ਨਿਵੇਸ਼ਕਾਂ ਦਾ ਪੈਸਾ ਵਾਪਸ ਨਾ ਕਰਨ ‘ਤੇ ਪਰਲ ਕੰਪਨੀ ਦੇ ਏਜੰਟ ਨੇ ਕੀਤੀ ਖੁਦਕੁਸ਼ੀ

Pearls Company, Suicide, NGO

ਕੰਪਨੀ ਮਾਲਕ ‘ਤੇ ਕੀਤਾ ਜਾਵੇ ਇਰਾਦਾ ਕਤਲ ਦਾ ਮਾਮਲਾ ਦਰਜ: ਦਾਨਗੜ੍ਹ

ਧਨੌਲਾ: ਪਿੰਡ ਕੁੱਬੇ ਵਿਖੇ ਆਪਣੇ ਅਤੇ ਲੋਕਾਂ ਦੇ ਪਰਲ ਕੰਪਨੀ ਵਿੱਚ ਲਗਵਾਏ ਪੈਸੇ ਵਾਪਸ ਨਾ ਆਉਣ ਤੋ ਪ੍ਰੇਸ਼ਾਨ ਇੱਕ ਵਿਅਕਤੀ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰੂੜੇਕੇ ਕਲਾਂ ਦੇ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕੁੱਬੇ ਵੱਲੋਂ ਪਰਲ ਕੰਪਨੀ ਵਿੱਚ ਲਾਏ ਅਤੇ ਲਗਵਾਏ ਪੈਸੇ ਵਾਪਸ ਨਾ ਕੀਤੇ ਜਾਣ ਕਾਰਨ ਦੁਖੀ ਸੀ। ਜਿਸ ਨੇ ਕੋਟਲਾ ਬਰਾਂਚ ਦੀ ਹਰੀਗੜ੍ਹ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਨੇ ਲੋਕਾਂ ਦਾ ਪਰਲ ਕੰਪਨੀ ‘ਚ 30-35 ਲੱਖ ਰੁਪਏ ਦੇ ਕਰੀਬ ਪੈਸਾ ਲਗਵਾਇਆ ਹੋਇਆ ਸੀ। ਜਿਸ ਤੋ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ। ਮ੍ਰਿਤਕ ਦੇ ਸਾਲੇ ਕੁਲਦੀਪ ਸਿੰਘ ਦੇ ਬਿਆਨਾ ਦੇ ਅਧਾਰ ‘ਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਇੱਕ ਦਸ ਸਾਲ ਦੀ ਲੜਕੀ ਅਤੇ ਪੰਜ ਮਹੀਨਿਆਂ ਦਾ ਲੜਕਾ ਛੱਡ ਗਿਆ ਹੈ।

ਇਸ ਸਬੰਧੀ ਚਿਟਫੰਡ ਕੰਪਨੀਆਂ ਖਿਲਾਫ ਸੰਘਰਸ਼ ਕਰ ਰਹੀ ਐਨ.ਜੀ.ਓ ‘ਇਨਸਾਫ ਦੀ ਅਵਾਜ’ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਪਰਲ ਕੰਪਨੀ ਵਿੱਚ ਪੈਸੇ ਲਗਵਾਏ ਹੋਏ ਹਨ। ਉਹ ਅਜਿਹੇ ਰਸਤਿਆਂ ‘ਤੇ ਨਾ ਤੁਰਨ ਸਗੋਂ ਜਥੇਬੰਦੀ ਦਾ ਸਾਥ ਦੇ ਕੇ ਸੰਘਰਸ ਕਰਨ ਤਾਂ ਜੋ ਕੰਪਨੀ ਤੋਂ ਪੈਸੇ ਦਿਵਾਏ ਜਾ ਸਕਣ। ਦਾਨਗੜ੍ਹ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਪਰਲ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਅਤੇ ਉਨ੍ਹਾਂ ਨਾਲ ਜਿੰਮੇਵਾਰ ਵਿਆਕਤੀਆ ‘ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।