ਸਹਿਣਸ਼ੀਲਤਾ ਅਤੇ ਦਿਆਲੂ ਬਿਰਤੀ ਮਨੁੱਖੀ ਕਾਮਯਾਬੀ ਦਾ ਰਾਜ਼

ਸਹਿਣਸ਼ੀਲਤਾ ਅਤੇ ਦਿਆਲੂ ਬਿਰਤੀ ਮਨੁੱਖੀ ਕਾਮਯਾਬੀ ਦਾ ਰਾਜ਼

ਸਹਿਣਸ਼ੀਲਤਾ, ਸਬਰ ਤੇ ਦਿਆਲੂ ਬਿਰਤੀ ਅਜਿਹੇ ਗੁਣ ਹਨ, ਜੋ ਮਨੁੱਖੀ ਕਾਮਯਾਬੀ ਦਾ ਇੱਕ ਵੱਡਾ ਰਾਜ਼ ਮੰਨੇ ਜਾਂਦੇ ਹਨ। ਪਰ ਅੱਜ ਦੇ ਕਮਰਸ਼ੀਅਲ ਯੁੱਗ ਵਿੱਚ ਜੇ ਵੇਖਿਆ ਜਾਵੇ ਤਾਂ ਸਹਿਣਸ਼ੀਲਤਾ ਤੇ ਸਬਰ ਮਨੁੱਖੀ ਜ਼ਿੰਦਗੀ ਵਿੱਚੋਂ ਖੰਭ ਲਾ ਕੇ ਉੱਡ ਚੁੱਕੇ ਹਨ। ਕੋਈ ਸਮਾਂ ਸੀ ਜਦੋਂ ਸਮਾਜ ਵਿੱਚ ਵਿਚਰਨ ਵਾਲੇ ਹਰ ਮਨੁੱਖ ਵਿਚ ਸਹਿਣਸ਼ੀਲਤਾ ਤੇ ਸਬਰ ਜਿਹੇ ਗੁਣ ਵੱਡੀ ਪੱਧਰ ’ਤੇ ਪਾਏ ਜਾਂਦੇ ਸਨ। ਪਰ ਅੱਜ ਸਹਿਣਸ਼ੀਲਤਾ ਤੇ ਸਬਰ ਬਹੁਤ ਹੀ ਘੱਟ ਲੋਕਾਂ ਵਿੱਚ ਵੇਖਣ ਨੂੰ ਮਿਲਦਾ ਹੈ। ਕਿਉਂਕਿ ਪੈਸੇ ਦੀ ਦੌੜ ਨੇ ਜ਼ਿਆਦਾਤਰ ਲੋਕਾਂ ਦੇ ਸੁਭਾਅ ਵਿੱਚ ਕਾਹਲੀ ਜਿਹੇ ਔਗਣ ਪੈਦਾ ਕਰ ਦਿੱਤੇ ਹਨ ।

ਹਰ ਵਿਅਕਤੀ ਚਾਹੁੰਦਾ ਹੈ, ਕਿ ਉਸ ਨੂੰ ਜ਼ਿੰਦਗੀ ਵਿੱਚ ਸਫ਼ਲਤਾ ਜਲਦੀ ਤੋਂ ਜਲਦੀ ਮਿਲ ਜਾਵੇ। ਉਹ ਥੋੜ੍ਹੇ ਸਮੇਂ ਵਿੱਚ ਆਪਣੀ ਮੰਜ਼ਿਲ ਨੂੰ ਸਰ ਕਰਨ ਦੀ ਇੱਛਾ ਰੱਖਦਾ ਹੈ। ਜਿਸ ਕਰਕੇ ਉਸ ਵਿੱਚ ਸਹਿਣਸ਼ੀਲਤਾ ਤੇ ਸਬਰ ਜਿਹੇ ਗੁਣਾਂ ਦੀ ਘਾਟ ਪੈਦਾ ਹੋ ਜਾਂਦੀ ਹੈ। ਜੋ ਉਸ ਦੇ ਮਨ ਨੂੰ ਅਸ਼ਾਂਤ ਰੱਖਦੀ ਹੈ ਤੇ ਸਮਾਜ ਵਿਚ ਸਮਾਜਿਕ ਦੂਰੀ ਨੂੰ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ। ਅੱਜ ਸਮਾਜ ਵਿੱਚ ਨਿੱਜ ਨੂੰ ਪਹਿਲ ਦਿੱਤੇ ਜਾਣ ਦਾ ਇਹ ਵੀ ਇੱਕ ਕਾਰਨ ਹੈ ਕਿ ਮਨੁੱਖੀ ਸੁਭਾਅ ਵਿੱਚੋਂ ਸਹਿਣਸ਼ੀਲਤਾ ਤੇ ਸਬਰ ਜਿਹੇ ਗੁਣ ਖ਼ਤਮ ਹੁੰਦੇ ਜਾ ਰਹੇ ਹਨ। ਜੋ ਮਨੁੱਖੀ ਜ਼ਿੰਦਗੀ ਦੇ ਵਿਚ ਅਜਿਹਾ ਖਲਾਅ ਪੈਦਾ ਕਰਦੇ ਹਨ ਕਿ ਮਨੁੱਖ, ਮਨੁੱਖ ਤੋਂ ਦੂਰ ਹੁੰਦਾ ਜਾ ਰਿਹਾ ਹੈ।

ਸਮਾਜਿਕ ਕਦਰਾਂ-ਕੀਮਤਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਸਮਾਜਿਕ ਕਦਰਾਂ-ਕੀਮਤਾਂ ਦੀ ਘਾਟ ਪੈਦਾ ਹੋਣ ਸਦਕਾ ਮਨੁੱਖੀ ਸੁਭਾਅ ਚਿੜਚਿੜਾ ਬਣਦਾ ਜਾ ਰਿਹਾ ਹੈ, ਜਾਂ ਇੰਜ ਆਖ ਲਵੋ ਕਿ ਮਨੁੱਖ ਅਸੱਭਿਅਕ ਬਣਦਾ ਜਾ ਰਿਹਾ ਹੈ। ਕੋਈ ਸਮਾਂ ਸੀ ਜਦੋਂ ਸਮਾਜਿਕ ਕਦਰਾਂ-ਕੀਮਤਾਂ ਦੀ ਬੜੀ ਵੱਡੀ ਅਹਿਮੀਅਤ ਮੰਨੀ ਜਾਂਦੀ ਸੀ। ਲੋਕ ਇੱਕ-ਦੂਜੇ ਨਾਲ ਘੁਲ-ਮਿਲ ਕੇ ਰਹਿੰਦੇ ਸਨ। ਸਮਾਜ ਵਿੱਚ ਆਪਸੀ ਮੁਹੱਬਤ ਸੀ। ਲੋਕਾਂ ਦਾ ਖਾਣ-ਪੀਣ ਤੇ ਰਹਿਣ-ਸਹਿਣ ਬੇਸ਼ੱਕ ਸਾਦਾ ਸੀ ਪ੍ਰੰਤੂ ਕਦਰਾਂ-ਕੀਮਤਾਂ ਉੱਚੀਆਂ-ਸੁੱਚੀਆਂ ਸਨ।

ਹਰ ਵਿਅਕਤੀ ਦੂਜੇ ਵਿਅਕਤੀ ਦੀ ਭਾਵਨਾ ਨੂੰ ਸਮਝਦਾ ਸੀ। ਇੱਕ-ਦੂਜੇ ਨਾਲ ਕੀਤੇ ਗਏ ਵਚਨਾਂ ਨੂੰ ਮਰਦੇ ਦਮ ਤੱਕ ਨਿਭਾਇਆ ਜਾਂਦਾ ਸੀ। ਮੂੰਹ ਵਿੱਚੋਂ ਨਿੱਕਲੇ ਬੋਲਾਂ ਨੂੰ ਪੁਗਾਇਆ ਜਾਂਦਾ ਸੀ। ਕਿਉਂਕਿ ਉਸ ਸਮੇਂ ਨੈਤਿਕ ਕਦਰਾਂ-ਕੀਮਤਾਂ ਉੱਚੀਆਂ ਹੋਣ ਸਦਕਾ ਪੈਸੇ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੀ। ਹਾਂ! ਉਸ ਸਮੇਂ ਲੋਕਾਂ ਕੋਲ ਪੈਸਾ ਵੀ ਬਹੁਤ ਘੱਟ ਹੋਇਆ ਕਰਦਾ ਸੀ। ਪਰ ਜਿਉਂ-ਜਿਉਂ ਪੈਸੇ ਦੀ ਦੌੜ ਵਧਦੀ ਗਈ ਤਾਂ ਨੈਤਿਕ-ਕਦਰਾਂ ਕੀਮਤਾਂ ਘਟਦੀਆਂ ਗਈਆਂ ਅਤੇ ਇਹ ਯੁੱਗ ਕਮਰਸ਼ੀਅਲ ਹੁੰਦਾ ਚਲਾ ਗਿਆ। ਯੁੱਗ ਦੇ ਕਮਰਸ਼ੀਅਲ ਹੋਣ ਦਾ ਸਿੱਟਾ ਇਹ ਨਿੱਕਲਿਆ ਕਿ ਮਨੁੱਖ, ਮਨੁੱਖ ਦਾ ਵੈਰੀ ਬਣ ਗਿਆ।

ਬਹੁਤ ਸਾਰੇ ਲੋਕ ਸਹਿਣਸ਼ੀਲਤਾ ਤੇ ਸਬਰ ਨੂੰ ਮਨੁੱਖ ਦੀ ਕਮਜ਼ੋਰੀ ਸਮਝਦੇ ਹਨ। ਜਦਕਿ ਇਹ ਕਮਜ਼ੋਰੀ ਨਹੀਂ, ਸਗੋਂ ਇੱਕ ਅਜਿਹਾ ਮਜ਼ਬੂਤ ਗੁਣ ਹੈ ਜੋ ਮਨੁੱਖ ਨੂੰ ਮਨੁੱਖ ਦੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਹਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਸਹਿਣਸ਼ੀਲ ਤੇ ਸਬਰ ਰੱਖਣ ਵਾਲੇ ਮਨੁੱਖ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਕੁਝ ਸਮਾਂ ਜ਼ਰੂਰ ਲੱਗਦਾ ਹੈ। ਰਾਹ ਵਿੱਚ ਔਕੜਾਂ ਵੀ ਆਉਂਦੀਆਂ ਹਨ ਪਰ ਉਹ ਆਪਣੀ ਮੰਜ਼ਿਲ ਤੱਕ ਪਹੁੰਚਦਾ ਜ਼ਰੂਰ ਹੈ।

ਜਿਸ ਮਨੁੱਖ ਵਿੱਚ ਸਹਿਣਸ਼ੀਲਤਾ ਦੀ ਕਮੀ ਹੁੰਦੀ ਹੈ। ਉਹ ਜਲਦੀ ਵਿਚ ਘਬਰਾ ਜਾਂਦਾ ਹੈ ਤੇ ਗੁੱਸੇ ਵਿਚ ਵੀ ਆ ਜਾਂਦਾ ਹੈ। ਜਿਸ ਕਰਕੇ ਉਹ ਤਣਾਅਗ੍ਰਸਤ ਹੋਣ ਕਾਰਨ ਕਈ ਫਾਲਤੂ ਦੀਆਂ ਬਿਮਾਰੀਆਂ ਖ਼ੁਦ ਸਹੇੜ ਲੈਂਦਾ ਹੈ। ਇਸ ਲਈ ਵਿਅਕਤੀ ਨੂੰ ਸ਼ਹਿਣਸ਼ੀਲਤਾ ਤੇ ਸਬਰ ਜਿਹੇ ਗੁਣ ਆਪਣੇ ਵਿੱਚ ਪੈਦਾ ਕਰਕੇ ਜ਼ਿੰਦਗੀ ਦੇ ਸਫ਼ਰ ਵਿੱਚ ਅੱਗੇ ਵਧਣਾ ਚਾਹੀਦਾ ਹੈ।

ਦੂਜੀ ਬਿਰਤੀ, ਜੋ ਮਨੁੱਖ ਨੂੰ ਕਾਮਯਾਬੀ ਵੱਲ ਲੈ ਕੇ ਜਾਣ ਵਿੱਚ ਸਹਾਈ ਹੁੰਦੀ ਹੈ ਉਹ ਹੈ ਉਸ ਦੇ ਸੁਭਾਅ ਚ ਦਿਆਲੂਪਣ ਦਾ ਹੋਣਾ। ਜੋ ਮਨੁੱਖ ਦਿਆਲੂ ਬਿਰਤੀ ਵਾਲਾ ਹੁੰਦਾ ਹੈ ਉਹ ਮਨੁੱਖ ਮਨੋ, ਸਿਹਤ, ਸਮਾਜਿਕ ਤੇ ਸੱਭਿਆਚਾਰਕ ਪੱਖੋਂ ਖੁਸ਼ਹਾਲੀ ਭਰਿਆ ਜੀਵਨ ਜਿਊਣਾ ਸਿੱਖ ਲੈਂਦਾ ਹੈ। ਜਿਸ ਮਨੁੱਖ ਵਿੱਚ ਵੀ ਸਹਿਣਸ਼ੀਲਤਾ, ਸਬਰ ਤੇ ਦਿਆਲਤਾ ਜਿਹੇ ਗੁਣ ਪੈਦਾ ਹੋ ਗਏ, ਸਮਝੋ! ਉਹ ਜ਼ਿੰਦਗੀ ਜਿਊਣਾ ਸਿੱਖ ਗਿਆ। ਜਾਂ ਇੰਝ ਆਖ ਲਵੋ ਕਿ ਉਸ ਨੂੰ ਜ਼ਿੰਦਗੀ ਜਿਉਣ ਦਾ ਵੱਲ ਆ ਗਿਆ। ਸੋ ਸਾਨੂੰ ਕਾਹਲੀ ਵਾਲੀ ਅਤੇ ਬੇ-ਸਬਰਿਆਂ ਵਾਲੀ ਜ਼ਿੰਦਗੀ ਜਿਊਣ ਦੀ ਥਾਂ ਸਹਿਣਸ਼ੀਲਤਾ ਤੇ ਸਬਰ ਵਾਲੀ ਜ਼ਿੰਦਗੀ ਜਿਊਣੀ ਚਾਹੀਦੀ ਹੈ ਅਤੇ ਸਮਾਜ ਦੇ ਲੋਕਾਂ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਆਪਣੇ ਵਿੱਚ ਪੈਦਾ ਕਰਨ ਦੀ ਜ਼ਰੂਰਤ ਹੈ। ਤਾਂ ਹੀ ਅਸੀਂ ਇੱਕ ਸਫ਼ਲ ਤੇ ਸੱਭਿਅਕ ਮਨੁੱਖ ਕਹਾ ਸਕਦੇ ਹਾਂ।
ਨੰਦ ਸਿੰਘ ਐਵਨਿਊ, ਖੰਨਾ, ਲੁਧਿਆਣਾ
ਮੋ. 84376-60510
ਲੈਕਚਰਾਰ ਅਜੀਤ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.