ਪਟਿਆਲਾ, ਚੀਕਾ, ਸਮਾਣਾ ਏਰੀਆ ‘ਚ ਲੁੱਟ-ਖੋਹ ਦੀਆਂ 16 ਵਾਰਦਾਤਾਂ ਟਰੇਸ
ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਪਟਿਆਲਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵੱਲੋਂ ਹੁਣ ਤੱਕ 16 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸਪੀ. ਡੀ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਲੁਟੇਰਿਆਂ ਵਿਚ ਰਾਮਪਾਲ ਉਰਫ ਘੋਕਾ ਵਾਸੀ ਪਸਿਆਣਾ, ਸੰਦੀਪ ਉਰਫ ਕਾਂਟੀ, ਜਸਵਿੰਦਰ ਸਿੰਘ ਉਰਫ ਛੋਟਾ ਤਿੰਨੇ ਵਾਸੀ ਪਸਿਆਣਾ, ਸੁਖਰਾਜ ਸਿੰਘ ਉਰਫ ਰਾਜ ਵਾਸੀ ਪਿੰਡ ਧਬਲਾਨ, ਸੰਦੀਪ ਸਿੰਘ ਉਰਫ ਦੀਪ ਵਾਸੀ ਪਿੰਡ ਕਕਰਾਲਾ ਅਤੇ ਕਿਸਮਤ ਅਲੀ ਉਰਫ ਬੱਬਲੂ ਵਾਸੀ ਡਿਫੈਂਸ ਕਲੋਨੀ ਨੇੜੇ ਸ਼ਿਵ ਮੰਦਿਰ ਜ਼ਿਲ੍ਹਾ ਪਟਿਆਲਾ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਹ ਗਿਰੋਹ ਸਾਲ 2018 ਤੋਂ ਪਟਿਆਲਾ ਤੇ ਹਰਿਆਣਾ ਵਿਚ ਲੁੱਟ-ਖੋਹ ਦੀਆਂ ਵਾਰਦਾਤ ਕਰਦਾ ਆ ਰਿਹਾ ਹੈ ਇਸ ਗਿਰੋਹ ਦਾ ਮੁੱਖ ਸਰਗਣਾ ਰਾਮਪਾਲ ਉਰਫ ਘੋਕਾ ਹੈ, ਜਿਸਨੇ ਆਪਣੇ ਪਿੰਡ ਪਸਿਆਣਾ ਦੇ ਕਈ ਵਿਅਕਤੀਆਂ ਨਾਲ ਰੱਲਕੇ ਵੱਖ-ਵੱਖ ਗਰੁੱਪਾਂ ਵਿੱਚ 16 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।ਇਸ ਗਿਰੋਹ ਨੇ ਪਹਿਲਾਂ ਕੀਤੀ ਹੋਈ ਰੈਕੀ ਮੁਤਾਬਿਕ ਜਿਲ੍ਹਾ ਪਟਿਆਲਾ ਵਿੱਚੋਂ ਲੁੱਟ ਖੋਹ ਅਤੇ ਸਨੈਚਿਗ ਦੀਆਂ 10 ਦੇ ਕਰੀਬ ਵਾਰਦਾਤਾਂ ਪੋਲੋ ਗਰਾਉੂਂਡ ਰੋਡ, ਲੀਲਾ ਭਵਨ ਰੋਡ ਅਤੇ ਕੋਰਜੀਵਾਲਾ ਰੋਡ ਆਦਿ ਤੋਂ ਖੋਹ ਕੀਤੀਆਂ ਹਨ, ਜੋ ਵੀ ਇਹਨਾਂ ਦੇ ਫੜਨ ਨਾਲ ਟਰੇਸ ਹੋਈਆਂ ਹਨ।
ਇਸ ਤੋਂ ਬਿਨਾਂ ਇਸ ਗਿਰੋਹ ਦੇ ਮੈਂਬਰਾਂ ਅਤੇ ਇਹਨਾਂ ਦੇ ਨਾਲ ਦੇ ਹੋਰ ਮੈਂਬਰਾਂ ਨੇ ਕੁਝ ਚੋਰੀ ਦੀਆਂ ਵਾਰਦਾਤ, ਜਿਹਨਾਂ ਵਿਚ ਕਿ ਗਰੀਨ ਪਾਰਕ ਕਲੋਨੀ ਪਸਿਆਣਾ ਤੋ, ਏ.ਟੀ.ਐਮ ਦੀਆਂ ਬੈਟਰੀਆਂ ਪਸਿਆਣਾ ਤੋਂ, ਅਤੇ ਪਸਿਆਣਾ ਤੋਂ ਹੀ ਇਕ ਘਰ ਵਿਚੋਂ ਰਾਤ ਸਮੇਂ ਗਹਿਣੇ ਤੇ ਹੋਰ ਸਮਾਨ ਦੀ ਚੋਰੀ, ਹਾਜੀਮਾਜਰਾ ਤੋਂ ਕੰਡਮ ਗੱਡੀਆਂ ਦੇ ਗੋਦਾਮ ਤੋਂ ਰਿੰਮਾਂ ਦੀ ਚੋਰੀ, ਖੁਸਰੋਪੁਰ ਫੈਕਟਰੀ ਵਿਚੋਂ ਚੋਰੀ ਅਤੇ ਸ਼ੇਰਮਾਜਰਾ ਮੋਬਾਇਲ ਦੇ ਟਾਵਰ ਤੋ ਚੋਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਸਾਰੇ ਮੈਂਬਰ ਇਕੋ ਗਿਰੋਹ ਦੇ ਮੈਂਬਰ ਹਨ। ਜਿਨ੍ਹਾਂ ਨੂੰ ਸਬੰਧਿਤ ਅਦਾਲਤਾਂ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਵੱਲੋਂ ਲੁੱਟ-ਖੋਹਾਂ ਦੌਰਾਨ ਲੁੱਟੇ ਗਏ ਕੈਸ/ਸਮਾਨ ਅਤੇ ਸੋਨਾ ਦੀ ਬਰਾਮਦਗੀ ਵੀ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੇ ਕੁਝ ਸਾਥੀਆਂ, ਜੋ ਇਹਨਾਂ ਨਾਲ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ, ਦੀ ਗ੍ਰਿਫਤਾਰੀ ਬਾਕੀ ਹੈ, ਜਿਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।