸਵਾਰ ਭੱਜ ਨਿਕਲੇ। ਇੰਨੇ ਵਿਚ ਹੀ ਰੌਲਾ ਪਾਉਣ ’ਤੇ ਉਸਦਾ ਤਾਇਆ ਸੁਖਵਿੰਦਰ ਸਿੰਘ ਵੀ ਆ ਗਿਆ ਜਿਸ ਨੇ ਲੜਕੀ ਨੂੰ ਸੰਭਾਲਿਆ। ਹਰਉਦੈਵੀਰ ਸਿੰਘ ਦੇ ਸਿਰ ’ਚੋਂ ਖੂਨ ਵਗ ਰਿਹਾ ਸੀ। ਉਸਨੇ ਤੁਰੰਤ ਲੜਕੇ ਨੂੰ ਚੁੱਕ ਕੇ ਅਤੇ ਉਸਦੇ ਤਾਏ ਨੇ ਲੜਕੀ ਨੂੰ ਸੰਭਾਲ ਕੇ ਕਾਹਲੀ ਕਾਹਲੀ ਘਰ ਵੱਲ ਭੱਜੇ।

 ਰੰਜਿਸ਼ ਨੂੰ ਲੈ ਕੇ ਕੀਤਾ ਹਮਲਾ

ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲੈ ਕੇ ਗਏ ਜਿੱਥੇ ਲੜਕੇ ਨੂੰ ਡਾਕਟਰਾਂ ਮ੍ਰਿਤਕ ਐਲਾਨ ਦਿੱਤਾ ਅਤੇ ਲੜਕੀ ਨੂੰ ਮੁੱਢਲੇ ਇਲਾਜ ਮਗਰੋਂ ਅੱਗੇ ਰੈਫਰ ਕਰ ਦਿੱਤਾ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅੰਮਿਤ ਦਾ ਭਰਾ ਸੇਵਕ ਸਿੰਘ ਜੋ ਉਸਦੇ ਚਾਚੇ ਸਤਨਾਮ ਸਿੰਘ ਦੇ ਪਾਲੀ ਰਲਿਆ ਹੋਇਆ ਹੈ। ਸਤਨਾਮ ਸਿੰਘ ਦੀ ਮੌਤ ਹੋ ਚੁੱਕੀ ਹੈ। ਇਸ ਘਟਨਾ ਨੂੰ ਉਸ ਅੰਮਿ੍ਰਤ ਸਿੰਘ ਤੇ ਚੰਨੀ ਦੁਆਰਾ ਇਸ ਲਈ ਅੰਜਾਮ ਦਿੱਤਾ ਗਿਆ ਕਿਉਂਕਿ ਅੰਮਿ੍ਰਤ ਸਿੰਘ ਦਾ ਭਰਾ ਸੇਵਕ ਸਿੰਘ ਨਾਬਾਲਗ ਲੜਕੀ ਨਾਲ ਗੱਲਤ ਹਰਕਤਾਂ ਕਰਦਾ ਸੀ। ਉਹ ਇਸ ਦਾ ਵਿਰੋਧ ਕਰਦਾ ਸੀ। ਇਸੇ ਰੰਜਿਸ਼ ਨੂੰ ਲੈ ਕੇ ਉਸ ’ਤੇ ਫਾਇਰ ਕੀਤਾ ਗਿਆ ਜੋ ਉਸ ਦੇ ਪੁੱਤਰ ਦੇ ਲੱਗ ਗਿਆ। ਪੁਲਿਸ ਨੇ ਅੰਮਿ੍ਰਤ ਸਿੰਘ, ਉਸਦੇ ਭਰਾ ਸੇਵਕ ਸਿੰਘ ਤੇ ਚੰਨੀ ਪੁੱਤਰ ਜੰਟਾ ਆਦਿ ਖਿਲ਼ਾਫ ਕੇਸ ਦਰਜ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।