ਭਦੌੜ, (ਸੱਚ ਕਹੂੰ ਨਿਊਜ਼)। ਪਿੰਡ ਰਾਮਗੜ੍ਹ ਵਿਖੇ ਦਲਿਤ ਬਸਤੀ ਵਿੱਚ ਜੀਓ ਕੰਪਨੀ ਵੱਲੋਂ ਲਗਾਏ ਜਾ ਰਹੇ ਮੋਬਾਇਲ ਟਾਵਰ ਦਾ ਪਿਛਲੇ ਕਈ ਦਿਨਾਂ ਤੋਂ ਹੋ ਰਿਹਾ ਵਿਰੋਧ ਅੱਜ ਉਸ ਸਮੇਂ ਨਵਾਂ ਮੋੜ ਲੈ ਕੇ ਭੜਕ ਗਿਆ, ਜਦੋਂ ਵਿਰੋਧ ਦੀ ਅਗਵਾਈ ਕਰ ਰਹੇ ਦੋ ਵਿਅਕਤੀਆਂ ਗੁਰਮੇਲ ਸਿੰਘ ਅਤੇ ਜਸਵੰਤ ਸਿੰਘ ਨੂੰ ਟੱਲੇਵਾਲ ਪੁਲਿਸ ਨੇ ਚੁੱਕ ਲਿਆ ਅਤੇ ਦੇਖਦਿਆਂ ਹੀ ਦੇਖਦਿਆਂ ਪਿੰਡ ਰਾਮਗੜ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਥਾਣਾ ਭਦੌੜ ਦੇ ਐਸ.ਐਚ.ਓ. ਪ੍ਰਗਟ ਸਿੰਘ, ਥਾਣਾ ਟੱਲੇਵਾਲ ਦੇ ਐਸ.ਐਚ.ਓ. ਜਗਜੀਤ ਸਿੰਘ ਅਤੇ ਥਾਣਾ ਸ਼ਹਿਣਾ ਦੇ ਐਸ.ਐਚ.ਓ. ਗੌਰਵਬੰਸ ਸਿੰਘ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਪੁਲਿਸ ਪੁੱਜ ਗਈ।
ਜਾਣਕਾਰੀ ਅਨੁਸਾਰ ਦਲਿਤ ਮੁਹੱਲੇ ਵਿੱਚ ਲੱਗ ਰਹੇ ਉਕਤ ਟਾਵਰ ਦਾ ਲੋਕਾਂ ਵੱਲੋਂ ਇਸ ਕਰਕੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਸ ਵਿੱਚੋਂ ਨਿਕਲਣ ਵਾਲੀਆਂ ਕਿਰਨਾਂ ਦਾ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ ਅੱਜ ਜੀਓ ਕੰਪਨੀ ਨੇ ਟਾਵਰ ਦਾ ਕੰਮ ਸ਼ੁਰੂ ਕਰਨਾ ਸੀ, ਜਿਸ ਦੌਰਾਨ ਚੱਲਦਿਆਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਲੋਕ ਭੜਕ ਉੱਠੇ ਅਤੇ ਲੋਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਰੈਲੀ ਕੱਢੀ।
ਇਹ ਵੀ ਪੜ੍ਹੋ : IND vs WI 1st Test : ਟੀਮ ਇੰਡੀਆ ਮਜ਼ਬੂਤ ਸਥਿਤੀ ’ਚ, ਤੀਜੇ ਦਿਨ ਦੀ ਖੇਡ ਸ਼ੁਰੂ
ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਮਜਦੂਰ ਯੂਨੀਅਨ ਦੇ ਜਗਰਾਜ ਟੱਲੇਵਾਲ, ਹਰਬੰਸ ਬਿਲਾਸਪੁਰ, ਮਜਦੂਰ ਮੁਕਤੀ ਮੋਰਚੇ ਦੇ ਹਰਮਨਦੀਪ ਹਿੰਮਤਪੁਰਾ, ਪੰਜਾਬ ਸਟੂਡੈਂਟ ਯੂਨੀਅਨ ਮਨਵੀਰ ਬੀਹਲਾ ਨੇ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਚਲਾਉਣ ਵਾਲੀ ਕੈਪਟਨ ਸਰਕਾਰ ਜੀਓ ਕੰਪਨੀ ਨੂੰ ਦਲਿਤ ਵਸੋਂ ਦੇ ਨੇੜੇ ਚਲਾਉਣ ਤੋਂ ਰੋਕ ਲਾਉਣ ਤੋਂ ਪਾਸਾ ਕਿਉਂ ਵੱਟ ਰਹੀ ਹੈ ਅਤੇ ਕੰਪਨੀ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਟਾਵਰ ਲਗਾਉਣ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ, ਜੋ ਸਿਰੇ ਨਹੀਂ ਲੱਗਣ ਦਿੱਤੀਆਂ ਜਾਣਗੀਆਂ ਇਸ ਮੌਕੇ ਬੁਲਾਰਿਆਂ ਨੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਦੀ ਰਿਹਾਈ ਦੀ ਤੁਰੰਤ ਮੰਗ ਕੀਤੀ।
ਜਦੋਂ ਇਸ ਸਬੰਧੀ ਥਾਣਾ ਟੱਲੇਵਾਲ ਦੇ ਐਸ.ਐਚ.ਓ. ਜਗਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਜਿਸਟਰੇਟ ਦੇ ਹੁਕਮਾਂ ਸਦਕਾ ਅੱਜ ਕੰਪਨੀ ਨੇ ਟਾਵਰ ਦਾ ਕੰਮ ਚਲਾਉਣਾ ਸੀ ਪ੍ਰੰਤੂ ਵਿਰੋਧ ਹੋਣ ਕਾਰਨ ਕੰਮ ਰੋਕ ਦਿੱਤਾ ਗਿਆ ਹੈ ਅਤੇ ਦੋਵੇਂ ਗ੍ਰਿਫਤਾਰ ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ।