ਮੁੜ ਭਖਣ ਲੱਗਾ ਪੀਏਯੂ ਦਾ ਜ਼ਿਣਸੀ ਸੋਸ਼ਣ ਮਾਮਲਾ : ਪ੍ਰੋਫੈਸਰ ਤੇ ਵਿਦਿਆਰਥੀ ਹੋਏ ਆਹਮੋਂ- ਸਾਹਮਣੇ

Punjabi Agriculture University
ਲੁਧਿਆਣਾ ਵਿਖੇ ਧਰਨੇ ਸਾਹਮਣੇ ਹੀ ਰੋਸ ਪ੍ਰਗਟਾਉਂਦੇ ਹੋਏ ਵਿਦਿਆਰਥੀ ਐਸੋਸੀਏਸ਼ਨ ਦੇ ਆਗੂ।

 ਪ੍ਰੋਫੈਸਰਾਂ ਦੇ ਧਰਨੇ ਦੇ ਸਾਹਮਣੇ ਵਿਰੋਧ ਵਜੋਂ ਵਿਦਿਆਰਥੀਆਂ ਖੇਡਿਆਂ ਨੁੱਕੜ ਨਾਟਕ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ (Punjabi Agriculture University) ਵਿਖੇ ਵਾਪਰਿਆ ਜਿਨਸ਼ੀ ਸੋਸ਼ਣ ਮਾਮਲਾ ਪੀਏਯੂ ਟੀਚਰਜ਼ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਧਰਨੇ ਕਾਰਨ ਮੁੜ ਭਖ ਗਿਆ ਹੈ। ਜਿੱਥੇ ਧਰਨੇ ਦੇ ਸਾਹਮਣੇ ਹੀ ਪੀਏਯੂ ਸਟੂਡੈਂਟਸ ਐਸੋਸੀਏਸ਼ਨ ਨੇ ਨੁੱਕੜ ਨਾਟਕ ਖੇਡ ਕੇ ਧਰਨਾਕਾਰੀਆਂ ਦੀ ਇੱਕ ਮੰਗ ਦਾ ਵਿਰੋਧ ਕੀਤਾ। ਜਿਸ ਤੋਂ ਸਾਬਤ ਹੋ ਰਿਹਾ ਹੈ ਕਿ ਅਸਿੱਧੇ ਰੂਪ ਵਿੱਚ ਹੀ ਸਹੀ ਟੀਚਰ ਤੇ ਸਟੂਡੈਂਟ ਆਹਮੋਂ- ਸਾਹਮਣੇ ਹੋ ਗਏ ਹਨ।

ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ ਦੀ ਅਗਵਾਈ ਹੇਠ ਪੀਏਯੂ ਟੀਚਰਜ਼ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਧਰਨੇ ਵਿੱਚ ਪ੍ਰੋਫੈਸਰਾਂ ਦਾ ਸੋਧੇ ਹੋਏ ਭੱਤੇ ਅਤੇ ਹੋਰ ਰਾਜ ਯੂਨੀਵਰਸਿਟੀਆਂ ਦੇ ਬਰਾਬਰ ਤਨਖ਼ਾਹ ਸਕੇਲਾਂ ਨੂੰ ਲਾਗੂ ਕਰਨ ਆਦਿ ਤੋਂ ਇਲਾਵਾ ਅਧਿਆਪਕਾਂ ਦੇ ਮਾਣ-ਸਨਮਾਨ ਨੂੰ ਬਹਾਲ ਰੱਖਣ ਦੀ ਮੰਗ ਨੂੰ ਉਭਾਰਿਆ ਗਿਆ ਤੇ ਮੰਗਾਂ ਦੇ ਹੱਲ ਲਈ ਚਾਰਾਜੋਈ ਤੇਜ਼ ਕਰਨ ’ਤੇ ਵਿਚਾਰਾਂ ਕੀਤੀਆਂ ਗਈਆਂ।

ਦੂਜੇ ਪਾਸੇ ਧਰਨੇ ਦੇ ਸਾਹਮਣੇ ਹੀ ਪੀਏਯੂ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਪ੍ਰਧਾਨ ਬਬਨਪ੍ਰੀਤ ਸਿੰਘ ਦੀ ਅਗਵਾਈ ’ਚ ਨੁੱਕੜ ਨਾਟਕ ਖੇਡ ਕੇ ਧਰਨਾਕਾਰੀਆਂ ਦੀ ਸੱਤ ਵਿੱਚੋਂ ਇੱਕ ਮੰਗ ਦੇ ਵਿਰੋਧ ’ਚ ਆਪਣਾ ਰੋਸ ਜਤਾਇਆ ਗਿਆ। ਦੋਵੇਂ ਐਸੋਸੀਏਸ਼ਨਾਂ ਦੇ ਵੱਖ-ਵੱਖ ਆਗੂਆਂ ਵੱਲੋਂ ਆਪੋ ਆਪਣੇ ਪੱਖ ਰੱਖ ਕੇ ਜਿਣਸ਼ੀ ਸੋਸ਼ਣ ਮਾਮਲੇ ’ਚ ਮੀਡੀਆ ਸਾਹਮਣੇ ਸਫ਼ਾਈਆਂ ਦਿੱਤੀਆਂ ਗਈਆਂ। ਪੀਏਯੂ ਟੀਚਰਜ਼ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਪੀਏਯੂ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਖੁਸ਼ ਕਰਨ ਲਈ ਉਨਾਂ ਦੇ ਦਬਾਅ ਹੇਠ ਪ੍ਰੋਫੈਸਰ ਵਿਰੋਧੀ ਫੈਸਲੇ ਲੈ ਰਿਹਾ ਹੈ। ਜਿਸ ਨਾਲ ਉਨਾਂ ਦੇ ਮਾਣ- ਸਨਮਾਨ ਨੂੰ ਠੇਸ ਪੁੱਜੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। (Punjabi Agriculture University)

ਇਹ ਵੀ ਪੜ੍ਹੋ : ਸੁਨਾਮ ‘ਚ ਰਾਹਗੀਰਾਂ ਤੋਂ ਫ਼ੋਨ ਝਪਟਣ ਦੀਆਂ ਵਾਰਦਾਤਾਂ ਜਾਰੀ

ਦੂਜੇ ਪਾਸੇ ਸਟੂਡੈਂਟਸ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਸਭ ਮੰਗਾਂ ਨਾਲ ਉਨਾਂ ਦੀ ਹਮਾਇਤ ’ਚ ਹਨ, ਸਿਵਾਏ ਇੱਕ ਤੋਂ। ਜਿਸ ’ਚ ਧਰਨਾਕਾਰੀ ‘ਅਧਿਆਪਕਾਂ ਦੇ ਮਾਣ- ਸਨਮਾਨ’ ਦਾ ਹਵਾਲਾ ਦਿੰਦੇ ਹੋਏ ਸਪੱਸ਼ਟ ਤੌਰ ’ਤੇ ਜਿਣਸ਼ੀ ਸੋਸ਼ਣ ਮਾਮਲੇ ਵਿੱਚ ਮੁਅੱਤਲ ਕੀਤੇ ਗਏ ਅਧਿਆਪਕ ਦੇ ਪੱਖ ’ਚ ਖੜਦੇ ਦਿਖਾਈ ਦੇ ਰਹੇ ਹਨ। ਜਦੋਂਕਿ ਪੀਏਯੂ ਪ੍ਰਸ਼ਾਸਨ ਵੱਲੋਂ ਕਿਸੇ ਦੇ ਵੀ ਦਬਾਅ ’ਚ ਫੈਸਲਾ ਨਾ ਲੈ ਕੇ ਗਲਤ ਨੂੰ ਗਲਤ ਕਹਿੰਦਿਆਂ ਕਥਿੱਤ ਦੋਸ਼ੀ ਪ੍ਰੋਫੈਸਰ ਨੂੰ ਮੁਅੱਤਲ ਕੀਤਾ ਗਿਆ ਹੈ।

Punjabi Agriculture University
ਪੀਏਯੂ ਲੁਧਿਆਣਾ ਵਿਖੇ ਥਾਪਰ ਹਾਲ ਦੇ ਮੂਹਰੇ ਪੀਏਯੂ ਟੀਚਰਜ਼ ਐਸੋਸੀਏਸ਼ਨ ਦੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਇੱਕ ਆਗੂ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਯੂਨੀਵਰਸਿਟੀ ਦੀਆਂ ਦੋ ਵਿਦਿਆਰਥਣਾਂ ਵੱਲੋਂ ਕੀਟ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਯੁਵਰਾਜ ਸਿੰਘ ਪਾਂਧਾ ’ਤੇ ਕਥਿੱਤ ਜਿਣਸ਼ੀ ਸੋਸ਼ਣ ਦੇ ਦੋਸ਼ ਲੱਗੇ ਸਨ। ਜਿਸ ’ਚ ਪੀਏਯੂ ਪ੍ਰਸ਼ਾਸਨ ਵੱਲੋਂ ਪਹਿਲਾਂ ਪ੍ਰੋਫ਼ੈਸਰ ਪਾਂਧਾ ਦੀ ਕਪੂਰਥਲਾ ਵਿਖੇ ਬਦਲੀ ਅਤੇ ਬਾਅਦ ’ਚ ਪੀਏਯੂ ਸਟੂਡੈਂਟ ਯੂਨੀਅਨ ਦੇ ਆਗੂਆਂ ਵੱਲੋਂ ਦਿੱਤੇ ਗਏ 72 ਘੰਟਿਆਂ ਦੇ ਅਲਟੀਮੇਟਮ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਮਾਮਲਾ ਠੰਢਾ ਹੋ ਗਿਆ ਸੀ ਪਰ ਪੀਏਯੂ ਟੀਚਰਜ਼ ਐਸੋਸੀਏਸ਼ਨ ਵੱਲੋਂ ਆਪਣੀਆਂ ਵੱਖ-ਵੱਖ 7 ਮੰਗਾਂ ਦਾ ਜ਼ਿਕਰ ਕਰਦਿਆਂ ਆਪਣੇ ਟੀਚਰ ਭਾਈਚਾਰੇ ਨੂੰ ਇੱਕ ਮੇਲ ਕਰਕੇ ਧਰਨੇ ਦੇ ਉਲੀਕੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਗਈ ਸੀ। ਸਟੂਡੈਂਟ ਯੂਨੀਅਨ ਆਗੂਆਂ ਮੁਤਾਬਕ ਇਸ ਮੇਲ ’ਚ ਹੋਰਨਾਂ ਮੰਗਾਂ ਸਮੇਤ ਪੀਏਯੂ ਟੀਚਰਜ਼ ਐਸੋਸੀਏਸ਼ਨ ਨੇ ਸਭ ਤੋਂ ਪਹਿਲੀ ਮੰਗ ‘ਅਧਿਆਪਕਾਂ ਦੇ ਮਾਣ- ਸਨਮਾਨ’ ਦਾ ਜ਼ਿਕਰ ਕੀਤਾ ਹੈ ਜੋ ਉਨਾਂ ਦੇ ਸ਼ਰੇਆਮ ਮੁਅੱਤਲ ਕੀਤੇ ਗਏ ਪ੍ਰੋਫ਼ੈਸਰ ਦੇ ਹੱਕ ’ਚ ਖੜੇ ਹੋਣ ਦਾ ਸੰਕੇਤ ਦੇ ਰਹੀ ਹੈ।

‘ਪਹਿਲੀ ਮੰਗ ’ਤੇ ਸਟੈਂਡ ਸਪੱਸ਼ਟ ਕਰੋ’ (Punjabi Agriculture University)

ਪੀਏਯੂ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਬਬਨਪ੍ਰੀਤ ਸਿੰਘ ਨੇ ਕਿਹਾ ਕਿ ਪ੍ਰੋਫੈਸਰਾਂ ਦੀਆਂ ਹੋਰ ਸਾਰੀਆਂ ਮੰਗਾਂ ’ਤੇ ਉਹ ਉਨਾਂ ਦੀ ਹਮਾਇਤ ’ਚ ਹਨ ਪਰ ਮੇਲ ਵਾਲੀ ਪਹਿਲੀ ‘ਅਧਿਆਪਕਾਂ ਦੇ ਮਾਣ- ਸਨਮਾਨ’ ਵਾਲੀ ਮੰਗ ’ਤੇ ਪ੍ਰੋਫੈਸਰ ਆਪਣਾ ਸਟੈਂਡ ਸਪੱਸ਼ਟ ਕਰਨ ਕਿ  ਉਹ ਜਿਣਸ਼ੀ ਸੋਸ਼ਣ ਕਰਨ ਵਾਲੇ ਪ੍ਰੋਫੈਸਰ ਦੇ ਨਾਲ ਹਨ। ਜਿਸ ਨੂੰ ਪੀਏਯੂ ਪ੍ਰਸ਼ਾਸਨ ਨੇ ਕਿਸੇ ਦੇ ਦਬਾਅ ਹੇਠ ਨਹੀਂ ਬਲਕਿ ਬਣਦੀ ਕਾਰਵਾਈ ਤਹਿਤ ਹੀ ਮੁਅੱਤਲ ਕੀਤਾ ਹੈ। ਐਗਰੀਕਲਚਰ ਸਟੂਡੈਂਟ ਐਸੋਸੀਏਸ਼ਨ ਪੰਜਾਬ ਦੇ ਸੂਬਾ ਆਗੂ ਅੰਗਰੇਜ ਸਿੰਘ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਨਾਲ ਧੱਕਾ ਬਰਦਾਸ਼ਤ ਨਹੀ। ਪ੍ਰੋਫੈਸਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਮਾੜੀ ਸੋਚ ਰੱਖਣ ਵਾਲੇ ਅਧਿਆਪਕਾਂ ਦੇ ਪੱਖ ’ਚ ਨਾ ਖੜਨ।

‘ਆਪਣੀਆਂ ਮੰਗਾਂ ਲਈ ਦਿੱਤਾ ਧਰਨਾ’

ਪੀਏਯੂ ਟੀਚਰਜ਼ ਐਸੋਸੀਏਸ਼ਨ ਦੇ ਸੈਕਟਰੀ ਮਨਦੀਪ ਸਿੰਘ ਨੇ ਕਿਹਾ ਕਿ ਉਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਹੈ ਨਾ ਕਿ ਕਿਸੇ ਵਿਸ਼ੇਸ਼ ਦੇ ਹੱਕ ਵਿੱਚ। ਜਿੱਥੋਂ ਤੱਕ ਮੇਲ ’ਚ ਅਧਿਆਪਕਾਂ ਦੇ ਮਾਣ- ਸਨਮਾਨ ਦੇ ਮੰਗ ਦੀ ਗੱਲ ਹੈ ਤਾਂ ਉਹ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ। ਜਿਸ ’ਚ ਅਧਿਆਪਕਾਂ ਦਾ ਮਾਣ- ਸਨਮਾਨ ਬਰਕਰਾਰ ਰਹਿਣਾ ਜ਼ਰੂਰੀ ਹੈ। ਉਨਾਂ ਕਿਹਾ ਕਿ ਜਿਹੜੇ ਉਨਾਂ ਦਾ ਵਿਰੋਧ ਕਰ ਰਹੇ ਹਨ ਉਹ ਯੂਨੀਵਰਸਿਟੀ ਦੇ ਵਿਦਿਆਰਥੀ ਹੀ ਨਹੀਂ ਹਨ। ਉਨਾਂ ਕਿਹਾ ਕਿ ਵਿਦਿਆਰਥੀ ਪ੍ਰਤੀ ਇੱਕ ਅਧਿਆਪਕ ਦੇ ਫ਼ਰਜਾਂ ਦੇ ਉਲਟ ਚੱਲਣ ਵਾਲੇ ਦੇ ਉਹ ਜਾਂ ਉਨਾਂ ਦੀ ਐਸੋਸੀਏਸ਼ਨ ਬਿਲਕੁੱਲ ਵੀ ਪੱਖ ਨਹੀਂ ਹਨ।