ਤੂੜੀ ਦੇ ਰੌਲੇ ਦੀ ਸ਼ਿਕਾਇਤ ‘ਤੇ ਕਾਰਵਾਈ ਕਰਨ ਗਈ ਪੁਲਿਸ ‘ਤੇ ਚਲਾਈ ਗੋਲੀ

ਫਾਇਰਿੰਗ ਦੌਰਾਨ ਇੱਕ ਪੁਲਿਸ ਕਰਮੀ ਦੀ ਮੌਤ, ਦੋ ਜਖਮੀ, ਮੁਲਜ਼ਮ ਗ੍ਰਿਫ਼ਤਾਰ

ਮੋਗਾ (ਵਿੱਕੀ ਕੁਮਾਰ, ਭੁਪਿੰਦਰ ਸਿੰਘ) ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ‘ਚ ਤੂੜੀ ਨੂੰ ਅੱਗ ਲੱਗਣ ਦੇ ਮਾਮੂਲੀ ਝਗੜੇ ਦੀ ਸ਼ਿਕਾਇਤ ‘ਤੇ ਕਾਰਵਾਈ ਕਰਨ ਗਈ ਪੁਲਿਸ ਪਾਰਟੀ ਨਾਲ ਗਾਲ-ਗਲੋਚ ਤੋਂ ਬਾਅਦ ਇੱਕ ਸਿਰਫਿਰੇ ਨੇ ਗੋਲੀ ਚਲਾ ਦੇਣ ਕਾਰਨ ਇੱਕ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਅਤੇ ਦੋ ਹੋਰ ਪੁਲਿਸ ਮੁਲਾਜਮ ਜ਼ਖਮੀ ਹੋ ਗਏ ਜਿਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਪੁਲਿਸ ਨੇ ਮੁਲਜਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ 8 ਜੂਨ ਨੂੰ ਸ਼ਾਮ 7:30 ਵਜੇ ਪਿੰਡ ਖੋਸਾ ਪਾਂਡੋ, ਪੁਲਿਸ ਸਟੇਸ਼ਨ ਸਦਰ ਮੋਗਾ ਦੇ ਵਾਸੀ ਬਲਦੇਵ ਸਿੰਘ ਨੇ ਸ਼ਿਕਾਇਤ ਕੀਤੀ ਕਿ ਉਸਦੇ ਭਤੀਜੇ ਗੁਰਵਿੰਦਰ ਸਿੰਘ ਨੇ ਤੂੜੀ ਵਾਲੇ ਕਮਰੇ ਨੂੰ ਅੱਗ ਲਗਾ ਦਿੱਤੀ ਹੈ ਸ਼ਿਕਾਇਤ ਮਿਲਣ ‘ਤੇ ਡਿਊਟੀ ਅਫ਼ਸਰ ਏ.ਐਸ.ਆਈ ਬੂਟਾ ਸਿੰਘ ਮੌਕੇ ‘ਤੇ ਪਹੁੰਚੇ ਪ੍ਰੰਤੂ ਗੁਰਵਿੰਦਰ ਸਿੰਘ ਨੇ ਪੁਲਿਸ ਨੂੰ ਦਾਖਲ ਹੋਣ ਲਈ ਗੇਟ ਨਾ ਖੋਲ੍ਹਿਆ ਮੁਲਜ਼ਮ ਗੁਰਵਿੰਦਰ ਸਿੰਘ ਘਰ ਦੀ ਛੱਤ ‘ਤੇ ਲੁਕ ਗਿਆ ਜਿੱਥੋਂ ਉਸ ਨੇ ਪੁਆਇੰਟ 12 ਬੋਰ ਦੀ ਬੰਦੂਕ ਨਾਲ ਫਾਇਰ ਕਰਨ ਦੀ ਧਮਕੀ ਦਿੱਤੀ

ਐਸ.ਐਚ.ਓ. ਪੁਲਿਸ ਸਟੇਸ਼ਨ ਸਦਰ ਮੋਗਾ ਕਰਮਜੀਤ ਸਿੰਘ ਮੌਕੇ ‘ਤੇ ਹੋਰ ਵਧੇਰੇ ਫੋਰਸ ਨਾਲ ਪੁੱਜੇ, ਪ੍ਰੰਤੂ ਮੁਲਜ਼ਮ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਐਸ.ਪੀ.(ਆਈ.) ਹਰਿੰਦਰਪਾਲ ਸਿੰਘ ਪਰਮਾਰ, ਡੀਐਸ.ਪੀ. (ਆਈ) ਜੰਗਜੀਤ ਸਿੰਘ ਅਤੇ ਡੀ.ਐਸ.ਪੀ. ਸਿਟੀ ਬਰਜਿੰਦਰ ਸਿੰਘ ਵੀ ਮੌਕੇ ‘ਤੇ ਪਹੁੰਚੇ ਤੇ ਮੁਲਜ਼ਮ ਨੂੰ ਸ਼ਾਂਤ ਕਰਨ ਦੀ ਕੋਸ਼ਿਸ ਕੀਤੀ ਤਾਂ ਉਸ ਨੇ ਫਾਇਰਿੰਗ ਕਰ ਦਿੱਤੀ

ਜਿਸ ਕਾਰਨ ਗੋਲੀ ਲੱਗਣ ‘ਤੇ ਕਾਂਸਟੇਬਲ ਜਗਮੋਹਨ ਸਿੰਘ ਦੀ ਮੌਤ ਹੋ ਗਈ ਤੇ ਦੋ ਹੋਰ ਪੁਲਿਸ ਮੁਲਾਜਮ ਵੀ ਜ਼ਖਮੀ ਹੋ ਗਏ ਜਿੰਨ੍ਹਾਂ ਵਿੱਚ ਇੰਚਾਰਜ ਸੀ.ਆਈ.ਏ. ਮੋਗਾ ਇੰਸਪੈਕਟਰ ਤਰਲੋਚਨ ਸਿੰਘ ਅਤੇ ਹੈੱਡ ਕਾਂਸਟੇਬਲ ਵੇਦਮ ਸਿੰਘ 206/ਮੋਗਾ ਸ਼ਾਮਿਲ ਹਨ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਮਨਬੀਰ ਸਿੰਘ ਗਿੱਲ ਵੀ ਮੌਕਾ ਏ ਵਾਰਦਾਤ ‘ਤੇ ਪੁੱਜੇ ਇਸ ਦੌਰਾਨ ਮੁਲਜ਼ਮ ਵੱਲੋਂ ਪੁਲਿਸ ਪਾਰਟੀ ‘ਤੇ ਫਾਇਰਿੰਗ ਜਾਰੀ ਰਹੀ

ਉਨ੍ਹਾਂ ਦੱਸਿਆ ਕਿ ਅਗਲੇ ਦਿਨ 9 ਜੂਨ ਨੂੰ ਸਵੇਰੇ 4 ਵਜੇ ਗੁਰਵਿੰਦਰ ਸਿੰਘ ਨੇ ਆਪਣੇ ਘਰ ਦਾ ਗੇਟ ਤੋੜਦੇ ਹੋਏ ਟਾਟਾ ਸਫਾਰੀ ਗੱਡੀ ਨੰਬਰ ਪੀ.ਬੀ. 05 0117 ਵਿੱਚ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰਦੇ ਹੋਏ ਫਰਾਰ ਹੋਣ ਦੀ ਕੋਸ਼ਿਸ ਕੀਤੀ ਜਿਸ ‘ਤੇ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਜਿਸ ਕਾਰਣ ਮੁਲਜ਼ਮ ਜਖਮੀ ਹੋ ਗਿਆ ਜਖਮੀ ਹਾਲਤ ‘ਚ ਮੁਲਜ਼ਮ ਪਿੰਡ ਪੰਡੋਰੀ ਖੱਤਰੀ, ਪੁਲਿਸ ਸਟੇਸ਼ਨ ਜੀਰਾ ਪਹੁੰਚਿਆ ਜਿੱਥੇ ਉਸ ਨੇ ਆਪਣੀ ਸਫਾਰੀ ਗੱਡੀ ਛੱਡ ਦਿੱਤੀ

ਆਸ ਪਾਸ ਦੇ ਲੋਕਾਂ ਨੇ ਉਸ ਨੂੰ 108 ਐਬੂਲੈਸ ਰਾਹੀਂ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਮੁਲਜ਼ਮ ਨੂੰ ਲੱਭਦੀ ਹੋਈ ਪੁਲਿਸ ਪਾਰਟੀ ਸਿਵਲ ਹਸਪਤਾਲ ਮੋਗਾ ਪਹੁੰਚੀ ਜਿੱਥੇ ਉਸਤੋਂ ਵਾਰਦਾਤ ਵਿੱਚ ਵਰਤੀ ਗਈ ਬੰਦੂਕ ਮਿਲੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੁਲਜ਼ਮ ਗੁਰਵਿੰਦਰ ਸਿੰਘ ਖਿਲਾਫ ਐਫ.ਆਈ.ਆਰ. ਨੰਬਰ 67 ਅੰਡਰ ਸੈਕਸ਼ਨ 302, 307, 353, 186 ਆਈ.ਪੀ.ਸੀ. ਅਤੇ 25-27 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜ਼ਖਮੀ ਇੰਸਪੈਕਟਰ ਤ੍ਰਿਲੋਚਨ ਸਿੰਘ ਅਤੇ ਹੈੱਡ ਕਾਂਸਟੇਬਲ ਵੇਦਮ ਸਿੰਘ ਦਾ ਇਲਾਜ਼ ਡੀ.ਐਮ.ਸੀ ਲੁਧਿਆਣਾ ਵਿਖੇ ਚੱਲ ਰਿਹਾ ਹੈ

ਸ਼ਹੀਦ ਪੁਲਿਸ ਮੁਲਾਜਮ ਦਾ ਕੀਤਾ ਅੰਤਿਮ ਸਸਕਾਰ

ਇਸ ਘਟਨਾ ‘ਚ ਸ਼ਹੀਦ ਹੋਏ ਜਗਮੋਹਨ ਸਿੰਘ ਦਾ ਅੰਤਿਮ ਸਸਕਾਰ ਪਿੰਡ ਮਾਣੂੰਕੇ ਵਿਖੇ ਪੁਲਿਸ ਦੇ ਨਿਯਮਾਂ ਅਨੁਸਾਰ ਕੀਤਾ ਗਿਆ ਜਿਸ ਵਿੱਚ ਸਪੈਸ਼ਲ ਡੀ.ਜੀ.ਪੀ. ਪੰਜਾਬ ਆਰਮਡ ਫੋਰਸ ਸ੍ਰੀ ਆਈ.ਪੀ.ਐਸ. ਸਹੋਤਾ ਨੇ ਡੀ.ਜੀ.ਪੀ. ਪੰਜਾਬ ਵੱਲੋਂ ਸ਼ਰਧਾਂਜਲੀ ਦਿੱਤੀ ਇਸ ਮੌਕੇ ਆਈ.ਜੀ. ਫਰੀਦਕੋਟ ਰੇਂਜ ਸ੍ਰੀ ਕੌਸਤੁਭ ਸ਼ਰਮਾ ਅਤੇ ਐਸ.ਐਸ.ਪੀ. ਸ੍ਰੀ ਹਰਮਨਬੀਰ ਸਿੰਘ ਗਿੱਲ ਵੀ ਹਾਜ਼ਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।