ਗੋਰਖ਼ੁਪਰ ਦੇ ਹਸਪਤਾਲ ਵਿੱਚ 26 ਬੱਚਿਆਂ ਸਮੇਤ 63 ਮੌਤਾਂ

Patient, Died, BRD Medical Collage, CM, Yogi Adityanath

ਗੋਰਖ਼ਪੁਰ: ਯੂਪੀ ਦੇ ਮੁੱਖ ਮੰਤਰੀ ਯੋਗੀ ਅੱਦਿਤਿਆਨਾਥ ਦੇ ਹਲਕੇ ਗੋਰਖਪੁਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ 2 ਦਿਨਾਂ ਵਿੱਚ 26 ਬੱਚਿਆਂ ਸਮੇਤ 63 ਮਰੀਜ਼ਾਂ ਦੀ ਮੌਤ ਹੋ ਗਈ, ਕਿਉਂਕਿ ਪੇਮੈਂਟ ਰੁਕਣ ਕਾਰਨ ਆਕਸੀਜਨ ਦੇਣ ਵਾਲੀ ਕੰਪਨੀ ਨੇ ਇੱਥੇ ਸਪਲਾਈ ਹੀ ਬੰਦ ਕਰ ਦਿੱਤੀ। ਦਰਅਸਲ, ਬੀਆਰਡੀ ਮੈਡੀਕਲ ਕਾਲਜ ਛੇ ਮਹੀਨਿਆਂ ਵਿੱਚ 83 ਲੱਖ ਰੁਪਏ ਦੀ ਆਕਸੀਜਨ ਉਧਾਰ ਲੈ ਚੁੱਕਿਆ ਹੈ।

ਗੁਜਰਾਤ ਦੀ ਸਪਲਾਇਰ ਕੰਪਨੀ ਪੁਸ਼ਪਾ ਸੇਲਸ ਦਾ ਦਾਅਵਾ ਹੈ ਕਿ ਕਰੀਬ 100 ਵਾਰ ਚਿੱਠੀਆਂ ਭੇਜਣ ਤੋਂ ਬਾਅਦ ਵੀ ਪੇਮੈਂਟ ਨਹੀਂ ਹੋਈ। ਪੇਮੈਂਟ ਲੈਣ ਜਾਂਦੇ ਤਾਂ ਪ੍ਰਿੰਸੀਪਲ ਮਿਲਦੇ ਹੀ ਨਹੀਂ। ਅਜਿਹੇ ਵਿੱਚ 1 ਅਗਸਤ ਨੂੰ ਚਿਤਾਵਨੀ ਦਿੱਤੀ ਅਤੇ 3 ਤੋਂ ਸਪਲਾਈ ਰੋਕ ਦਿੱਤੀ। ਬੁੱਧਵਾਰ ਨੂੰ ਆਕਸੀਜਨ ਟੈਂਕ ਵਿੱਚ ਪ੍ਰੈਸ਼ਰ ਘਟਣ ਲੱਗਿਆ। ਇਸ ਕਾਰਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਗੰਭੀਰ ਹਾਲਤ ਵਿੱਚ 63 ਮਰੀਜ਼ਾਂ ਦੀ ਮੌਤ ਹੋ ਗਈ।

ਪੀੜਤ ਪਰਿਵਾਰਾਂ ਪ੍ਰਤੀ ਮੇਰੀ ਪੂਰੀ ਸੰਵੇਦਨਾ: ਜਯੋਤੀ

ਘਟਨਾ ‘ਤੇ ਕੇਂਦਰੀ ਮੰਤਰੀ ਸਾਧਵੀ ਨਿਰਜੰਨ ਜਯੋਤੀ ਨੇ ਕਿਹਾ ਕਿ ਜੋ ਘਟਨਾ ਵਾਪਰੀ ਹੈ, ਬਹੁਤ ਹੀ ਦੁਖਦਾਈ ਹੈ। ਪਰਿਵਾਰਾਂ ਪ੍ਰਤੀ ਮੇਰੀ ਪੂਰੀ ਸੰਵੇਦਨਾ ਹੈ। ਸਰਕਾਰ ਨੇ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਕੇਂਦਰ ਸਰਕਾਰ ਨੇ ਇਸ ‘ਤੇ ਚਰਚਾ ਕੀਤੀ ਹੈ ਕਿ ਅਜਿਹੀ ਦੁਬਾਰਾ ਘਟਨਾ ਨਾ ਵਾਪਰੇ। ਆਕਸੀਜਨ ਦੀ ਜੋ ਕਮੀ ਹੋਈ ਹੈ, ਉਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਕਾਰਵਾਈ ਹੋਣੀ ਚਾਹੀਦੀ ਹੈ।

ਭਾਵੇਂ, ਕਾਰਵਾਈ ਨਾਲ ਬੱਚੇ ਤਾਂ ਵਾਪਸ ਨਹੀਂ ਆ ਸਕਦੇ ਪਰ ਅਜਿਹੀ ਘਟਨਾ ਨਾ ਵਾਪਰੇ ਇਹ ਨਿਸ਼ਚਿਤ ਕੀਤਾ ਜਾਵੇ। ਸਰਕਾਰ ਦਾ ਜੋ ਧਰਮ ਬਣਦਾ ਹੈ ਉਹ ਸਰਕਾਰ ਕਰੇ ਪਰ ਉਸ ਦੇ ਪਿੱਛੇ ਕਾਰਨ ਕੀ ਹੈ ਉਹ ਜਾਂਚ ਵਿੱਚ ਪਤਾ ਲੱਗੇਗਾ। ਸਰਕਾਰ ਕਾਰਨ ਪਤਾ ਲਾਵੇ।

ਮਰੀਜ਼: ਸੀਓ ਦੇ ਪੈਰ ਫੜ ਕੇ ਬੋਲੀ ਮਾਂ-ਸਾਹਿਬ, ਲਾਸ਼ ਦਿਵਾ ਦਿਓ

ਮੈਡੀਕਲ ਕਾਲਜ ਵਿੱਚ ਇੱਕ ਤੋਂ ਬਾਦ ਇੱਕ ਲਗਾਤਾਰ ਹੋ ਰਹੀਆਂ ਮੌਤਾਂ ਦਰਮਿਆਨ ਹਰ ਪਾਸੇ ਬੇਵੱਸੀ ਦਾ ਆਲਮ ਸੀ। ਇੱਥੇ 9 ਦਿਨਾਂ ਦੇ ਇੱਕ ਬੱਚੇ ਦੀ ਮੌਤ ਹੋਈ। ਜਦੋਂ ਪਿਤਾ ਨੇ ਲਾਸ਼ ਮੰਗੀ ਤਾਂ ਕਿਹਾ ਗਿਆ ਕਿ ਅਧਿਕਾਰੀਆਂ ਦੇ ਜਾਣ ਤੋਂ ਬਾਅਦ ਦਿਆਂਗੇ। ਇਸੇ ਦਰਮਿਆਨ, ਬੱਚੇ ਦੀ ਮਾਂ ਨੇ ਸੀਓ ਰਚਨਾ ਮਿਸ਼ਰਾ ਦੇ ਪੈਰ ਫੜ ਕੇ ਕਿਹਾ, ‘ਸਾਹਿਬ, ਬੱਚਾ ਤਾਂ ਮਰ ਗਿਆ। ਹੁਣ ਉਸ ਦੀ ਲਾਸ਼ ਤਾਂ ਦਿਵਾ ਦਿਓ।’ ਬੱਚੇ ਦੇ ਪਿਤਾ ਨੰਦ ਲਾਲ ਨੇ ਕਿਹਾ, ‘ਆਕਸੀਜਨ ਦੀ ਕਮੀ ਨਾਲ 9 ਦਿਨਾਂ ਬਾਅਦ ਮੇਰਾ ਬੱਚਾ ਮਰ ਗਿਆ।’ ਕਰੀਬ 4 ਘੰਟੇ ਬਾਅਦ ਸੀਓ ਦੇ ਕਹਿਣ ‘ਤੇ ਉਨ੍ਹਾਂ ਨੂੰ ਲਾਸ਼ ਮਿਲੀ।

ਅਸਤੀਫ਼ਾ ਦੇਣ ਮੁੱਖ ਮੰਤਰੀ ਯੋਗੀ

ਕਾਂਗਰਸ ਨੇਤਾ ਮਹਾਬਲ ਮਿਸ਼ਰਾ ਨੇ ਮੁੱਖ ਮੰਤਰੀ ਤੋਂ ਲੈ ਕੇ ਸਿਹਤ ਮੰਤਰੀ ਤੱਕ ਦਾ ਅਸਤੀਫ਼ਾ ਮੰਗਿਆ ਹੈ। ਮਹਾਬਲ ਮਿਸ਼ਰਾ ਨੇ ਕਿਹਾ ਕਿ ਇਹ ਕੁਸ਼ਾਸਨ ਹੈ। 30 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਦੋਸ਼ੀ ਹਨ, ਉਨ੍ਹਾਂ ਖਿਲਾਫ਼ ਕਾਰਵਾਈ ਹੋਵੇ। ਯੋਗੀ  ਅਤੇ ਮੋਦੀ ਇੰਨੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਰਹਿੰਦੇ ਹਨ ਅਤੇ ਹਸਪਤਾਲਾਂ ਵਿੱਚ ਆਕਸੀਜਨ ਨਹੀਂ ਹੈ। ਨੈਤਿਕਤਾ ਦੇ ਆਧਾਰ ‘ਤੇ ਯੋਗੀ ਜੀ ਨੂੰ ਖੁਦ ਅਸਤੀਫ਼ਾ ਦੇਣਾ ਚਾਹੀਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।